- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਖਰੜ-3 ਨੇ ਮਾਰੀ ਬਾਜ਼ੀ,

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡ ਕ੍ਰਾਂਤੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ੁੱਕਰਵਾਰ ਨੂੰ ਸਕੂਲ ਆਫ਼ ਐਮੀਨੈਂਸ, ਫੇਜ਼-3ਬੀ-1, ਮੁਹਾਲੀ ਵਿਖੇ ਸ਼ਾਨਦਾਰ ਸਮਾਪਨ ਹੋਇਆ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਖੇਡ ਮੁਕਾਬਲਿਆਂ ਦੇ ਆਖ਼ਰੀ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਬੇਹੱਦ ਰੋਮਾਂਚਕ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਬਲਾਕ ਖਰੜ-3 ਦੇ ਨੰਨ੍ਹੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ, ਸਖ਼ਤ ਮਿਹਨਤ ਅਤੇ ਸ਼ਾਨਦਾਰ ਪ੍ਰਦਰਸ਼ਨ ਦਾ ਲੋਹਾ ਮਨਵਾਉਂਦਿਆਂ ਓਵਰਆਲ ਟਰਾਫ਼ੀ ਆਪਣੇ ਨਾਮ ਕੀਤੀ, ਜਦਕਿ ਬਲਾਕ ਕੁਰਾਲੀ ਨੇ ਦੂਜਾ ਸਥਾਨ ਹਾਸਲ ਕਰਕੇ ਆਪਣੀ ਖੇਡ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ਵਿਚ ਜ਼ਿਲ੍ਹੇ ਦੇ ਅੱਠ ਬਲਾਕਾਂ ਦੀਆਂ ਬਲਾਕ ਪੱਧਰ ’ਤੇ ਜੇਤੂ ਟੀਮਾਂ ਨੇ ਪੂਰੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲਿਆ। ਨੰਨ੍ਹੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ, ਅਨੁਸ਼ਾਸਨ, ਟੀਮ ਭਾਵਨਾ ਅਤੇ ਜਿੱਤਣ ਦੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡ ਮੈਦਾਨ ਨੂੰ ਉਤਸ਼ਾਹ ਨਾਲ ਭਰ ਦਿੱਤਾ।
ਸਮਾਪਤੀ ਅਤੇ ਇਨਾਮ ਵੰਡ ਸਮਾਰੋਹ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਨਾਲ ਬੱਚਿਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਯੋਗ ਅਤੇ ਸੰਘਰਸ਼ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਨੇ ਸਾਰੇ ਭਾਗੀਦਾਰ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਭਵਿੱਖ ਵਿਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਖੇਡਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਡਿਪਟੀ ਡੀਈਓ ਐਲੀਮੈਂਟਰੀ ਅੰਗਰੇਜ਼ ਸਿੰਘ ਅਤੇ ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ ਦੀ ਅਗਵਾਈ ਹੇਠ ਸਮੁੱਚੀ ਖੇਡ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਸੰਜੀਵ ਕੰਬੋਜ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਫੇਜ਼ 3 ਬੀ 1, ਬੀਪੀਈਓ ਕਮਲਜੀਤ ਸਿੰਘ, ਸਹਾਇਕ ਜ਼ਿਲ੍ਹਾ ਖੇਡ ਕਨਵੀਨਰ ਜਗਦੀਪ ਸਿੰਘ ਕਲੋਲੀ, ਜ਼ਿਲ੍ਹਾ ਦਫ਼ਤਰ ਖੇਡ ਸਹਾਇਕ ਪ੍ਰੀਤੀ, ਦਫ਼ਤਰ ਸਹਾਇਕ ਕੋਮਲ ਨੰਦਾ, ਸਟੇਜ ਕਮੇਟੀ ਦੇ ਮੈਂਬਰ ਅਤੇ ਸਟੇਜ ਸਕੱਤਰ ਰਵਿੰਦਰ ਸਿੰਘ ਪੱਪੀ ਸਿੱਧੂ ਤੇ ਤਜਿੰਦਰ ਸਿੰਘ ਸਿਆਊ ਤੋਂ ਇਲਾਵਾ ਵੱਖ-ਵੱਖ ਖੇਡ ਕਮੇਟੀਆਂ ਦੇ ਮੁਖੀ, ਸੈਂਟਰ ਅਤੇ ਹੈੱਡ ਟੀਚਰਾਂ ਸਮੇਤ ਅਰਵਿੰਦਰ ਸਿੰਘ ਪਿੰਕੀ, ਦਵਿੰਦਰਪਾਲ ਸਿੰਘ, ਹਰਜੀਤ ਸਿੰਘ ਸਕਰੂਲਾਪੁਰ, ਵਿਪਿਨ ਕੁਮਾਰ ਝਿੰਗਰਾਂ, ਬਲਬੀਰ ਸਿੰਘ ਝੰਜੇੜੀ, ਖੁਸ਼ਪ੍ਰੀਤ ਸਿੰਘ ਲੋਹਗੜ੍ਹ, ਜਗਦੇਵ ਸਿੰਘ ਰਡਿਆਲਾ, ਰਾਜਿੰਦਰ ਸਿੰਘ ਦੇਸੂਮਾਜਰਾ, ਗੁਰਪ੍ਰੀਤ ਪਾਲ ਸਿੰਘ, ਸ਼ਿਵ ਕੁਮਾਰ ਰਾਣਾ, ਗੁਲਜੀਤ ਸਿੰਘ ਗੜਾਂਗਾ, ਜਸਵਿੰਦਰ ਸਿੰਘ ਡੇਰਾਬੱਸੀ-2, ਦਵਿੰਦਰ ਸਿੰਘ ਡੇਰਾਬੱਸੀ-1, ਅੰਮ੍ਰਿਤਪਾਲ ਸਿੰਘ, ਦੇਵ ਕਰਨ ਸਿੰਘ, ਮਨਜੀਤ ਸਿੰਘ ਕਸੋਲੀ, ਜੱਸੀ ਕੁਰੜਾ, ਰਵਿੰਦਰ ਸਿੰਘ ਰਾਏਪੁਰ, ਹਰਪ੍ਰੀਤ ਕੌਰ ਮੁਹਾਲੀ ਪਿੰਡ, ਮੋਨਿਕਾ ਵਾਸਲ, ਅਰਵਿੰਦਰ ਕੌਰ, ਰਵੀ ਕੁਮਾਰ, ਰਵਿੰਦਰ ਸਿੰਘ ਅਤੇ ਸੰਜੀਵ ਭਗਵਾਸ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।