ਖੁਰਾਲਗੜ੍ਹ ’ਚ ਸੂਬਾ ਪੱਧਰੀ ਸਮਾਗਮ ਤੇ ਡਰੋਨ ਸ਼ੋਅ ਹੋਣਗੇ : ਸੌਂਦ ਖੁਰਾਲਗੜ੍ਹ ਵਿਖੇ ਤਿੰਨ ਰੋਜ਼ਾ ਰਾਜ ਪੱਧਰੀ ਸਮਾਗਮ ਅਤੇ ਡਰੋਨ ਸ਼ੋਅ ਹੋਣਗੇ-ਸੌਂਦ
Publish Date: Tue, 14 Jul 2026 07:03 PM (IST)
Updated Date: Wed, 15 Jul 2026 04:07 AM (IST)
ਫੋਟੋ ਸਮਾਚਾਰ * ਕਿਹਾ, ਸਰਕਾਰ ਨੇ ਸਮਾਗਮਾਂ ਲਈ ਪਹਿਲਾਂ ਹੀ 80 ਕਰੋੜ ਰੁਪਏ ਰਾਖਵੇਂ ਰੱਖੇ ਹਨ * ਸਰਕਾਰ ਵੱਲੋਂ ਪੰਜਾਬ ਭਰ ’ਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਤ ਕੀਤੀਆਂ ਜਾਣਗੀਆਂ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫੇ ਤੇ ਬਰਾਬਰਤਾ ਦੇ ਸੰਦੇਸ਼ ਦੇ ਵੱਧ ਤੋਂ ਵੱਧ ਪਸਾਰ ਲਈ ਸਾਲ ਭਰ ਚੱਲਣ ਵਾਲੇ ਵਿਸ਼ੇਸ਼ ਸਮਾਗਮਾਂ ਦੀ ਯੋਜਨਾ ਉਲੀਕੀ ਗਈ ਹੈ। ਸੌਂਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੇ ਸਮਾਗਮਾਂ ਲਈ ਪਹਿਲਾਂ ਹੀ 80 ਕਰੋੜ ਰੁਪਏ ਰਾਖਵੇਂ ਰੱਖੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਾਨਦਾਰ ਸਮਾਗਮਾਂ ਦੀ ਯੋਜਨਾ ਪੜਾਅਵਾਰ ਢੰਗ ਨਾਲ ਉਲੀਕੀ ਗਈ ਹੈ ਅਤੇ ਇਹ ਸਮਾਗਮ ਸਾਲ ਭਰ ਜਾਰੀ ਰਹਿਣਗੇ, ਜਿਨ੍ਹਾਂ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਦੀਵੀਂ ਸਿੱਖਿਆਵਾਂ ਨੂੰ ਪੰਜਾਬ ਦੇ ਕੋਨੇ-ਕੋਨੇ ਤੇ ਵਿਸ਼ਵ ਪੱਧਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਧਾਰਮਿਕ, ਵਿੱਦਿਅਕ ਤੇ ਵਾਤਾਵਰਣ ਪੱਖੀ ਪਹਿਲਕਦਮੀਆਂ ਰਾਹੀਂ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਸ਼ਾਮਲ ਕਰਨ ਲਈ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਸਿੱਖਿਆਵਾਂ ਤੇ ਆਧਾਰਿਤ ਸਕੂਲ ਪੱਧਰੀ ਮੁਕਾਬਲਿਆਂ ਤੋਂ ਇਲਾਵਾ 13,000 ਤੋਂ ਵੱਧ ਪਿੰਡਾਂ ’ਚ 30 ਮਿੰਟ ਦੀਆਂ ਡਾਕੂਮੈਂਟਰੀ ਫਿਲਮਾਂ ਵੀ ਦਿਖਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਜੁਲਾਈ ਤੋਂ ਨਵੰਬਰ ਤੱਕ ਸੂਬੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ’ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਫਲਸਫੇ ਤੇ ਵਿਰਾਸਤ ਤੇ ਸੈਮੀਨਾਰ ਅਤੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ’ਚ ਵਿਸ਼ੇਸ਼ ਕੀਰਤਨ ਸਮਾਗਮ ਵੀ ਕਰਵਾਏ ਜਾਣਗੇ, ਜਦਕਿ ਅਗਸਤ ਤੋਂ ਨਵੰਬਰ ਦਰਮਿਆਨ ਵਿਧਾਨ ਸਭਾ ਹਲਕਿਆਂ ’ਚ ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ ਨੂੰ ਦਰਸਾਉਂਦੇ ਡਰੋਨ ਸ਼ੋਅ ਕਰਵਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਭਰ ’ਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਤ ਕੀਤੀਆਂ ਜਾਣਗੀਆਂ, 6.50 ਲੱਖ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ, ਅਗਸਤ ਮਹੀਨੇ ’ਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ‘ਰਨ ਫਾਰ ਇਕੁਐਲਿਟੀ’ ਮੈਰਾਥਨ ਅਤੇ ਸਤੰਬਰ ’ਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸਾਈਕਲ ਰੈਲੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ’ਚ ਸੂਬੇ ਭਰ ਵਿੱਚ 6.50 ਲੱਖ ਯਾਦਗਾਰੀ ਝੰਡੇ ਵੰਡੇ ਜਾਣਗੇ। ਧਾਰਮਿਕ ਸਮਾਗਮਾਂ ਤੇ ਚਾਨਣਾ ਪਾਉਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ 5 ਤੋਂ 8 ਅਕਤੂਬਰ ਦਰਮਿਆਨ ਵਾਰਾਣਸੀ, ਫਰੀਦਕੋਟ, ਬਠਿੰਡਾ ਤੇ ਜੰਮੂ ਤੋਂ ਸ਼ੁਰੂ ਹੋ ਕੇ ਚਾਰ ਸ਼ੋਭਾ ਯਾਤਰਾਵਾਂ ਖੁਰਾਲਗੜ੍ਹ ਵਿਖੇ ਸਮਾਪਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸਮਾਗਮ 9 ਤੋਂ 11 ਅਕਤੂਬਰ, 2026 ਤੱਕ ਖੁਰਾਲਗੜ੍ਹ ਵਿਖੇ ਤਿੰਨ ਰੋਜ਼ਾ ਸ਼ਾਨਦਾਰ ਰਾਜ ਪੱਧਰੀ ਸਮਾਗਮ ਨਾਲ ਸੰਪੰਨ ਹੋਣਗੇ। ਆਖਰੀ ਦਿਨ, 11 ਅਕਤੂਬਰ ਨੂੰ ਕਥਾ ਤੇ ਕੀਰਤਨ ਦਰਬਾਰ, ਬੇਗਮਪੁਰਾ ਸਮਾਗਮ, ਮੀਨਾਰ-ਏ-ਬੇਗਮਪੁਰਾ ਵਿਖੇ ਇੱਕ ਹੋਰ 3ਡੀ ਪ੍ਰੋਜੈਕਸ਼ਨ ਅਤੇ ਸ਼ਾਨਦਾਰ ਡਰੋਨ ਸ਼ੋਅ ਹੋਵੇਗਾ। ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਇਨ੍ਹਾਂ ਸਮਾਗਮਾਂ ਨੂੰ ਪੂਰੀ ਸ਼ਰਧਾ ਤੇ ਜਾਹੋ-ਜਲਾਲ ਨਾਲ ਮਨਾਉਣ ਲਈ ਵਚਨਬੱਧ ਹੈ ਤਾਂ ਜੋ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੁਆਰਾ ਦਿੱਤਾ ਗਿਆ ਸਮਾਨਤਾ, ਸਮਾਜਿਕ ਸਦਭਾਵਨਾ, ਭਾਈਚਾਰੇ ਤੇ ਮਨੁੱਖੀ ਮਾਣ-ਸਨਮਾਨ ਦਾ ਸਰਵ-ਵਿਆਪਕ ਸੰਦੇਸ਼ ਹਰ ਘਰ ਤੱਕ ਪਹੁੰਚ ਸਕੇ।