ਲੈਕਚਰਾਰ ਭਰਤੀ ਪ੍ਰੀਖਿਆ : ਪਾਰਕਿੰਗ ਦੀ ਘਾਟ ਕਾਰਨ ਲੱਗਾ ਭਾਰੀ ਜਾਮ ਲੈਕਚਰਾਰ ਭਰਤੀ ਪ੍ਰੀਖਿਆ : ਪਾਰਕਿੰਗ ਦੀ ਘਾਟ ਕਾਰਨ ਲੱਗਾ ਭਾਰੀ ਜਾਮ,
Publish Date: Sat, 19 Sep 2026 08:50 PM (IST)
Updated Date: Sun, 20 Sep 2026 04:09 AM (IST)
* ਹਾਈਵੇ ਤੇ ਬਾਜ਼ਾਰਾਂ ’ਚ ਵਾਹਨ ਖੜ੍ਹੇ ਕਰਨ ਲਈ ਮਜਬੂਰ ਹੋਏ ਲੋਕ ਕੈਪਸ਼ਨ :- ਡੇਰਾਬੱਸੀ ਬੱਸ ਸਟੈਂਡ ’ਤੇ ਲੱਗਿਆ ਟ੍ਰੈਫਿਕ ਜਾਮ। 42ਪੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪੰਜਾਬ ’ਚ ਕਰਵਾਈ ਗਈ ਲੈਕਚਰਾਰ ਭਰਤੀ ਪ੍ਰੀਖਿਆ ਦੌਰਾਨ ਡੇਰਾਬੱਸੀ ਖੇਤਰ ’ਚ ਪਾਰਕਿੰਗ ਦੀ ਭਾਰੀ ਸਮੱਸਿਆ ਦੇਖਣ ਨੂੰ ਮਿਲੀ। ਪੰਜਾਬ ਤੇ ਚੰਡੀਗੜ੍ਹ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ’ਚ ਪਹੁੰਚੇ ਉਮੀਦਵਾਰਾਂ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ, ਹਾਈਵੇ ਤੇ ਬਾਜ਼ਾਰਾਂ ਵਿਚ ਆਵਾਜਾਈ ਪ੍ਰਭਾਵਿਤ ਰਹੀ। ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਮੁਬਾਰਕਪੁਰ ਸਰਕਾਰੀ ਸਕੂਲ, ਡੀਏਵੀ ਸਕੂਲ ਅਤੇ ਐੱਸਐੱਸ ਜੈਨ ਸਕੂਲ ਵਿਚ ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਸਨ। ਇਹ ਪ੍ਰੀਖਿਆ ਸ਼ਨਿਚਰਵਾਰ ਨੂੰ ਸਵੇਰੇ ਅਤੇ ਸ਼ਾਮ ਦੇ ਦੋ ਸੈਸ਼ਨਾਂ ਵਿਚ ਲਈ ਗਈ। ਦਿਨ ਭਰ ਉਮੀਦਵਾਰਾਂ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਦੇ ਵਾਹਨਾਂ ਦੀ ਆਮਦ ਕਾਰਨ ਇਲਾਕੇ ਵਿਚ ਆਵਾਜਾਈ ਦਾ ਬੋਝ ਕਾਫ਼ੀ ਵੱਧ ਗਿਆ। ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਢੁਕਵੀਂ ਪਾਰਕਿੰਗ ਵਿਵਸਥਾ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਵਾਹਨ ਡੀਏਵੀ ਸਕੂਲ ਨੇੜਲੀਆਂ ਖਾਲੀ ਥਾਵਾਂ, ਸੜਕ ਕਿਨਾਰਿਆਂ, ਹਾਈਵੇ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਖੜ੍ਹੇ ਕਰਨੇ ਪਏ। ਸ਼ਾਮ ਨੂੰ ਪ੍ਰੀਖਿਆ ਖ਼ਤਮ ਹੁੰਦਿਆਂ ਹੀ ਡੇਰਾਬੱਸੀ ਬੱਸ ਸਟੈਂਡ ਅਤੇ ਨੇੜਲੇ ਬਾਜ਼ਾਰਾਂ ਵਿਚ ਭਾਰੀ ਟ੍ਰੈਫਿਕ ਜਾਮ ਲੱਗ ਗਿਆ, ਜਿਸ ਨਾਲ ਸਥਾਨਕ ਨਿਵਾਸੀਆਂ, ਦੁਕਾਨਦਾਰਾਂ ਅਤੇ ਆਮ ਯਾਤਰੀਆਂ ਨੂੰ ਲੰਮਾ ਸਮਾਂ ਖੱਜਲ-ਖੁਆਰ ਹੋਣਾ ਪਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਡੇਰਾਬੱਸੀ ਵਿਚ ਵੱਡੇ ਪੱਧਰ ਤੇ ਪ੍ਰੀਖਿਆਵਾਂ ਹੁੰਦੀਆਂ ਹਨ, ਪ੍ਰਸ਼ਾਸਨ ਨੂੰ ਪਾਰਕਿੰਗ ਅਤੇ ਟ੍ਰੈਫਿਕ ਪ੍ਰਬੰਧਨ ਦੇ ਵਿਸ਼ੇਸ਼ ਇੰਤਜ਼ਾਮ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਲੈਕਚਰਾਰ ਭਰਤੀ ਦੀ ਅਗਲੀ ਪ੍ਰੀਖਿਆ ਅਗਲੇ ਹਫ਼ਤੇ ਵੀ ਹੋਣ ਜਾ ਰਹੀ ਹੈ। ਇਸ ਲਈ ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਸਮੇਂ ਸਿਰ ਪੁਖ਼ਤਾ ਪ੍ਰਬੰਧ ਕਰਨ ਤਾਂ ਜੋ ਅਗਲੀ ਵਾਰ ਉਮੀਦਵਾਰਾਂ ਅਤੇ ਆਮ ਜਨਤਾ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।