ਕੇਜਰੀਵਾਲ ਤੇ ਮਾਨ ਕਰਨਗੇ ‘ਆਪ’ ਦੀ ਚੋਣ ਮੁਹਿੰਮ ਦਾ ਆਗ਼ਾਜ਼, ਪੰਜਾਬ ਦੇ ਸਿਆਸੀ ਇਤਿਹਾਸ ’ਚ ਨਵਾਂ ਅਧਿਆਏ ਲਿਖੇਗੀ ‘ਆਪ’ ਦੀ ਮੋਗਾ ਮਹਾ ਰੈਲੀ
ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਦੱਸਿਆ ਕਿ 116 ਏਕੜ ਦੇ ਵਿਸ਼ਾਲ ਰਕਬੇ ’ਚ ਲੱਗਿਆ ਇਹ ਪੰਡਾਲ ਸੂਬੇ ਦੇ ਇਤਿਹਾਸ ਦਾ ਸਭ ਤੋਂ ਵੱਡਾ ਪੰਡਾਲ ਹੈ, ਜਿੱਥੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 2027 ਦੀਆਂ ਚੋਣਾਂ ਲਈ ਚੋਣ ਮੁਹਿੰਮ ਦਾ ਸ਼ਾਨਦਾਰ ਆਗ਼ਾਜ਼ ਕਰਨਗੇ।
Publish Date: Tue, 24 Nov 2026 08:28 AM (IST)
Updated Date: Tue, 24 Nov 2026 08:33 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ, ਵਿਧਾਇਕ ਤੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ 26 ਨਵੰਬਰ ਨੂੰ ਮੋਗਾ ਦੇ ਪਿੰਡ ਮਟਵਾਣੀ (ਮੇਨ ਜੀਟੀ ਰੋਡ) ਵਿਖੇ ਹੋਣ ਜਾ ਰਹੀ ਪਾਰਟੀ ਦੀ ‘ਖੁਸ਼ਹਾਲ ਪੰਜਾਬ ਰੈਲੀ’ ਨੂੰ ਪੰਜਾਬ ਦੀ ਸਿਆਸਤ ’ਚ ਨਵਾਂ ਇਤਿਹਾਸ ਸਿਰਜਣ ਵਾਲਾ ਇਕੱਠ ਕਰਾਰ ਦਿੱਤਾ ਹੈ।
ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਦੱਸਿਆ ਕਿ 116 ਏਕੜ ਦੇ ਵਿਸ਼ਾਲ ਰਕਬੇ ’ਚ ਲੱਗਿਆ ਇਹ ਪੰਡਾਲ ਸੂਬੇ ਦੇ ਇਤਿਹਾਸ ਦਾ ਸਭ ਤੋਂ ਵੱਡਾ ਪੰਡਾਲ ਹੈ, ਜਿੱਥੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ 2027 ਦੀਆਂ ਚੋਣਾਂ ਲਈ ਚੋਣ ਮੁਹਿੰਮ ਦਾ ਸ਼ਾਨਦਾਰ ਆਗ਼ਾਜ਼ ਕਰਨਗੇ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 75 ਸਾਲ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ, ਕਾਂਗਰਸ ਅਤੇ ਬੀਜੇਪੀ ਦੇ ਲੰਬੇ-ਚੌੜੇ ਮੈਨੀਫੈਸਟੋ ਦੇ ਮੁਕਾਬਲੇ 'ਆਪ' ਨੇ ਪੰਜੇ ਗਰੰਟੀਆਂ ਪੂਰੀਆਂ ਕਰਕੇ ਇਤਿਹਾਸ ਰਚਿਆ ਹੈ, ਜਿਨ੍ਹਾਂ ’ਚ ਹਰ ਘਰ ਨੂੰ ਮੁਫ਼ਤ ਬਿਜਲੀ ਨਾਲ ਪ੍ਰਤੀ ਪਰਿਵਾਰ ਸਾਲਾਨਾ 18,000 ਰੁਪਏ ਅਤੇ ਪੰਜ ਸਾਲਾ ’ਚ 90,000 ਰੁਪਏ ਦੀ ਸਿੱਧੀ ਬੱਚਤ ਹੋਈ ਹੈ; ਮੁਹੱਲਾ ਕਲੀਨਿਕਾਂ ’ਚ 42 ਟੈਸਟ ਮੁਫ਼ਤ ਹੋ ਰਹੇ ਹਨ ਅਤੇ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਯਕੀਨੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਬੱਸਾਂ ’ਚ ਮੁਫ਼ਤ ਸਫ਼ਰ, ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਮਾਣ-ਭੱਤਾ, ਸ਼ਗਨ ਸਕੀਮ ਤਹਿਤ 51,000 ਰੁਪਏ ਅਤੇ ਤੀਰਥ ਯਾਤਰਾ ਯੋਜਨਾ ਦਾ ਸਿੱਧਾ ਲਾਭ ਮਿਲਿਆ ਹੈ।
ਮੁੱਖ ਬੁਲਾਰੇ ਨੇ ਕਿਹਾ ਕਿ ਮਾਨ ਸਰਕਾਰ ਨੇ ਰਿਕਾਰਡ 15,000 ਕਿਲੋਮੀਟਰ ਲੰਬੀਆਂ ਪਾਈਪਲਾਈਨਾਂ ਵਿਛਾਉਣ ਤੇ ਨਹਿਰਾਂ-ਸੂਇਆਂ ਨੂੰ ਪੱਕਾ ਕਰਨ ਨਾਲ ਧਰਤੀ ਹੇਠਲਾ ਪਾਣੀ ਕਰੀਬ 2 ਮੀਟਰ ਉੱਪਰ ਉੱਠਿਆ ਹੈ, ਜਦਕਿ ਬਾਸਮਤੀ ਦਾ 4,000 ਤੋਂ 5,500 ਰੁਪਏ ਪ੍ਰਤੀ ਕੁਇੰਟਲ ਤੱਕ ਰਿਕਾਰਡ ਭਾਅ ਅਤੇ ਗੰਨੇ ਦੀ ਸਮੇਂ ਸਿਰ ਅਦਾਇਗੀ ਹੋਈ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਪੰਜਾਬ ਅਤੇ ਸਿੱਖਾਂ ਨਾਲ ਪਾਣੀਆਂ, ਚੰਡੀਗੜ੍ਹ, ਯੂਨੀਵਰਸਿਟੀਆਂ ਅਤੇ ਫੰਡਾਂ ਦੇ ਮਾਮਲੇ ’ਚ ਵਿਤਕਰਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਪਟਨਾ ਸਾਹਿਬ ਨੇੜੇ ਬਣਨ ਵਾਲੇ ਪੁਲ਼ ਤੇ ਸੜਕ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਥਾਂ ਸਾਬਕਾ ਮੁੱਖ ਮੰਤਰੀ ਦੇ ਨਾਂ ’ਤੇ ਰੱਖਣ ਦੀ ਵੀ ਨਿਖੇਧੀ ਕੀਤੀ। ਇਸੇ ਤਰ੍ਹਾਂ ਉਨ੍ਹਾਂ ਅਕਾਲੀ ਦਲ ’ਤੇ ਭਾਜਪਾ ਨਾਲ ਗੱਠਜੋੜ ਲਈ ਤਰਲੋ-ਮੱਛੀ ਹੋਣ ਅਤੇ ਕਾਂਗਰਸ ’ਤੇ ਅੰਦਰੂਨੀ ਕਲੇਸ਼ ਤੇ ਪਰਿਵਾਰਵਾਦ ਨੂੰ ਲੈ ਕੇ ਨਿਸ਼ਾਨਾ ਸਾਧਿਆ।
ਵਿਧਾਇਕ ਅਰੋੜਾ ਅਤੇ ਮਾਣੂਕੇ ਵੱਲੋਂ ਰੈਲੀ ’ਚ ਪਹੁੰਚਣ ਦਾ ਸੱਦਾ
ਵਿਧਾਇਕ ਅਮਨਦੀਪ ਕੌਰ ਅਰੋੜਾ ਨੇ 26 ਨਵੰਬਰ ਨੂੰ ਸਵੇਰੇ 11 ਵਜੇ ਮਟਵਾਨੀ ਵਿਖੇ ਹੋਣ ਵਾਲੀ ਇਸ ਰੈਲੀ ਦਾ ਸੱਦਾ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਨੇ 600 ਯੂਨਿਟ ਮੁਫ਼ਤ ਬਿਜਲੀ, 77,000 ਤੋਂ ਵੱਧ ਨੌਜਵਾਨਾਂ ਨੂੰ ਮੈਰਿਟ ’ਤੇ ਨੌਕਰੀਆਂ, ਸੜਕ ਸੁਰੱਖਿਆ ਫੋਰਸ, 80 ਫ਼ੀਸਦੀ ਨਹਿਰੀ ਪਾਣੀ, ਦਿਨ ਵੇਲੇ ਬਿਜਲੀ ਅਤੇ ਮੋਗਾ ’ਚ ਨਵੇਂ ਸਕੂਲਾਂ ਤੇ ਟਰਾਮਾ ਸੈਂਟਰ ਵਰਗੇ ਵਿਕਾਸ ਕਾਰਜ ਕਰਵਾਏ ਹਨ। ਇਸੇ ਦੌਰਾਨ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਕਿ ਇਹ ਰੈਲੀ 5 ਸਾਲਾ ਦੇ ਕੰਮਾਂ ਦੀ ਸਮੀਖਿਆ ਹੈ, ਜਿੱਥੇ ਲੋਕ ਬਿਨਾਂ ਕਿਸੇ ਲੋਭ-ਲਾਲਚ ਦੇ ਮਾਨ ਸਰਕਾਰ ਦੇ ਕੰਮਾਂ ਸਦਕਾ ਆਪ-ਮੁਹਾਰੇ ਇਕੱਠੇ ਹੋਣਗੇ।