ਬਿਜਲੀ ਦੇ ਲੰਮੇ ਕੱਟਾਂ ਨੇ ਛੁਡਵਾਏ ਪਸੀਨੇ, ਪਰੇਸ਼ਾਨ ਲੋਕਾਂ ਦਾ ਫੁੱਟਿਆ ਗੁੱਸਾ; ਪਾਵਰਕਾਮ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ
ਡੇਰਾਬੱਸੀ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਲੱਗ ਰਹੇ ਭਾਰੀ ਬਿਜਲੀ ਕੱਟਾਂ ਕਾਰਨ ਸਥਾਨਕ ਨਿਵਾਸੀਆਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਸਮੇਤ ਮੁਬਾਰਕਪੁਰ, ਗੋਲਡਨ ਪਾਮ, ਬੇਲਾ ਹੋਮ, ਸਾਈਂ ਇਨਕਲੇਵ, ਵੀਆਈਪੀ ਇਨਕਲੇਵ ਅਤੇ ਪ੍ਰੀਮੀਅਮ ਇਨਕਲੇਵ ਵਿਚ ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ ਰਾਤ 9-10 ਵਜੇ ਤੋਂ ਲੈ ਕੇ ਅਗਲੀ ਸਵੇਰ 8 ਵਜੇ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਰਹਿੰਦੀ ਹੈ।
Publish Date: Mon, 20 Jul 2026 12:24 PM (IST)
Updated Date: Mon, 20 Jul 2026 12:27 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਡੇਰਾਬੱਸੀ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਪਿਛਲੇ 3 ਦਿਨਾਂ ਤੋਂ ਲਗਾਤਾਰ ਲੱਗ ਰਹੇ ਭਾਰੀ ਬਿਜਲੀ ਕੱਟਾਂ ਕਾਰਨ ਸਥਾਨਕ ਨਿਵਾਸੀਆਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਸਮੇਤ ਮੁਬਾਰਕਪੁਰ, ਗੋਲਡਨ ਪਾਮ, ਬੇਲਾ ਹੋਮ, ਸਾਈਂ ਇਨਕਲੇਵ, ਵੀਆਈਪੀ ਇਨਕਲੇਵ ਅਤੇ ਪ੍ਰੀਮੀਅਮ ਇਨਕਲੇਵ ਵਿਚ ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ ਰਾਤ 9-10 ਵਜੇ ਤੋਂ ਲੈ ਕੇ ਅਗਲੀ ਸਵੇਰ 8 ਵਜੇ ਤੱਕ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਰਹਿੰਦੀ ਹੈ।
ਭਿਆਨਕ ਗਰਮੀ ਅਤੇ ਬਿਜਲੀ ਦੀ ਨਾਕਸ ਸਪਲਾਈ ਤੋਂ ਤੰਗ ਆ ਕੇ ਬੀਤੀ ਰਾਤ ਵੱਡੀ ਗਿਣਤੀ ਲੋਕਾਂ ਨੇ ਇਕੱਠੇ ਹੋ ਕੇ ਮੁਬਾਰਕਪੁਰ ਬਿਜਲੀ ਗਰਿੱਡ ਦਾ ਘਿਰਾਓ ਕੀਤਾ ਪਰ ਉੱਥੇ ਪਹੁੰਚ ਕੇ ਲੋਕਾਂ ਨੂੰ ਉਸ ਸਮੇਂ ਵੱਡੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਬਿਜਲੀ ਦਫ਼ਤਰ ਪੂਰੀ ਤਰ੍ਹਾਂ ਬੰਦ ਮਿਲਿਆ ਅਤੇ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਮੌਕੇ 'ਤੇ ਮੌਜੂਦ ਨਹੀਂ ਸੀ। ਦਫ਼ਤਰ ਬੰਦ ਦੇਖ ਕੇ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਬਿਜਲੀ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਤ ਭਰ ਬਿਜਲੀ ਗੁੱਲ ਰਹਿਣ ਕਾਰਨ ਨਾ ਤਾਂ ਬੱਚੇ ਸੌਂ ਪਾ ਰਹੇ ਹਨ ਅਤੇ ਨਾ ਹੀ ਬਜ਼ੁਰਗ। ਸਵੇਰੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸਰਕਾਰ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅਧਿਕਾਰੀ ਲੋਕਾਂ ਦੀ ਫ਼ਰਿਆਦ ਸੁਣਨ ਲਈ ਵੀ ਤਿਆਰ ਨਹੀਂ ਹਨ।
ਨਿਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਗਲੇ 24 ਘੰਟਿਆਂ ਵਿਚ ਬਿਜਲੀ ਦੀ ਸਪਲਾਈ ’ਚ ਸੁਧਾਰ ਨਾ ਕੀਤਾ ਗਿਆ ਅਤੇ ਰਾਤ ਦੇ ਕੱਟ ਬੰਦ ਨਾ ਹੋਏ, ਤਾਂ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਹਾਈਵੇ ਜਾਮ ਕਰਨ ਵਰਗੇ ਕਦਮ ਚੁੱਕੇ ਜਾਣਗੇ।