ਖਿਜ਼ਰਾਬਾਦ ਦਾ ਸੀ-ਪਾਈਟ ਸੈਂਟਰ ਸਰਕਾਰੀ ਅਣਗਹਿਲੀ ਦੀ ਭੇਟ ਚੜ੍ਹਿਆ ਖਿਜ਼ਰਾਬਾਦ ਦਾ ਸੀ-ਪਾਈਟ ਸੈਂਟਰ ਸਰਕਾਰੀ ਅਣਗਹਿਲੀ ਦੀ ਭੇਟ ਚੜ੍ਹਿਆ, ਕਰੋੜਾਂ ਦੀ ਇਮਾਰਤ ਬਣੀ ਖੰਡਰ,,
Publish Date: Mon, 19 Oct 2026 07:54 PM (IST)
Updated Date: Tue, 20 Oct 2026 04:03 AM (IST)
-ਕਰੋੜਾਂ ਦੀ ਇਮਾਰਤ ਬਣੀ ਖੰਡਰ,, ਕਦੇ ਨੌਜਵਾਨਾਂ ਨੂੰ ਫ਼ੌਜ ਅਤੇ ਪੁਲਿਸ ’ਚ ਭਰਤੀ ਲਈ ਮੁਫ਼ਤ ਸਿਖਲਾਈ ਦੇਣ ਵਾਲਾ ਕੇਂਦਰ ਅੱਜ ਪਿਆ ਬੰਦ -ਜਗਮੋਹਨ ਸਿੰਘ ਕੰਗ ਨੇ ਕਿਹਾ ਨਵੇਂ ਕੰਮਾਂ ਦੇ ਐਲਾਨਾਂ ਦੇ ਨਾਲ ਪੁਰਾਣੀਆਂ ਇਮਾਰਤਾਂ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਵੀ ਸੰਭਾਲੇ ਸਰਕਾਰ ਰੋਹਿਤ ਗੁਪਤਾ, ਪੰਜਾਬੀ ਜਾਗਰਣ ਮਾਜਰੀ : ਜ਼ਿਲ੍ਹਾ ਐੱਸਏਐੱਸ ਨਗਰ ਦੇ ਪਿੰਡ ਖਿਜ਼ਰਾਬਾਦ ਵਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਅਤੇ ਉਨ੍ਹਾਂ ਨੂੰ ਫ਼ੌਜ, ਪੁਲਿਸ ਸਮੇਤ ਹੋਰਨਾਂ ਵਿਭਾਗਾਂ ਵਿਚ ਭਰਤੀ ਹੋਣ ਲਈ ਸਿਖਲਾਈ ਦੇਣ ਦੇ ਮਕਸਦ ਨਾਲ ਸਥਾਪਤ ਕੀਤਾ ਗਿਆ ਸੀ-ਪਾਈਟ ਸਿਖਲਾਈ ਕੇਂਦਰ ਅੱਜ ਸਰਕਾਰੀ ਅਣਗਹਿਲੀ ਕਾਰਨ ਆਪਣੀ ਹੋਂਦ ਗੁਆਉਂਦਾ ਨਜ਼ਰ ਆ ਰਿਹਾ ਹੈ। ਕਦੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਦੀਆਂ ਆਸਾਂ ਦਾ ਕੇਂਦਰ ਰਹੀ ਇਹ ਇਮਾਰਤ ਅੱਜ ਬੰਦ ਪਈ ਹੋਣ ਕਾਰਨ ਖੰਡਰ ਬਣਨ ਵੱਲ ਵੱਧ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2004-05 ਦੌਰਾਨ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੇ ਯਤਨਾਂ ਸਦਕਾ ਯੋਗ ਸੇਵਾਵਾਂ ਵਿਭਾਗ ਨਾਲ ਸਬੰਧਤ ਵੱਲੋਂ ਸੀ-ਪਾਈਟ ਕੇਂਦਰ ਦਾ ਨਿਰਮਾਣ ਕਰਵਾਇਆ ਗਿਆ ਸੀ। ਇਸ ਕੇਂਦਰ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਫ਼ੌਜ ਅਤੇ ਪੁਲਿਸ ਦੀ ਭਰਤੀ ਲਈ ਤਿਆਰ ਕਰਨਾ ਅਤੇ ਡਰਾਈਵਰਾਂ ਸਮੇਤ ਹੋਰਨਾਂ ਖੇਤਰਾਂ ਵਿਚ ਰੁਜ਼ਗਾਰ ਹਾਸਲ ਕਰਨ ਵਾਸਤੇ ਲੋੜੀਂਦੀ ਸਿਖਲਾਈ ਦੇਣਾ ਸੀ। ਇੱਥੇ ਯੋਗ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦੇਣ ਦੀ ਵਿਵਸਥਾ ਸੀ, ਤਾਂ ਜੋ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚੇ ਵੀ ਆਪਣੇ ਸੁਪਨੇ ਪੂਰੇ ਕਰਨ ਲਈ ਤਿਆਰੀ ਕਰ ਸਕਣ ਪਰ ਸਮਾਂ ਬੀਤਣ ਦੇ ਨਾਲ ਇਹ ਕੇਂਦਰ ਸਰਕਾਰੀ ਪ੍ਰਬੰਧਾਂ ਅਤੇ ਦੇਖਭਾਲ ਦੀ ਘਾਟ ਕਾਰਨ ਬੰਦ ਹੋ ਗਿਆ। ਜਿਸ ਇਮਾਰਤ ਵਿਚ ਕਦੇ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਦੀਆਂ ਯੋਜਨਾਵਾਂ ਬਣਦੀਆਂ ਸਨ, ਉੱਥੇ ਅੱਜ ਸਿਖਲਾਈ ਦੀਆਂ ਗਤੀਵਿਧੀਆਂ ਨਾ ਹੋਣ ਕਾਰਨ ਇਮਾਰਤ ਦੀ ਵਰਤੋਂ ਅਤੇ ਸਾਂਭ-ਸੰਭਾਲ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਦਾ ਸਵਾਲ ਹੈ ਕਿ ਜੇਕਰ ਸਰਕਾਰੀ ਪੈਸੇ ਨਾਲ ਬਣਾਈਆਂ ਇਮਾਰਤਾਂ ਨੂੰ ਵਰਤੋਂ ਵਿਚ ਹੀ ਨਹੀਂ ਲਿਆਂਦਾ ਜਾਣਾ, ਤਾਂ ਫਿਰ ਇਨ੍ਹਾਂ ’ਤੇ ਖਰਚ ਕੀਤੀ ਗਈ ਰਕਮ ਦਾ ਲਾਭ ਆਮ ਲੋਕਾਂ ਅਤੇ ਨੌਜਵਾਨਾਂ ਤੱਕ ਕਿਵੇਂ ਪਹੁੰਚੇਗਾ? ਪਹਿਲਾਂ ਪੁਰਾਣੇ ਅਦਾਰਿਆਂ ਨੂੰ ਸੰਭਾਲੇ ਸਰਕਾਰ : ਕੰਗ ਇਸ ਮਾਮਲੇ ਸਬੰਧੀ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਸਰਕਾਰਾਂ ਨੂੰ ਨਵੀਆਂ ਯੋਜਨਾਵਾਂ ਦੇ ਐਲਾਨ ਕਰਨ ਦੇ ਨਾਲ-ਨਾਲ ਪਹਿਲਾਂ ਤੋਂ ਬਣੇ ਅਦਾਰਿਆਂ ਦੀ ਸਾਂਭ-ਸੰਭਾਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਿਜ਼ਰਾਬਾਦ ਵਿਖੇ ਬਣਾਇਆ ਗਿਆ ਸੀ-ਪਾਈਟ ਕੇਂਦਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਭਰਤੀ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸਥਾਪਤ ਕੀਤਾ ਗਿਆ ਸੀ। ਸਾਬਕਾ ਮੰਤਰੀ ਨੇ ਨੌਜਵਾਨਾਂ ਦੇ ਭਵਿੱਖ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਅੱਜ ਪੰਜਾਬ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਯੋਗ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਮਕਸਦ ਲਈ ਖੇਡਾਂ, ਹੁਨਰ ਵਿਕਾਸ ਅਤੇ ਭਰਤੀ ਸਬੰਧੀ ਸਿਖਲਾਈ ਕੇਂਦਰਾਂ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਸਬੰਧਤ ਵਿਭਾਗ ਇਸ ਕੇਂਦਰ ਨੂੰ ਮੁੜ ਚਾਲੂ ਕਰਨ ਲਈ ਕੋਈ ਠੋਸ ਕਦਮ ਚੁੱਕਦੇ ਹਨ ਜਾਂ ਫਿਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਾਹ ਪਾਉਣ ਲਈ ਬਣਾਈ ਗਈ ਇਹ ਇਮਾਰਤ ਇਸੇ ਤਰ੍ਹਾਂ ਅਣਗਹਿਲੀ ਦਾ ਸ਼ਿਕਾਰ ਬਣੀ ਰਹੇਗੀ। ਖਿਜ਼ਰਾਬਾਦ ਦਾ ਇਹ ਕੇਂਦਰ ਸਰਕਾਰ ਲਈ ਇਕ ਮੌਕਾ ਹੈ ਕਿ ਉਹ ਸਿਰਫ਼ ਨਵੀਆਂ ਯੋਜਨਾਵਾਂ ਦੇ ਐਲਾਨਾਂ ਤੱਕ ਸੀਮਤ ਰਹਿਣ ਦੀ ਬਜਾਏ ਪਹਿਲਾਂ ਤੋਂ ਬਣੇ ਲੋਕ-ਹਿਤੈਸ਼ੀ ਅਦਾਰਿਆਂ ਨੂੰ ਮੁੜ ਜੀਵਤ ਕਰਕੇ ਨੌਜਵਾਨਾਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵੱਲ ਕਦਮ ਵਧਾਏ।