ਝੋਟਾ ਕਤਲਕਾਂਡ : ਜ਼ਿਲ੍ਹਾ ਮੁਹਾਲੀ ਪੂਰਨ ਤੌਰ ’ਤੇ ਰਿਹਾ ਬੰਦ ਝੋਟਾ ਕਤਲਕਾਂਡ: ਮੁਹਾਲੀ ਜ਼ਿਲ੍ਹਾ ਰਿਹਾ ਪੂਰਨ ਤੌਰ ’ਤੇ ਬੰਦ
Publish Date: Thu, 15 Oct 2026 07:54 PM (IST)
Updated Date: Thu, 15 Oct 2026 07:57 PM (IST)
-ਮੁਹਾਲੀ, ਖਰੜ, ਕੁਰਾਲੀ, ਮਾਜਰੀ, ਜ਼ੀਰਕਪੁਰ, ਡੇਰਾਬੱਸੀ ਸਮੇਤ ਹੋਰਨਾਂ ਥਾਵਾਂ ’ਤੇ ਲੱਗੇ ਧਰਨੇ, ਲਾਂਡਰਾਂ ਜੰਕਸ਼ਨ ’ਤੇ ਜ਼ਬਰਦਸਤ ਜਾਮ, ਸਰਵਿਸ ਰੋਡ ਸਮੇਤ ਐਂਟਰੀ ਪੁਆਇੰਟ ਵੀ ਕੀਤੇ ਸੀਲ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਸਿੱਖ ਨੌਜਵਾਨ ਆਗੂ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਸਬੰਧੀ ਵੀਰਵਾਰ ਨੂੰ ਪੰਜਾਬ ਬੰਦ ਦੀ ਅਪੀਲ ਦਾ ਮੁਹਾਲੀ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਵਿਆਪਕ ਅਸਰ ਦੇਖਣ ਨੂੰ ਮਿਲਿਆ। ਮੁਹਾਲੀ ਜ਼ਿਲ੍ਹਾ ਪੂਰਨ ਰੂਪ ’ਚ ਬੰਦ ਰਿਹਾ। ਜਿੱਥੇ ਮੁੱਖ ਸੜਕਾਂ ’ਤੇ ਚੱਕਾ ਜਾਮ ਰਿਹਾ, ਉੱਥੇ ਬਾਜ਼ਾਰ ਵੀ ਬੰਦ ਰਹੇ। ਹਾਲਾਂਕਿ ਸਵੇਰੇ ਅਤੇ 12 ਵਜੇ ਕਾਫ਼ੀ ਮਾਰਕੀਟਾਂ ਵਿਚ ਕੁੱਝ ਦੁਕਾਨਾਂ ਖੁੱਲ੍ਹੀਆਂ ਸਨ ਪ੍ਰੰਤੂ ਬਾਅਦ ਵਿਚ ਪ੍ਰਦਰਸ਼ਨਕਾਰੀਆਂ ਦੀ ਅਪੀਲ ’ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਬਾਜ਼ਾਰਾਂ ’ਚ ਪੂਰੀ ਤਰ੍ਹਾਂ ਸੰਨਾਟਾ ਪਸਰ ਗਿਆ। ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ ਅਤੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਮੁਹਾਲੀ ਏਅਰਪੋਰਟ ਸੜਕ ਉੱਤੇ ਕਿਸਾਨਾਂ, ਸ਼੍ਰੋਮਣੀ ਅਕਾਲੀ ਦਲ (ਬ), ਅਕਾਲੀ ਦਲ (ਵਾਰਿਸ ਪੰਜਾਬ ਦੇ) ਸਮੇਤ ਹੋਰਨਾਂ ਜਥੇਬੰਦੀਆਂ ਨੇ ਧਰਨਾ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਖਰੜ, ਕੁਰਾਲੀ, ਮਾਜਰੀ, ਜ਼ੀਰਕਪੁਰ, ਡੇਰਾਬੱਸੀ ਸਮੇਤ ਹੋਰਨਾਂ ਕਸਬਿਆਂ ਵਿਚ ਵੀ ਬਾਜ਼ਾਰ ਬੰਦ ਰਹੇ ਅਤੇ ਸੜਕਾਂ ਤੇ ਆਵਾਜਾਈ ਠੱਪ ਰਹੀ। ਉਧਰ, ਲਾਂਡਰਾਂ ਜੰਕਸ਼ਨ ਤੇ ਮਹਿਲਾ ਐਸਐਚਓ ਦ ਗੱਡੀ ਜਾਮ ’ਚ ਫਸ ਗਈ। ਕਿਸਾਨਾਂ ਅਤੇ ਇਨਸਾਫ਼ ਪਸੰਦ ਲੋਕਾਂ ਨੇ ਮੁੱਖ ਸੜਕ ਉੱਤੇ ਚੱਕਾ ਜਾਮ ਕੀਤਾ ਹੋਇਆ ਸੀ। ਕਮਲਜੀਤ ਸਿੰਘ ਲਾਂਡਰਾਂ, ਬਲਵਿੰਦਰ ਸਿੰਘ, ਗੁਰਤੇਜ ਸਿੰਘ, ਕੁਲਬੀਰ ਸਿੰਘ, ਹਰਦੀਪ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਤੱਕ ਜਾਮ ਜਾਰੀ ਰਿਹਾ। ਪ੍ਰਦਰਸ਼ਨਕਾਰੀਆਂ ਨੇ ਮੁੱਖ ਸੜਕਾਂ ਸਮੇਤ ਸਰਵਿਸ ਰੋਡ ਅਤੇ ਸਾਰੇ ਐਂਟਰੀ ਪੁਆਇੰਟ ਸੀਲ ਕੀਤੇ ਗਏ ਸਨ। ਜਿਸ ਕਾਰਨ ਰਾਹਗੀਰ ਸਾਰਾ ਦਿਨ ਖੱਜਲ-ਖੁਆਰ ਹੁੰਦੇ ਰਹੇ। ਪੰਜਾਬ ਬੰਦ ਦੇ ਮੱਦੇਨਜ਼ਰ ਮੁਹਾਲੀ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ’ਚ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਖੁੱਲ੍ਹੇ ਹੋਣ ਕਾਰਨ ਮੁਲਾਜ਼ਮ ਵਰਗ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟਰੈਫ਼ਿਕ ਲਾਈਟ ਪੁਆਇੰਟ ਫੇਜ਼-7 ’ਚ ਵੀ ਮਾਨ ਦਲ ਦੇ ਆਗੂ ਦਲਜੀਤ ਸਿੰਘ ਕੁੰਬੜਾ ਅਤੇ ਹੋਰਨਾਂ ਇਨਸਾਫ਼ ਲੋਕਾਂ ਨੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ। ‘ਪੰਜਾਬ ਬੰਦ’ ਦੇ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁਹਾਲੀ ਇਕਾਈ ਨੇ ਸਮਰਥਨ ਦਿੱਤਾ। ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਏਅਰਪੋਰਟ ਸੜਕ ’ਤੇ ਧਰਨਾ ਦਿੱਤਾ ਅਤੇ ਘਟਨਾ ਪ੍ਰਤੀ ਰੋਸ ਪ੍ਰਗਟਾਇਆ। ਪਰਵਿੰਦਰ ਸੋਹਾਣਾ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ-ਵਿਵਸਥਾ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਨੂੰ ਅਜਿਹੇ ਹਾਲਾਤ ਪੈਦਾ ਨਹੀਂ ਹੋਣ ਦੇਣੇ ਚਾਹੀਦੇ, ਜਿਨ੍ਹਾਂ ’ਚ ਲੋਕਾਂ ਨੂੰ ਇਨਸਾਫ਼ ਲਈ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਰ ਹਾਲਤ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਆਮ ਨਾਗਰਿਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਨ। ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਅਤੇ ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਪੰਜਾਬ ਬੰਦ ਦਾ ਸਮਰਥਨ ਕਰਦਿਆਂ ਮਾਰਕੀਟ ਬੰਦ ਰੱਖਣ ਲਈ ਸਮੂਹ ਦੁਕਾਨਦਾਰਾਂ ਅਤੇ ਵਪਾਰੀ ਵਰਗ ਦਾ ਧੰਨਵਾਦ ਕੀਤਾ। ਇਸ ਮੌਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਕਾਹਲੋਂ, ਹਰਵਿੰਦਰ ਸਿੰਘ, ਕੁਲਦੀਪ ਕੌਰ ਕੰਗ, (ਦੋਵੇਂ ਅਕਾਲੀ ਕੌਂਸਲਰ), ਸਾਬਕਾ ਕੌਂਸਲਰ ਸਤਬੀਰ ਸਿੰਘ ਧਨੋਆ, ਨੰਬਰਦਾਰ ਹਰਵਿੰਦਰ ਸਿੰਘ, ਹਰਿੰਦਰ ਸਿੰਘ ਸੁੱਖਗੜ੍ਹ, ਗੁਰਮੀਤ ਸਿੰਘ ਰਾਏਪੁਰ, ਗੁਰਦੀਪ ਸਿੰਘ ਮਨੌਲੀ, ਦਰਸ਼ਨ ਸਿੰਘ ਦੁਰਾਲੀ, ਸੁਖਚੈਨ ਸਿੰਘ ਚਿੱਲਾ, ਤੇਜਬੀਰ ਸਿੰਘ ਪੰਜੋਖਰਾ, ਲਖਬੀਰ ਸਿੰਘ ਲੱਖਾ, ਅਮਰਜੀਤ ਸਿੰਘ, ਸਵਰਨਜੀਤ ਕੌਰ ਢਿੱਲੋਂ ਅਤੇ ਸਤਬੀਰ ਸਿੰਘ ਖੱਟੜਾ ਸਮੇਤ ਹੋਰ ਆਗੂ ਮੌਜੂਦ ਸਨ। ਨੈਸ਼ਨਲ ਹਾਈਵੇਟ ਉੱਤੇ ਗੋਪਾਲ ਸਵੀਟਸ ਨੇੜੇ ਧਰਨੇ ’ਚ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਵੀ ਸ਼ਮੂਲੀਅਤ ਕੀਤੀ ਅਤੇ ਪੰਜਾਬ ਵਿਚ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਇਸ਼ਤਿਹਾਰਬਾਜ਼ੀ ’ਚ ਰੁੱਝੀ ਹੋਈ ਹੈ ਅਤੇ ਸੂਬੇ ’ਚੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂਕਿ ਨਸ਼ਿਆਂ ਵਿਰੁੱਧ ਜੰਗ ਲੜਨ ਵਾਲੇ ਯੋਧਿਆਂ ਦਾ ਸ਼ਰ੍ਹੇਆਮ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਰਕਾਰ ਨੂੰ ਸੱਤਾ ’ਚ ਰਹਿਣ ਦਾ ਕੋਈ ਹੱਕ ਨਹੀਂ ਹੈ।