ਨਿਊ ਚੰਡੀਗੜ੍ਹ 'ਚ ਕਮਰਸ਼ੀਅਲ ਸਿਟੀ ਸੈਂਟਰ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਤੇਜ਼, ਗਮਾਡਾ 14 ਅਕਤੂਬਰ ਨੂੰ ਕਰੇਗਾ ਜਨਤਕ ਸੁਣਵਾਈ ਨਿਊ ਚੰਡੀਗੜ੍ਹ 'ਚ ਕਮਰਸ਼ੀਅਲ ਸਿਟੀ ਸੈਂਟਰ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਤੇਜ਼
Publish Date: Wed, 16 Sep 2026 07:51 PM (IST)
Updated Date: Thu, 17 Sep 2026 04:06 AM (IST)
ਫੋਟੋ ਕੈਪਸ਼ਨ: ਪੁੱਡਾ/ਗਮਾਡਾ ਦਫ਼ਤਰ ਦੀ ਤਸਵੀਰ। 26ਪੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਨਿਊ ਚੰਡੀਗੜ੍ਹ ਦੇ ਮਾਸਟਰ ਪਲਾਨ ਅਨੁਸਾਰ ਕਮਰਸ਼ੀਅਲ ਸਿਟੀ ਸੈਂਟਰ ਦੀ ਸਥਾਪਨਾ ਲਈ ਲੋੜੀਂਦੀ ਜ਼ਮੀਨ ਦੀ ਪ੍ਰਾਪਤੀ ਲਈ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਤੋਂ ਬਾਅਦ ਗਮਾਡਾ ਹੁਣ ਜਨਤਕ ਸੁਣਵਾਈ ਕਰੇਗਾ। ਗਮਾਡਾ ਦੇ ਭੌਂ ਪ੍ਰਾਪਤੀ ਕੁਲੈਕਟਰ ਦੀ ਜਾਣਕਾਰੀ ਅਨੁਸਾਰ ਦਿ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਲੈਂਡ ਐਕੂਜ਼ੀਸ਼ਨ ਰੀ-ਹੈਬਲੀਟੇਸ਼ਨ ਐਂਡ ਰੀ-ਸੈਟਲਮੈਂਟ ਐਕਟ 2013 ਦੀ ਧਾਰਾ 16(5) ਤਹਿਤ ਪ੍ਰਭਾਵਿਤ ਭੂਮੀ ਮਾਲਕਾਂ ਲਈ ਜਨਤਕ ਸੁਣਵਾਈ ਰੱਖੀ ਗਈ ਹੈ। ਇਹ ਸੁਣਵਾਈ ਐਡਮਿਨਿਸਟ੍ਰੇਟਰ ਆਰ ਐਂਡ ਆਰ-ਕਮ-ਵਧੀਕ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਕੀਤੀ ਜਾਵੇਗੀ। ਅਧਿਕਾਰੀ ਮੁਤਾਬਕ 14 ਅਕਤੂਬਰ ਨੂੰ ਗੁਰਦੁਆਰਾ ਸਾਹਿਬ, ਪਿੰਡ ਤੀੜਾ ਵਿਖੇ ਦੁਪਹਿਰ 12 ਵਜੇ ਲੋਕਾਂ ਦੇ ਸੁਝਾਅ ਅਤੇ ਇਤਰਾਜ਼ ਸੁਣੇ ਜਾਣਗੇ। ਜਾਣਕਾਰੀ ਅਨੁਸਾਰ ਇਸ ਮੰਤਵ ਲਈ ਪਿੰਡ ਤੀੜਾ ਦੀ 166.70625 ਏਕੜ, ਪਿੰਡ ਚਾਹੜ ਮਾਜਰਾ ਦੀ 34.4625 ਏਕੜ, ਪਿੰਡ ਬਾਂਸੇਪੁਰ ਦੀ 22.4 ਏਕੜ ਅਤੇ ਪਿੰਡ ਸੰਗਾਲਾ ਦੀ 6.275 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਹ ਜ਼ਮੀਨਾਂ ਸਬ-ਤਹਿਸੀਲ ਮਾਜਰੀ ਅਤੇ ਤਹਿਸੀਲ (ਜ਼ਿਲ੍ਹਾ ਮੁਹਾਲੀ) ਦੇ ਖੇਤਰਾਂ ’ਚ ਆਉਂਦੀਆਂ ਹਨ। ਭੌਂ ਪ੍ਰਾਪਤੀ ਕੁਲੈਕਟਰ ਅਨੁਸਾਰ ਜ਼ਮੀਨ ਪ੍ਰਾਪਤੀ ਤੋਂ ਪ੍ਰਭਾਵਿਤ ਭੂਮੀ ਮਾਲਕ ਉਕਤ ਮਿਤੀ ਅਤੇ ਸਮੇਂ ਤੇ ਪਹੁੰਚ ਕੇ ਆਪਣੇ ਵਿਚਾਰ ਅਤੇ ਇਤਰਾਜ਼ ਦਰਜ ਕਰਵਾ ਸਕਦੇ ਹਨ। ਐਰੋਟ੍ਰੋਪੋਲਿਸ ਰਿਹਾਇਸ਼ੀ ਪ੍ਰੋਜੈਕਟ ਦੇ ਵਿਸਥਾਰ ਲਈ ਲੋੜੀਂਦੀ ਜ਼ਮੀਨ ਪ੍ਰਾਪਤੀ ਲਈ ਕਾਰਵਾਈ ਆਰੰਭੀ 16 ਅਕਤੂਬਰ ਨੂੰ ਮਾਣਕਪੁਰ ਕੱਲਰ ’ਚ ਹੋਵੇਗੀ ਜਨਤਕ ਸੁਣਵਾਈ ਮੁਹਾਲੀ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਐਰੋਟ੍ਰੋਪੋਲਿਸ ਰਿਹਾਇਸ਼ੀ ਪ੍ਰੋਜੈਕਟ ਦੇ ਐਕਸਟੈਨਸ਼ਨ ਲਈ ਹੋਰ ਲੋੜੀਂਦੀ ਜ਼ਮੀਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਸ ਯੋਜਨਾ ਤਹਿਤ ਇਕ ਅਹਿਮ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਪ੍ਰੋਜੈਕਟ ਲਈ ਪਿੰਡ ਮਾਣਕਪੁਰ ਕੱਲਰ ਅਤੇ ਤੰਗੌਰੀ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ। ਇਸ ਸਬੰਧੀ ਗਮਾਡਾ ਦੇ ਭੌਂ ਪ੍ਰਾਪਤੀ ਕਲੈਕਟਰ ਵੱਲੋਂ ਦਿ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟ੍ਰਾਂਸਪੇਰੈਂਸੀ ਇਨ ਲੈਂਡ ਐਕੁਜ਼ੀਸ਼ਨ ਰੀਹੈਬਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013 ਦੀ ਧਾਰਾ 16 (5) ਦੀ ਵਿਵਸਥਾ ਅਨੁਸਾਰ ਜਨਤਕ ਸੁਣਵਾਈ ਕੀਤੀ ਜਾਵੇਗੀ। ਇਹ ਸੁਣਵਾਈ ਐਡਮਿਨਿਸਟ੍ਰੇਟਰ ਆਰ ਐਂਡ ਆਰ-ਕਮ-ਵਧੀਕ ਡਿਪਟੀ ਕਮਿਸ਼ਨਰ, ਮੁਹਾਲੀ ਵੱਲੋਂ ਕੀਤੀ ਜਾਵੇਗੀ। ਇਸ ਮੰਤਵ ਲਈ ਮੁਹਾਲੀ ਨੇੜਲੇ ਪਿੰਡ ਮਾਣਕਪੁਰ ਕੱਲਰ ਦੀ 247.74375 ਏਕੜ ਅਤੇ ਤੰਗੌਰੀ ਦੀ 159.7188 ਏਕੜ ਜ਼ਮੀਨ ਹੋਰ ਐਕਵਾਇਰ ਕੀਤੀ ਜਾਵੇਗੀ। ਇਸ ਸਬੰਧੀ ਜ਼ਮੀਨ ਮਾਲਕਾਂ ਅਤੇ ਆਮ ਨਾਗਰਿਕਾਂ ਦੇ ਸੁਝਾਅ ਅਤੇ ਇਤਰਾਜ਼ ਲੈਣ ਲਈ ਪਿੰਡ ਮਾਣਕਪੁਰ ਕੱਲਰ ਵਿਖੇ 16 ਅਕਤੂਬਰ 2026 ਨੂੰ ਦੁਪਹਿਰ 12 ਵਜੇ ਜਨਤਕ ਸੁਣਵਾਈ ਕੀਤੀ ਜਾਵੇਗੀ। ਅਧਿਕਾਰੀ ਮੁਤਾਬਕ ਪ੍ਰਭਾਵਿਤ ਜ਼ਮੀਨ ਮਾਲਕ ਉਪਰੋਕਤ ਨਿਰਧਾਰਤ ਮਿਤੀ, ਸਮੇਂ ਅਤੇ ਸਥਾਨ ਤੇ ਪਹੁੰਚ ਕੇ ਆਪਣੇ ਸੁਝਾਅ ਅਤੇ ਇਤਰਾਜ਼ ਦਰਜ ਕਰਵਾ ਸਕਦੇ ਹਨ।