ਫਰਮ ਗਰੋਥ ਓਵਰਸੀਜ਼ ਇੰਟਰਨੈਸ਼ਨਲ ਐਜੂਟੈੱਕ ਦਾ ਲਾਇਸੈਂਸ ਬਹਾਲ ਫਰਮ ਗਰੋਥ ਓਵਰਸੀਜ਼ ਇੰਟਰਨੈਸ਼ਨਲ ਐਜੂਟੈੱਕ ਦਾ ਲਾਇਸੈਂਸ ਬਹਾਲ
Publish Date: Thu, 17 Sep 2026 06:34 PM (IST)
Updated Date: Thu, 17 Sep 2026 06:35 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ ਗਰੋਥ ਓਵਰਸੀਜ਼ ਇੰਟਰਨੈਸ਼ਨਲ ਐਜੂਟੈੱਕ ਦਾ ਲਾਇਸੈਂਸ ਬਹਾਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਨੇ ਦੱਸਿਆ ਕਿ ਗਰੋਥ ਓਵਰਸੀਜ਼ ਇੰਟਰਨੈਸ਼ਨਲ ਐਜੂਟੈੱਕ ਫਰਮ ਲੋਹਗੜ੍ਹ, ਜ਼ੀਰਕਪੁਰ, (ਜ਼ਿਲ੍ਹਾ ਮੁਹਾਲੀ) ਦੇ ਮਾਲਕ ਸੁਖਦੇਵ ਕੁਮਾਰ ਵਾਸੀ ਡੇਰਾਬੱਸੀ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਇਲਟਸ ਦੇ ਕੰਮਾਂ ਲਈ 31 ਅਗਸਤ 2023 ਨੂੰ ਲਾਇਸੈਂਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 31 ਅਗਸਤ 2028 ਤੱਕ ਹੈ। ਸ੍ਰੀਮਤੀ ਗੀਤਿਕਾ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਫ਼ਰਮ ਵੱਲੋਂ ਸੋਸ਼ਲ ਮੀਡੀਆ ਅਤੇ ਹੋਰ ਡਿਜ਼ੀਟਲ ਪਲੇਟਫ਼ਾਰਮਾਂ ’ਤੇ ਭਰਤੀ ਨਾਲ ਸਬੰਧਤ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਗਏ ਸਨ, ਜੋ ਇੰਮੀਗ੍ਰੇਸ਼ਨ ਐਕਟ 1983 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀ ਧਾਰਾ 6(1)(ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਸਬੰਧੀ ਪ੍ਰਾਰਥੀ ਵੱਲੋਂ ਆਪਣੇ ਸਪੱਸ਼ਟੀਕਰਨ ’ਚ ਕਿਹਾ ਗਿਆ ਕਿ ਉਸ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਭਰਤੀ ਸਬੰਧੀ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਬਾਰੇ ਜਾਣਕਾਰੀ ਨਹੀਂ ਸੀ ਅਤੇ ਇਹ ਇਸ਼ਤਿਹਾਰ ਗਲਤੀ ਨਾਲ ਉਸ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪ੍ਰਕਾਸ਼ਿਤ ਹੋ ਗਿਆ ਸੀ। ਪ੍ਰਾਰਥੀ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਦੀ ਕੋਈ ਗਲਤ ਮਨਸ਼ਾ ਨਹੀਂ ਸੀ ਅਤੇ ਹੁਣ ਤੱਕ ਐਕਟ, ਨਿਯਮਾਂ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਂਦੀ ਰਹੀ ਹੈ। ਅਧਿਕਾਰੀ ਮੁਤਾਬਕ ਪ੍ਰਾਰਥੀ ਨੇ ਇਹ ਵੀ ਦੱਸਿਆ ਕਿ ਇਸ਼ਤਿਹਾਰ ਦਾ ਪਤਾ ਲੱਗਣ ਉਪਰੰਤ ਉਸ ਨੇ ਸਬੰਧਤ ਸਾਰੀਆਂ ਪੋਸਟਾਂ ਤੁਰੰਤ ਹਟਾ ਦਿੱਤੀਆਂ ਸਨ ਅਤੇ ਭਵਿੱਖ ’ਚ ਅਜਿਹੀ ਗਲਤੀ ਨਾ ਹੋਣ ਦਾ ਭਰੋਸਾ ਦਿੱਤਾ ਗਿਆ ਸੀ। ਹਾਲਾਂਕਿ, ਮਾਮਲੇ ਦੀ ਪੜਤਾਲ ਅਤੇ ਕਾਨੂੰਨੀ ਉਪਬੰਧਾਂ ਨੂੰ ਧਿਆਨ ’ਚ ਰੱਖਦਿਆਂ ਸਬੰਧਤ ਟਰੈਵਲ ਪ੍ਰੋਫੈਸ਼ਨਲ ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਕੀਤੀ ਗਈ ਸੀ। ਲੇਕਿਨ ਹੁਣ ਉਪਰੋਕਤ ਤੱਥਾਂ ਦੇ ਸਨਮੁੱਖ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਸੁਖਦੇਵ ਕੁਮਾਰ ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ਼ ਆਇਲਟਸ ਦੇ ਕੰਮਾਂ ਲਈ 31 ਅਗਸਤ 2023 ਨੂੰ ਜਾਰੀ ਲਾਇਸੈਂਸ ਬਹਾਲ ਕਰਦੇ ਹੋਏ ਉਸ ਨੂੰ ਭਵਿੱਖ ’ਚ ਸੁਚੇਤ ਰਹਿਣ ਦੀ ਤਾੜਨਾ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਲਕ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਐਕਟ/ਰੂਲਾਂ/ਐਡਵਾਈਜਰੀ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਤੇ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।