ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ’ਚ ਮਹਾਸ਼ਿਵਰਾਤਰੀ ਦੀ ਰੌਣਕ, ਮੰਦਰਾਂ ’ਚ ਭਗਤੀਮਈ ਮਾਹੌਲ
ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਵਿਚ ਮਹਾਸ਼ਿਵਰਾਤਰੀ ਦੀ ਰੌਣਕ, ਮੰਦਰਾਂ ’ਚ ਭਗਤੀਮਈ ਮਾਹੌਲ
Publish Date: Sun, 15 Feb 2026 06:16 PM (IST)
Updated Date: Sun, 15 Feb 2026 06:18 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਮਹਾਸ਼ਿਵਰਾਤਰੀ ਦੇ ਮੌਕੇ ’ਤੇ ਮਹਾਦੇਵਪੁਰ ਸਥਿਤ ਸਕੇਤੜੀ ਦੇ ਪ੍ਰਾਚੀਨ ਸ਼ਿਵ ਮੰਦਰ ’ਚ ਭਗਤੀ ਅਤੇ ਵਿਸ਼ਵਾਸ ਦਾ ਅਨੋਖਾ ਦਰਿਆ ਵਹਿੰਦਾ ਨਜ਼ਰ ਆਇਆ। ਸਵੇਰੇ ਤੜਕੇ ਤੋਂ ਹੀ ਮੰਦਰ ਦੇ ਬਾਹਰ ਲੰਬੀਆਂ ਲਾਈਨਾਂ ਬਣ ਗਈਆਂ। ਦੁਪਹਿਰ ਇਕ ਵਜੇ ਤੱਕ ਲਗਭਗ 60 ਹਜ਼ਾਰ ਤੋਂ ਵੱਧ ਸ਼ਰਧਾਲੂ ਭੋਲੇਨਾਥ ਦਾ ਜਲਾਭਿਸ਼ੇਕ ਕਰ ਚੁੱਕੇ ਸਨ ਅਤੇ ਆਪਣੀਆਂ ਮਨੋਕਾਮਨਾਵਾਂ ਲਈ ਅਰਦਾਸ ਕਰਦੇ ਰਹੇ। ਅਨੁਮਾਨ ਹੈ ਕਿ ਸ਼ਾਮ ਤੱਕ ਕਰੀਬ ਡੇਢ ਲੱਖ ਭਗਤ ਇੱਥੇ ਮੱਥਾ ਟੇਕਣ ਪਹੁੰਚੇ। ਭਗਤਾਂ ਦੇ ਹੱਥਾਂ ਵਿਚ ਗੰਗਾਜਲ, ਬੇਲਪੱਤਰ, ਦੁੱਧ ਅਤੇ ਫ਼ਲ- ਫੁੱਲ ਸਨ, ਜਦਕਿ ਬੁੱਲਾਂ ’ਤੇ “ਹਰ-ਹਰ ਮਹਾਦੇਵ” ਅਤੇ “ਬਮ-ਬਮ ਭੋਲੇ” ਦੇ ਜੈਕਾਰਿਆਂ ਦੀ ਗੂੰਜ ਸੀ। ਮਹਾਸ਼ਿਵਰਾਤਰੀ ਦੇ ਇਸ ਪਾਵਨ ਦਿਨ ਟਰਾਈਸਿਟੀ (ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ) ਦੇ ਲਗਭਗ ਸਾਰੇ ਸ਼ਿਵਾਲਿਆਂ ਵਿਚ ਭਾਰੀ ਰੌਣਕ ਰਹੀ। ਹਰ ਪਾਸੇ ਭਗਤੀਮਈ ਮਾਹੌਲ ਬਣਿਆ ਹੋਇਆ ਸੀ। ਸਕੇਤੜੀ ਦੇ ਸ਼ਿਵ ਮੰਦਰ ਵਿਚ ਭੀੜ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਵਿਸ਼ੇਸ਼ ਇੰਤਜ਼ਾਮ ਕੀਤੇ। 500 ਤੋਂ ਵੱਧ ਪੁਲਿਸ ਕਰਮਚਾਰੀ ਤੈਨਾਤ ਰਹੇ ਅਤੇ ਹੋਰ ਟੀਮਾਂ ਨੇ ਵੀ ਡਿਊਟੀ ਸੰਭਾਲੀ। ਸ਼ਰਧਾਲੂਆਂ ਦੀ ਸਹੂਲਤ ਲਈ ਲਾਈਨਾਂ ਦਾ ਪ੍ਰਬੰਧ, ਪਾਰਕਿੰਗ ਅਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਯਕੀਨੀ ਬਣਾਈ ਗਈ। ਸੇਵਾਦਾਰ ਵੀ ਸਹਾਇਤਾ ਲਈ ਤਤਪਰ ਨਜ਼ਰ ਆਏ। ਐਤਵਾਰ ਨੂੰ ਮਹਾਸ਼ਿਵਰਾਤਰੀ ਹੋਣ ਕਰਕੇ ਸ਼ਨਿਚਰਵਾਰ ਰਾਤ ਤੋਂ ਹੀ ਮੰਦਰ ਵਿਚ ਰੌਣਕ ਲੱਗ ਗਈ ਸੀ। ਭਗਤਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਰਾਤ 11 ਵਜੇ ਹੀ ਦਰਸ਼ਨ ਲਈ ਕਪਾਟ ਖੋਲ੍ਹ ਦਿੱਤੇ ਗਏ। ਪਾਂਡਵਕਾਲ ਨਾਲ ਜੁੜੀ ਆਸਥਾ ਵਾਲੇ ਇਸ ਧਾਮ ਵਿਚ ਪੂਰੀ ਰਾਤ “ਓਮ ਨਮਹ ਸ਼ਿਵਾਯ” ਦਾ ਜਾਪ ਅਤੇ ਘੰਟਿਆਂ ਦੀ ਧੁਨ ਗੂੰਜਦੀ ਰਹੀ। ਸਵੇਰ ਚੜ੍ਹਦੇ ਹੀ ਜਲਾਭਿਸ਼ੇਕ ਲਈ ਲਾਈਨਾਂ ਕਈ ਮੀਟਰ ਤੱਕ ਲੰਬੀਆਂ ਹੋ ਗਈਆਂ। ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਚੰਡੀਗੜ੍ਹ ਦੇ ਹੋਰ ਮੰਦਰਾਂ ਵਿਚ ਵੀ ਮਹਾਸ਼ਿਵਰਾਤਰੀ ਦੀ ਰੌਣਕ ਰਹੀ। ਸੈਕਟਰ-14 ਪੰਜਾਬ ਯੂਨੀਵਰਸਿਟੀ ਨੇੜੇ ਮੰਦਰ, ਧਨਾਸ ਦਾ ਸ਼ਿਵ ਮੰਦਰ, ਸੈਕਟਰ-24 ਅਤੇ ਸੈਕਟਰ-23 ਦੇ ਸ਼ਿਵਾਲਿਆਂ ਵਿਚ ਭਾਰੀ ਭੀੜ ਇਕੱਠੀ ਹੋਈ। ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਜਲਾਭਿਸ਼ੇਕ ਕਰਕੇ ਸੁਖ-ਸਮ੍ਰਿੱਧੀ ਦੀ ਅਰਦਾਸ ਕੀਤੀ।