ਬਿਜਲੀ ਕੱਟਾਂ ਦੇ ਵਿਰੋਧ ਵਿਚ ਲੱਖੋਵਾਲ ਯੂਨੀਅਨ ਨੇ ਘੇਰਿਆ ਐਕਸੀਅਨ ਦਫ਼ਤਰ ਬਿਜਲੀ ਕੱਟਾਂ ਦੇ ਵਿਰੋਧ ਵਿਚ ਲੱਖੋਵਾਲ ਯੂਨੀਅਨ ਨੇ ਘੇਰਿਆ ਐਕਸੀਅਨ ਦਫ਼ਤਰ
Publish Date: Mon, 14 Sep 2026 06:26 PM (IST)
Updated Date: Mon, 14 Sep 2026 06:29 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਵਿਧਾਨ ਸਭਾ ਹਲਕਾ ਡੇਰਾਬੱਸੀ ਵਿਚ ਲਗਾਏ ਜਾ ਰਹੇ ਲੰਮੇ ਬਿਜਲੀ ਕੱਟਾਂ ਅਤੇ ਖਪਤਕਾਰਾਂ ਨੂੰ ਭੇਜੇ ਜਾ ਰਹੇ ਕਥਿਤ ਭਾਰੀ ਬਿਜਲੀ ਬਿੱਲਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਡੇਰਾਬੱਸੀ ਵੱਲੋਂ ਐਕਸੀਅਨ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਤੇ ਬੀਕੇਯੂ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਗਾਇਆ ਇਹ ਧਰਨਾ ਸੋਮਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਜਾਰੀ ਰਿਹਾ। ਇਸ ਮੌਕੇ ਕਿਸਾਨ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਪਹਿਲਾਂ ਕੀਤੇ ਵਾਅਦਿਆਂ ਦੇ ਬਾਵਜੂਦ ਲੰਮੇ ਬਿਜਲੀ ਕੱਟ ਜਾਰੀ ਹਨ। ਇਸ ਕਾਰਨ ਸਬਜ਼ੀਆਂ, ਪਸ਼ੂਆਂ ਲਈ ਹਰੇ ਚਾਰੇ ਅਤੇ ਪੱਕਣ ਦੇ ਨੇੜੇ ਪਹੁੰਚੀ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਘਾਟ ਕਾਰਨ ਝੋਨੇ ਦੇ ਝਾੜ ’ਤੇ ਵੀ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਨੂੰ ਵੱਡੀ ਰਕਮ ਦੇ ਬਿਜਲੀ ਬਿੱਲ ਭੇਜੇ ਜਾ ਰਹੇ ਹਨ, ਜੋ ਆਮ ਲੋਕਾਂ ਦੀ ਸਮਰੱਥਾ ਤੋਂ ਬਾਹਰ ਹਨ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਪਲਾਈ ਵਿਚ ਸੁਧਾਰ ਕਰਕੇ ਲੰਮੇ ਕੱਟ ਬੰਦ ਕੀਤੇ ਜਾਣ ਅਤੇ ਬਿੱਲਾਂ ਸਬੰਧੀ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਧਰਨੇ ਵਿਚ ਬਲਾਕ ਕਾਰਜਕਾਰੀ ਪ੍ਰਧਾਨ ਹਰੀ ਸਿੰਘ ਬੋਹੋੜਾ, ਰਣਜੀਤ ਸਿੰਘ ਰਾਣਾ, ਨਾਨੂੰ ਸਿੰਘ ਜਨੇਤਪੁਰ, ਜਸਵਿੰਦਰ ਸਿੰਘ ਅਮਲਾਲਾ, ਅਮਰਜੀਤ ਸਿੰਘ ਜਾਸਤਨਾ, ਚਰਨਜੀਤ ਸਿੰਘ ਤਸਿੰਬਲੀ, ਬਲਬੀਰ ਸਿੰਘ ਤੇ ਕੁਲਬੀਰ ਸਿੰਘ ਜਨੇਤਪੁਰ ਸਮੇਤ ਹੋਰ ਕਿਸਾਨ ਹਾਜ਼ਰ ਸਨ।