- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਵਲਾ ਵਰਗਿਆਂ ਦੀਆਂ ਕਥਿਤ ਹਰਕਤਾਂ ਕਾਰਨ ਹੀ ਅਕਾਲੀ ਦਲ ਛੱਡਿਆ : ਜੌਲਾ

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਮੈਂਬਰ ਅਮਰਜੀਤ ਸਿੰਘ ਚਾਵਲਾ ਵਰਗਿਆਂ ਦੀਆਂ ਕਥਿਤ ਹਰਕਤਾਂ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅਜਿਹੇ ਆਗੂਆਂ ਦੀ ਕਥਿਤ ਹਮਾਇਤ ਕਾਰਨ ਹੀ ਸਾਲ 2016 ਵਿਚ ਹੀ ਅਕਾਲੀ ਦਲ (ਬਾਦਲ) ਨੂੰ ਅਲਵਿਦਾ ਆਖ ਦਿੱਤਾ ਸੀ, ਕਿਉਂਕਿ ਕੋਈ ਵੀ ਜ਼ਮੀਰ ਵਾਲਾ ਆਗੂ ਹੁਣ ਇਸ ਪਾਰਟੀ ਨਾਲ ਤੁਰ ਹੀ ਨਹੀਂ ਸਕਦਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐੱਸਜੀਪੀਸੀ ਮੈਂਬਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਨਿਰਮੈਲ ਸਿੰਘ ਜੌਲਾ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਬਾਦਲ ਦਲ ਤੇ ਐੱਸਜੀਪੀਸੀ ਦੀ ਮੌਜੂਦਾ ਲੀਡਰਸ਼ਿਪ ਵੀ ਸਵਾਲਾਂ ਦੇ ਘੇਰੇ ਵਿਚ ਹੈ। ਸ੍ਰ. ਜੌਲਾ ਨੇ ਕਿਹਾ ਕਿ ਸਿੱਖ ਧਰਮ ਵਿਚ ਔਰਤ ਦਾ ਸਥਾਨ ਸਭ ਤੋਂ ਉਪਰ ਹੈ, ਪਰ ਹੁਣ ਜਿਸ ਤਰ੍ਹਾਂ ਔਰਤਾਂ ਦੇ ਮਾਮਲੇ ਵਿਚ ਐੱਸਜੀਪੀਸੀ ਦੀ ਲੀਡਰਸ਼ਿਪ ਉੱਤੇ ਦੋਸ਼ ਲੱਗ ਰਹੇ ਹਨ, ਇਹ ਸਿੱਖ ਧਰਮ ਨੂੰ ਬੇਹੱਦ ਸ਼ਰਮਸਾਰ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਅਮਰਜੀਤ ਸਿੰਘ ਚਾਵਲਾ ਦੇ ਕਥਿਤ ਰਵੱਈਏ ਕਾਰਨ ਭਾਜਪਾ ਵਾਲੇ ਵੀ ਅਕਾਲੀ ਦਲ ਦੇ ਨੇੜੇ ਆਉਣ ਤੋਂ ਪਿੱਛੇ ਹਟਣ ਲੱਗੇ ਹਨ। ਉਨ੍ਹਾਂ ਆਮ ਸੰਗਤ ਨੂੰ ਅਪੀਲ ਕੀਤੀ ਕਿ ਅਜਿਹੇ ਆਗੂਆਂ ਤੇ ਉਨ੍ਹਾਂ ਨੂੰ ਬੜਾਵਾ ਦੇਣ ਵਾਲਿਆਂ ਨੂੰ ਸਿਆਸਤ ਤੇ ਸਿੱਖ ਧਰਮ ਨਾਲ ਸਬੰਧਤ ਸੰਸਥਾਵਾਂ ਤੋਂ ਪੂਰੀ ਤਰ੍ਹਾਂ ਦੂਰ ਕੀਤਾ ਜਾਵੇ।