ਏਮਜ਼ ਮੁਹਾਲੀ ’ਚ ਹੁਣ ਫੇਫੜਿਆਂ ਦੇ ਕੈਂਸਰ ਤੇ ਟੀਬੀ ਦੀ ਪਛਾਣ ਹੋਵੇਗੀ ਆਸਾਨ ਏਮਜ਼ ਮੁਹਾਲੀ ਵਿਚ ਹੁਣ ਫੇਫੜਿਆਂ ਦੇ ਕੈਂਸਰ ਤੇ ਟੀਬੀ ਦੀ ਪਛਾਣ ਹੋਵੇਗੀ ਆਸਾਨ,
Publish Date: Mon, 20 Jul 2026 07:10 PM (IST)
Updated Date: Tue, 21 Jul 2026 04:05 AM (IST)
ਈਬੀਯੂਐੱਸ ਤੇ ਥੋਰਾਕੋਸਕੋਪੀ ਸਿਸਟਮ ਨਾਲ ਹੋਵੇਗੀ ਜਾਂਚ ਮਰੀਜ਼ ਦੀ ਫੋਟੋ ਕਲਿੱਕ ਕਰਨ ’ਤੇ 15 ਤੋਂ 20 ਮਿੰਟ ’ਚ ਪਤਾ ਲੱਗ ਜਾਵੇਗਾ ਕੈਂਸਰ ਤੇ ਟੀਬੀ ਦੇ ਲੱਛਣ ਬਾਰੇ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਡਾ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼ ਹਸਪਤਾਲ) ਫੇਜ਼-6 ਵਿਚ ਹੁਣ ਫੇਫੜਿਆਂ ਦੇ ਕੈਂਸਰ ਅਤੇ ਟੀਬੀ ਦੇ ਲੱਛਣਾਂ ਦੀ ਆਸਾਨੀ ਨਾਲ ਪਛਾਣ ਹੋਵੇਗੀ। ਇੱਥੇ ਇਹ ਜਾਂਚ ਪ੍ਰਕਿਰਿਆ ਈਬੀਯੂਐੱਸ ਅਤੇ ਥੋਰਾਕੋਸਕੋਪੀ ਸਿਸਟਮ ਨਾਲ ਹੋਵੇਗੀ ਅਤੇ ਮਰੀਜ਼ ਦੀ ਫੋਟੋ ਕਲਿੱਕ ਕਰਨ ਮਗਰੋਂ ਮਹਿਜ਼ 15 ਤੋਂ 20 ਮਿੰਟ ’ਚ ਕੈਂਸਰ ਤੇ ਟੀਬੀ ਦੇ ਲੱਛਣਾਂ ਬਾਰੇ ਪਤਾ ਲੱਗ ਜਾਵੇਗਾ। ਮੁਹਾਲੀ ਪੰਜਾਬ ਦਾ ਪਹਿਲਾ ਸ਼ਹਿਰ ਹੋਵੇਗਾ, ਜਿੱਥੇ ਇਨ੍ਹਾਂ ਘਾਤਕ ਬਿਮਾਰੀਆਂ ਬਾਰੇ ਪਹਿਲੇ ਸਟੇਜ ’ਤੇ ਹੀ ਪਤਾ ਚੱਲ ਸਕੇਗਾ। ਇਸ ਵਿਧੀ ਲਈ ਮੈਡੀਕਲ ਸਟਾਫ਼ ਵੀ ਵੱਖਰਾ ਹੋਵੇਗਾ। ਹੁਣ ਸਿਰਫ਼ ਪੀਜੀਆਈ ਵਿਚ ਹੀ ਇਹ ਸੁਵਿਧਾ ਹੈ। ਇਸ ਤਰ੍ਹਾਂ ਫੇਫੜਿਆਂ ਦੇ ਕੈਂਸਰ ਅਤੇ ਟੀਬੀ ਵਰਗੀਆਂ ਗੰਭੀਰ ਬਿਮਾਰੀਆਂ ਦੀ ਪੁਸ਼ਟੀ ਲਈ ਹੁਣ ਮਰੀਜ਼ਾਂ ਨੂੰ ਦੂਜੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿਚ ਨਹੀਂ ਜਾਣਾ ਪਵੇਗਾ। ਏਮਜ਼ ਮੁਹਾਲੀ ਵਿਚ ਜਲਦੀ ਹੀ ਆਧੁਨਿਕ ਥੋਰਾਕੋਸਕੋਪਿਕ ਵਿਡ ਈਬੀਯੂਐੱਸ (ਐਂਡੋਬ੍ਰੌਂਕੀਅਲ ਅਲਟਰਾਸਾਊਂਡ) ਸਿਸਟਮ ਦੀ ਸਹੂਲਤ ਉਪਲਬਧ ਹੋਣ ਜਾ ਰਹੀ ਹੈ। ਪ੍ਰਿੰਸੀਪਲ ਡਇਰੈਕਟਰ ਨਵਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਤਕਨੀਕ ਦੀ ਮਦਦ ਨਾਲ ਡਾਕਟਰ ਨਾ ਸਿਰਫ਼ ਫੇਫੜਿਆਂ ਦੀਆਂ ਗੰਭੀਰ ਬਿਮਾਰੀਆਂ ਦੀ ਸ਼ੁਰੂਆਤੀ ਪੜਾਅ ਵਿਚ ਪਛਾਣ ਕਰ ਸਕਣਗੇ, ਸਗੋਂ ਬਾਇਓਪਸੀ ਰਾਹੀਂ ਕੈਂਸਰ ਅਤੇ ਟੀਬੀ ਵਰਗੀਆਂ ਬਿਮਾਰੀਆਂ ਦੀ ਪੁਸ਼ਟੀ ਵੀ ਕੀਤੀ ਜਾ ਸਕੇਗੀ। ਇਸ ਆਧੁਨਿਕ ਉਪਕਰਨ ਦੀ ਖ਼ਰੀਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ ਮੁਹਾਲੀ ਵਿਚ ਇਸ ਪੱਧਰ ਦੀ ਜਾਂਚ ਸਹੂਲਤ ਉਪਲਬਧ ਹੋਵੇਗੀ। ਥੋਰਾਕੋਸਕੋਪੀ ਤਕਨੀਕ ਰਾਹੀਂ ਫੇਫੜਿਆਂ ਦੀ ਬਾਹਰੀ ਸਤ੍ਹਾ ਅਤੇ ਛਾਤੀ ਦੀ ਝਿੱਲੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇਗੀ। ਇਹ ਸਹੂਲਤ ਉਨ੍ਹਾਂ ਮਰੀਜ਼ਾਂ ਲਈ ਵਿਸ਼ੇਸ਼ ਤੌਰ ’ਤੇ ਲਾਭਦਾਇਕ ਹੋਵੇਗੀ, ਜਿਨ੍ਹਾਂ ਦੇ ਫੇਫੜਿਆਂ ਵਿਚ ਸੰਕਰਮਣ, ਪਾਣੀ ਭਰਨ, ਗੰਢ ਜਾਂ ਕੈਂਸਰ ਦਾ ਸ਼ੱਕ ਹੁੰਦਾ ਹੈ। ਇਸ ਮਸ਼ੀਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਦੀ ਮਦਦ ਨਾਲ ਕੈਂਸਰ, ਟੀਬੀ, ਫੇਫੜਿਆਂ ਵਿਚ ਗੰਢ, ਲਿੰਫ ਨੋਡਜ਼ ਦੀ ਸੋਜ ਅਤੇ ਫੇਫੜਿਆਂ ਦੇ ਆਲੇ-ਦੁਆਲੇ ਪਾਣੀ ਭਰਨ ਵਰਗੀਆਂ ਜਟਿਲ ਸਥਿਤੀਆਂ ਦੀ ਸ਼ੁਰੂਆਤੀ ਅਤੇ ਸਹੀ ਪਛਾਣ ਕੀਤੀ ਜਾ ਸਕੇਗੀ। ਈਬੀਯੂਐੱਸ ਤਕਨੀਕ ਨਾਲ ਛਾਤੀ ਦੇ ਅੰਦਰਲੇ ਹਿੱਸਿਆਂ ਅਤੇ ਲਿੰਫ ਨੋਡਜ਼ ਦੀਆਂ ਸਪੱਸ਼ਟ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ, ਜਿਸ ਨਾਲ ਬਿਨਾਂ ਕਿਸੇ ਵੱਡੇ ਚੀਰੇ ਜਾਂ ਸਰਜਰੀ ਦੇ ਬਾਇਓਪਸੀ ਲਈ ਸੈਂਪਲ ਲਏ ਜਾ ਸਕਣਗੇ। ਬਾਕਸ : ਏਮਜ਼ ਮੁਹਾਲੀ ਦੇ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਓਰਲ ਕੈਂਸਰ ਅਤੇ ਨਵੀਂ ਤਕਨੀਕ ਮੁਹਾਲੀ ਵਿਚ ਸ਼ੁਰੂ ਕਰਨ ਬਾਰੇ ਪ੍ਰਸਤਾਵ ਇੰਡੀਅਨ ਕੌਂਸਲ ਆਫ਼ ਮੈਕੀਕਲ ਰਿਸਰਚ ਅਤੇ ਸਰਕਾਰ ਨੂੰ ਭੇਜਿਆ ਗਿਆ ਹੈ। ਪ੍ਰਵਾਨਗੀ ਮਿਲਣ ਤੋਂ ਬਾਅਦ ਮੁਹਾਲੀ ਵਿਚ ਕੈਂਸਰ ਅਤੇ ਟੀਬੀ ਦੀ ਪਛਾਣ ਅਸਾਨੀ ਨਾਲ ਕੀਤੀ ਜਾਵੇਗੀ। ਇਸ ਸਬੰਧੀ ਏਆਈ ਫੋਟੋ ਦੀ ਮਦਦ ਲਈ ਜਾਵੇਗੀ। ਡਾਕਟਰ ਮੁਤਾਬਕ ਸਬੰਧਤ ਮਰੀਜ਼ ਦੀ ਏਆਈ ਫੋਟੋ ਖਿੱਚਣ ਨਾਲ ਮੂੰਹ, ਗਲੇ ਅਤੇ ਛਾਤੀ ਦੇ ਕੈਂਸਰ ਅਤੇ ਟੀਬੀ ਦੇ ਲੱਛਣਾਂ ਬਾਰੇ ਮਿੰਟਾਂ ਵਿਚ ਪਤਾ ਲੱਗ ਜਾਵੇਗਾ। ਜਦੋਂਕਿ ਪਹਿਲਾਂ ਜਾਂਚ ਪ੍ਰਕਿਰਿਆ ਲੰਬੀ ਸੀ। ਬਾਕਸ : ਏਮਜ਼ ਮੁਹਾਲੀ ਦੇ ਰੈਸਪੀਰੇਟਰੀ ਮੈਡੀਸਨ ਵਿਭਾਗ ਲਈ ਥੋਰਾਕੋਸਕੋਪਿਕ ਵਿਡ ਈਬੀਯੂਐੱਸ ਸਿਸਟਮ ਦੀ ਖ਼ਰੀਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਡਾਕਟਰਾਂ ਅਨੁਸਾਰ ਆਧੁਨਿਕ ਸਹੂਲਤ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਸਹੀ ਅਤੇ ਵਿਗਿਆਨਕ ਜਾਂਚ ਦੇ ਨਾਲ ਬਿਮਾਰੀ ਦਾ ਇਲਾਜ ਵੀ ਸਮੇਂ ਸਿਰ ਸ਼ੁਰੂ ਕਰਨ ਵਿਚ ਮਦਦ ਮਿਲੇਗੀ। ਇਸ ਮਸ਼ੀਨ ਦੇ ਆਉਣ ਨਾਲ ਮੁਹਾਲੀ ਅਤੇ ਨਾਲ ਲੱਗਦੇ ਇਲਾਕਿਆਂ ਦੇ ਮਰੀਜ਼ਾਂ ਨੂੰ ਪੀਜੀਆਈ ਜਾਂ ਦੂਜੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਬਾਕਸ : ਈਬੀਯੂਐੱਸ ਅਤੇ ਥੋਰਾਕੋਸਕੋਪੀ ਕੀ ਹਨ? ਇਹ ਇਕ ਘੱਟ-ਚੀਰਫਾੜ ਵਾਲੀ ਵਿਧੀ ਹੈ, ਜਿਸ ਵਿਚ ਸਾਹ ਨਾਲੀ ਦੇ ਅੰਦਰ ਅਲਟਰਾਸਾਊਂਡ ਪ੍ਰੋਬ ਭੇਜ ਕੇ ਫੇਫੜਿਆਂ ਦੇ ਵਿਚਕਾਰਲੇ ਹਿੱਸੇ ਅਤੇ ਲਿੰਫ ਨੋਡਜ਼ ਦਾ ਮੁਆਇਨਾ ਕੀਤਾ ਜਾਂਦਾ ਹੈ। ਸ਼ੁਰੂਆਤੀ ਸਟੇਜ ਵਿਚ ਹੀ ਟਿਊਮਰ ਦੀ ਸਟੀਕ ਜਾਣਕਾਰੀ। ਛਾਤੀ ਦੀ ਝਿੱਲੀ ਵਿਚ ਪਾਣੀ ਜਾਂ ਇਨਫੈਕਸ਼ਨ ਦਾ ਕਾਰਨ ਪਤਾ ਆਸਾਨੀ ਨਾਲ ਪਤਾ ਲੱਗੇਗਾ।