ਜਵੈਲਰਜ਼ ਦੀ ਦੁਕਾਨ ਦੇ ਤਾਲੇ ਤੋੜ ਕੇ 15 ਲੱਖ ਦੇ ਗਹਿਣੇ ਚੋਰੀ ਜਵੈਲਰਜ਼ ਦੀ ਦੁਕਾਨ ਦੇ ਤਾਲੇ ਤੋੜ 15 ਲੱਖ ਦੇ ਗਹਿਣੇ ਚੋਰੀ,
Publish Date: Wed, 11 Nov 2026 07:27 PM (IST)
Updated Date: Wed, 11 Nov 2026 07:30 PM (IST)
ਤਿੰਨ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਬੁੱਧਵਾਰ ਤੜਕੇ ਖਰੜ ਦੇ ਸਰਾਫਾ ਬਾਜ਼ਾਰ ’ਚ ਸਥਿਤ ਸੱਤਿਅਮ ਜਵੈਲਰਜ਼ ਦੀ ਦੁਕਾਨ ਦੇ ਤਾਲੇ ਤੋੜ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੁਕਾਨ ’ਚੋਂ 15 ਲੱਖ ਦੀ ਕੀਮਤ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਕਮਲਦੀਪ ਉਰਫ ਪ੍ਰਦੀਪ ਕਰਵਲ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਉਹ ਪੰਜ ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਅਤੇ ਸਵੇਰੇ 7 ਵਜੇ ਦੇ ਕਰੀਬ ਉਸ ਦੇ ਗੁਆਂਢੀ ਵੱਲੋਂ ਉਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਦੀ ਦੁਕਾਨ ਦੇ ਦੋਵੇਂ ਤਾਲੇ ਟੁੱਟੇ ਹੋਏ ਹਨ ਅਤੇ ਸ਼ਟਰ ਅੱਧਾ ਖੁੱਲ੍ਹਾ ਪਿਆ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੁਕਾਨ ’ਚੋਂ ਗਹਿਣਿਆਂ ਦੇ ਪਏ ਸਾਰੇ ਡੱਬੇ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਕਾਰਨ ਸਾਰੇ ਗਹਿਣੇ ਕਾਊਂਟਰ ਵਿਚ ਲਗਾਏ ਹੋਏ ਸਨ ਜਦਕਿ ਅੱਗੇ ਉਹ ਹਰ ਰੋਜ਼ ਗਹਿਣਿਆਂ ਦੇ ਡੱਬੇ ਆਪਣੀ ਤਿਜ਼ੌਰੀ ਵਿਚ ਰੱਖ ਕੇ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਚਾਂਦੀ ਦੀਆਂ ਅੰਗੂਠੀਆਂ, ਚੁਟਕੀਆਂ, ਝਾਂਜਰਾਂ ,ਚਾਂਦੀ ਦੇ ਬਰਤਨ, ਸਿੱਕੇ ਛੱਲੇ ਘੁੰਗਰੂ, ਕੋਕੇ, ਵਾਲੀਆਂ, ਚੂੜੀਆਂ ਅਤੇ ਸੋਨੇ ਦੀਆਂ ਵਾਲੀਆਂ, ਨੱਤੀਆਂ, ਅੰਗੂਠੀਆਂ, ਡੱਬਿਆਂ ਸਮੇਤ ਚੋਰੀ ਕੀਤੇ ਗਏ ਹਨ ਜੋ ਢਾਈ ਕਿੱਲੋ ਚਾਂਦੀ ਅਤੇ ਪੰਜ ਤੋਲੇ ਸੋਨਾ ਹੈ, ਜਿਸ ਦੀ ਕੀਮਤ 15 ਲੱਖ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਦੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਨ੍ਹਾਂ ’ਚ ਤੜਕੇ ਤਿੰਨ ਵਜੇ ਤਿੰਨ ਵਿਅਕਤੀ ਜਿਨ੍ਹਾਂ ਨੇ ਲੋਈਆਂ ਦੀ ਬੁੱਕਲਾਂ ਮਾਰੀਆਂ ਹੋਈਆਂ ਸਨ, ਇਕ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦਿੱਤੇ ਅਤੇ ਉਨ੍ਹਾਂ ਸਿੱਧੇ ਦੁਕਾਨ ਦੇ ਤਾਲੇ ਤੋੜੇ ਅਤੇ ਕੁਝ ਮਿੰਟਾਂ ’ਚ ਹੀ ਸਾਰੇ ਡੱਬੇ ਚੁੱਕ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸਰਾਫਾ ਐਸੋਸੀਏਸ਼ਨ ਵੱਲੋਂ ਬਾਜ਼ਾਰ ਵਿਚ ਇਕ ਪੱਕਾ ਸੁਰੱਖਿਆ ਕਰਮਚਾਰੀ ਵੀ ਰੱਖਿਆ ਹੋਇਆ ਹੈ ਪਰ ਕੱਲ੍ਹ ਰਾਤ ਉਹ ਬੰਦਾ ਅਚਾਨਕ ਛੁੱਟੀ ਮਾਰ ਗਿਆ ਅਤੇ ਇਹ ਚੋਰੀ ਦੀ ਵਾਰਦਾਤ ਵਾਪਰ ਗਈ। ਉਨ੍ਹਾਂ ਇਸ ਵਾਰਦਾਤ ਦੀ ਸੂਚਨਾ ਖਰੜ ਪੁਲਿਸ ਨੂੰ ਦੇ ਦਿੱਤੀ ਗਈ ਹੈ, ਜਿਨ੍ਹਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਹੈ ਅਤੇ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ।