ਅਗਵਾ ਕੀਤਾ 3 ਸਾਲਾ ਮਾਸੂਮ ਬੱਚਾ ਕੁਝ ਹੀ ਘੰਟਿਆਂ 'ਚ ਸੁਰੱਖਿਅਤ ਬਰਾਮਦ, ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਕਾਬੂ
ਮੁਹਾਲੀ ਦੇ ਖਰੜ ਅਧੀਨ ਪੈਂਦੇ ਸਨੀ ਇਨਕਲੇਵ ਤੋਂ ਇਕ 3 ਸਾਲਾ ਮਾਸੂਮ ਬੱਚੇ ਨੂੰ ਅਗਵਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਪੁਲਿਸ ਦੀ ਤੁਰੰਤ ਮੁਸਤੈਦੀ ਅਤੇ ਤਕਨੀਕੀ ਜਾਂਚ ਸਦਕਾ ਅਗਵਾ ਹੋਏ ਬੱਚੇ ਬੌਬੀ ਦੇਵਾ ਨੂੰ 7 ਘੰਟਿਆਂ ਦੇ ਅੰਦਰ-ਅੰਦਰ ਹਰਿਆਣਾ ਦੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੋਂ ਸਹੀ-ਸਲਾਮਤ ਬਰਾਮਦ ਕਰ ਲਿਆ ਗਿਆ।
Publish Date: Sun, 26 Jul 2026 12:40 PM (IST)
Updated Date: Sun, 26 Jul 2026 12:42 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਖਰੜ ਅਧੀਨ ਪੈਂਦੇ ਸਨੀ ਇਨਕਲੇਵ ਤੋਂ ਇਕ 3 ਸਾਲਾ ਮਾਸੂਮ ਬੱਚੇ ਨੂੰ ਅਗਵਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਪੁਲਿਸ ਦੀ ਤੁਰੰਤ ਮੁਸਤੈਦੀ ਅਤੇ ਤਕਨੀਕੀ ਜਾਂਚ ਸਦਕਾ ਅਗਵਾ ਹੋਏ ਬੱਚੇ ਬੌਬੀ ਦੇਵਾ ਨੂੰ 7 ਘੰਟਿਆਂ ਦੇ ਅੰਦਰ-ਅੰਦਰ ਹਰਿਆਣਾ ਦੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੋਂ ਸਹੀ-ਸਲਾਮਤ ਬਰਾਮਦ ਕਰ ਲਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ, ਬੱਚੇ ਦਾ ਪਿਤਾ ਧਰਮੇਂਦਰ ਨਿਵਾਸੀ ਅਮਰੋਹਾ, ਉੱਤਰ ਪ੍ਰਦੇਸ਼ ਜੋਕਿ ਮਜ਼ਦੂਰੀ ਦਾ ਕੰਮ ਕਰਦਾ ਹੈ। ਬੀਤੇ ਦਿਨ ਉਸ ਦੀ ਮੁਲਾਕਾਤ ਇਕ ਵਿਅਕਤੀ ਨਾਲ ਹੋਈ, ਜਿਸ ਨੂੰ ਉਹ ਆਪਣੇ ਘਰ ਲੈ ਆਇਆ। ਦੋਵਾਂ ਨੇ ਘਰ ਬੈਠ ਕੇ ਸ਼ਰਾਬ ਪੀਤੀ, ਜਿਸ ਤੋਂ ਬਾਅਦ ਉਹ ਗੂੜ੍ਹੀ ਨੀਂਦ ਸੌਂ ਗਿਆ। ਬੱਚੇ ਦੇ ਪਿਤਾ ਮੁਤਾਬਕ ਜਦੋਂ ਸ਼ਾਮ ਨੂੰ ਅੱਖ ਖੁੱਲ੍ਹੀ ਤਾਂ ਉਸ ਦਾ 3 ਸਾਲਾ ਬੇਟਾ ਘਰੋਂ ਗਾਇਬ ਸੀ ਅਤੇ ਉਕਤ ਵਿਅਕਤੀ ਵੀ ਫ਼ਰਾਰ ਸੀ। ਪਰਿਵਾਰ ਵੱਲੋਂ ਕਾਫ਼ੀ ਭਾਲ ਕਰਨ ਤੋਂ ਬਾਅਦ ਦੇਰ ਸ਼ਾਮ ਪੁਲਿਸ ਹੈਲਪਲਾਈਨ 112 'ਤੇ ਸ਼ਿਕਾਇਤ ਦਰਜ ਕਰਵਾਈ ਗਈ।
ਸੰਨੀ ਐਨਕਲੇਵ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਹਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਦੇਖੀ, ਜਿਸ ਵਿਚ ਮੁਲਜ਼ਮ ਵਿਅਕਤੀ ਬੱਚੇ ਨੂੰ ਚਿਪਸ ਦਾ ਲਾਲਚ ਦੇ ਕੇ ਲਿਜਾਂਦਾ ਹੋਇਆ ਦਿਖਾਈ ਦਿੱਤਾ। ਪੁਲਿਸ ਨੇ ਮਾਨਵ ਇੰਟੈਲੀਜੈਂਸ ਦੀ ਮਦਦ ਨਾਲ ਮੁਲਜ਼ਮ ਦਾ ਪਤਾ ਲਗਾਇਆ। ਪੁਲਿਸ ਅਨੁਸਾਰ ਮੁਲਜ਼ਮ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਅਤੇ ਰੇਲਗੱਡੀ ਰਾਹੀਂ ਆਪਣੇ ਪਿੰਡ ਭੱਜਣ ਦੀ ਫਿਰਾਕ ਵਿਚ ਸੀ।
ਪੁਲਿਸ ਦੀ ਇਕ ਵਿਸ਼ੇਸ਼ ਟੀਮ ਨੇ ਤੁਰੰਤ ਅੰਬਾਲਾ ਕੈਂਟ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਚੈਕਿੰਗ ਸ਼ੁਰੂ ਕੀਤੀ। ਸਟੇਸ਼ਨ 'ਤੇ ਪੁਲਿਸ ਦੀ ਮੌਜੂਦਗੀ ਅਤੇ ਸਰਗਰਮੀ ਦੇਖ ਕੇ ਮੁਲਜ਼ਮ ਘਬਰਾ ਗਿਆ ਅਤੇ ਬੱਚੇ ਨੂੰ ਉੱਥੇ ਹੀ ਇਕੱਲਾ ਛੱਡ ਕੇ ਭੀੜ ਦਾ ਫ਼ਾਇਦਾ ਚੁੱਕਦੇ ਹੋਏ ਫ਼ਰਾਰ ਹੋ ਗਿਆ। ਪੁਲਿਸ ਨੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਕੇ ਦੇਰ ਰਾਤ ਵਾਰਸਾਂ ਦੇ ਹਵਾਲੇ ਕਰ ਦਿੱਤਾ। ਫ਼ਰਾਰ ਮੁਲਜ਼ਮ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।