ਆਖ਼ਰੀ ਮੁਲਾਕਾਤ ਬਣੀ ਜ਼ਿੰਦਗੀ ਦੀ ਆਖ਼ਰੀ ਘੜੀ; ਪਾਰਕ 'ਚ ਬੁਲਾ ਕੇ ਮੁਟਿਆਰ ਦਾ ਕਤਲ ਕਰਨ ਵਾਲਾ ਸਿਰਫਿਰਾ ਆਸ਼ਿਕ ਕਾਬੂ
ਸੈਕਟਰ-35 ਦੀ ਰਹਿਣ ਵਾਲੀ ਮੁਟਿਆਰ ਸੋਹਾਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਸੈਕਟਰ-36 ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੈਕਟਰ-45 ਬੁੜੈਲ ਵਾਸੀ ਵਿਨੈ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਉਹ ਚਾਕੂ ਖਰੀਦ ਕੇ ਲਿਆਇਆ ਸੀ।
Publish Date: Tue, 24 Feb 2026 11:14 AM (IST)
Updated Date: Tue, 24 Feb 2026 11:16 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-35 ਦੀ ਰਹਿਣ ਵਾਲੀ ਮੁਟਿਆਰ ਸੋਹਾਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਮੁਲਜ਼ਮ ਨੂੰ ਸੈਕਟਰ-36 ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੈਕਟਰ-45 ਬੁੜੈਲ ਵਾਸੀ ਵਿਨੈ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਪਤਾ ਲੱਗਿਆ ਹੈ ਕਿ ਉਹ ਚਾਕੂ ਖਰੀਦ ਕੇ ਲਿਆਇਆ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹੱਤਿਆ ਕਥਿਤ ਆਖ਼ਰੀ ਮੁਲਾਕਾਤ ਦੌਰਾਨ ਹੋਈ। ਇਕ ਦਿਨ ਪਹਿਲਾਂ ਮੁਲਜ਼ਮ ਵਿਨੈ ਨੇ ਸੋਹਾਨੀ ਨੂੰ ਫੋਨ ਕਰ ਕੇ ਮਿਲਣ ਲਈ ਕਿਹਾ ਸੀ ਪਰ ਮੁਟਿਆਰ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸ ਦੀ ਕੁੜਮਾਈ ਹੋ ਚੁੱਕੀ ਹੈ ਅਤੇ ਹੁਣ ਉਨ੍ਹਾਂ ਦੇ ਰਾਹ ਵੱਖਰੇ ਹਨ। ਐਤਵਾਰ ਨੂੰ ਮੁਲਜ਼ਮ ਯੋਜਨਾਬੱਧ ਢੰਗ ਨਾਲ ਚਾਕੂ ਲੈ ਕੇ ਉਸ ਨੂੰ ਮਿਲਣ ਪਹੁੰਚਿਆ। ਉਸ ਨੇ ਸੋਹਾਨੀ ਨੂੰ ਆਖ਼ਰੀ ਵਾਰ ਮਿਲਣ ਦੀ ਗੱਲ ਕਹਿ ਕੇ ਪਾਰਕ ਵਿੱਚ ਬੁਲਾਇਆ।
ਪਾਰਕ ਵਿੱਚ ਦੋਵਾਂ ਵਿਚਾਲੇ ਝਗੜਾ ਹੋ ਗਿਆ। ਮੁਲਜ਼ਮ ਮੁਟਿਆਰ ’ਤੇ ਆਪਣੇ ਨਾਲ ਰਹਿਣ ਦਾ ਦਬਾਅ ਬਣਾ ਰਿਹਾ ਸੀ ਅਤੇ ਉਸ ਦੀ ਕੁੜਮਾਈ ਤੋੜਨ ਦੀ ਜ਼ਿੱਦ ਕਰ ਰਿਹਾ ਸੀ। ਜਦੋਂ ਸੋਹਾਨੀ ਉੱਥੋਂ ਜਾਣ ਲੱਗੀ ਤਾਂ ਵਿਨੈ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਗਰਦਨ ’ਤੇ ਗੰਭੀਰ ਵਾਰ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਹੱਤਿਆ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਪਣੇ ਬੁੜੈਲ ਸਥਿਤ ਘਰ ਗਿਆ, ਕੱਪੜੇ ਬਦਲੇ ਅਤੇ ਕੱਪੜਿਆਂ ਨਾਲ ਭਰਿਆ ਬੈਗ ਲੈ ਕੇ ਸੈਕਟਰ-43 ਬੱਸ ਅੱਡੇ ਪਹੁੰਚ ਗਿਆ। ਉਹ ਬਿਹਾਰ ਸਥਿਤ ਆਪਣੇ ਪਿੰਡ ਭੱਜਣ ਦੀ ਫਿਰਾਕ ਵਿੱਚ ਸੀ ਪਰ ਪੂਰੀ ਰਾਤ ਬਸ ਅੱਡੇ ’ਤੇ ਹੀ ਬੈਠਾ ਰਿਹਾ। ਇਸ ਦੌਰਾਨ ਲਗਾਤਾਰ ਭਾਲ ਕਰ ਰਹੀ ਸੈਕਟਰ-36 ਥਾਣਾ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਮੰਗਲਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸੈਕਟਰ 36 ਦੇ ਫਰੈਗਰੈਂਸ ਗਾਰਡਨ ਵਿੱਚ ਅੱਲੜ ਉਮਰ ਦੀ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਪ੍ਰੇਮੀ ਨੇ ਉਸ ਨੂੰ ਮਿਲਣ ਦੇ ਬਹਾਨੇ ਪਾਰਕ ਵਿੱਚ ਵਰਗਲਾ ਕੇ ਲਿਆਂਦਾ ਸੀ। ਫਿਰ ਉਸ ਨੇ ਉਸ ਦੀ ਗਰਦਨ ’ਤੇ ਚਾਕੂ ਮਾਰ ਦਿੱਤਾ ਅਤੇ ਭੱਜ ਗਿਆ। ਇਸ ਦੌਰਾਨ ਕੁੜੀ ਦੀ ਮਾਂ ਨੇ ਫ਼ੋਨ ਕੀਤਾ ਅਤੇ ਕੁੜੀ ਨੇ ਕਿਹਾ, ‘ਮੰਮੀ, ਵਿਨੈ ਨੇ ਮੈਨੂੰ ਚਾਕੂ ਮਾਰਿਆ। ਮੈਂ ਪਾਰਕ 36 ਵਿੱਚ ਹਾਂ। ਆਪਣਾ ਧਿਆਨ ਰੱਖਣਾ। ਪਾਰਕ ਵਿੱਚ ਸੈਰ ਕਰਨ ਵਾਲੇ ਨੇ ਪੁਲਿਸ ਨੂੰ ਪਾਰਕ ਵਿੱਚ ਪਈ ਇੱਕ ਜ਼ਖਮੀ ਕੁੜੀ ਬਾਰੇ ਸੂਚਿਤ ਕੀਤਾ। ਚਾਕੂ ਲੱਗਣ ਕਾਰਨ ਜ਼ਖਮੀ ਹੋਈ ਕੁੜੀ ਦੀਆਂ ਚੀਕਾਂ ਸੁਣ ਕੇ ਆਲੇ ਦੁਆਲੇ ਦੇ ਲੋਕ ਵੀ ਇਕੱਠੇ ਹੋਏ। ਉਨ੍ਹਾਂ ਨੇ ਉਸ ਨੂੰ ਚੁੱਕਿਆ ਅਤੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾ ਦੀ ਪਛਾਣ ਸੁਹਾਨੀ (23) ਵਜੋਂ ਹੋਈ ਹੈ। ਉਸ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਗੌਂਡਾ ਜ਼ਿਲ੍ਹੇ ਦੇ ਜਟਵਾਪੁਰ ਪਿੰਡ ਦਾ ਰਹਿਣ ਵਾਲਾ ਹੈ, ਕਈ ਸਾਲਾਂ ਤੋਂ ਸੈਕਟਰ 35 ਵਿੱਚ ਰਹਿ ਰਿਹਾ ਸੀ। ਮੁਲਜ਼ਮ ਵਿਨੈ ਵੀ ਆਪਣੇ ਘਰ ਦੇ ਨੇੜੇ ਮਿਠਾਈ ਦੀ ਦੁਕਾਨ ’ਤੇ ਕੰਮ ਕਰਦਾ ਹੈ । ਉਹ ਮੂਲ ਰੂਪ ਵਿੱਚ ਬਿਹਾਰ ਦੇ ਮਧੂਬਨੀ ਦਾ ਰਹਿਣ ਵਾਲਾ ਹੈ।
ਮ੍ਰਿਤਕ ਦੀ ਮਾਂ ਅਨੀਤਾ ਨੇ ਦੱਸਿਆ ਕਿ ਸੁਹਾਨੀ ਐਤਵਾਰ ਰਾਤ ਨੂੰ ਘਰੋਂ ਇਹ ਕਹਿ ਕੇ ਨਿਕਲੀ ਸੀ ਕਿ ਉਹ ਬਾਜ਼ਾਰ ਤੋਂ ਚਾਕਲੇਟ ਖਰੀਦਣ ਜਾ ਰਹੀ ਹੈ। ਜਦੋਂ ਉਹ ਲਗਪਗ 15 ਮਿੰਟ ਤੱਕ ਵਾਪਸ ਨਹੀਂ ਆਈ ਤਾਂ ਉਸ ਨੇ ਉਸਨੂੰ ਫ਼ੋਨ ਕੀਤਾ। ਤਿੰਨ ਕਾਲਾਂ ਦਾ ਜਵਾਬ ਨਹੀਂ ਮਿਲਿਆ। ਚੌਥੀ ਵਾਰ ਫ਼ੋਨ ਦਾ ਜਵਾਬ ਦਿੰਦੇ ਹੋਏ ਸੁਹਾਨੀ ਨੇ ਕੰਬਦੀ ਆਵਾਜ਼ ਵਿੱਚ ਕਿਹਾ, ‘ਮੰਮੀ, ਵਿਨੈ ਨੇ ਮੈਨੂੰ ਚਾਕੂ ਮਾਰ ਦਿੱਤਾ। ਕਿਰਪਾ ਕਰ ਕੇ ਮੈਨੂੰ ਬਚਾਓ ਜਿਸ ਦੇ ਬਾਅਦ ਪਰਿਵਾਰ ਤੁਰੰਤ ਪਾਰਕ ਵੱਲ ਭੱਜਿਆ।