ਜੁਝਾਰ ਨਗਰ ’ਚ ਪਾਣੀ ਬਿੱਲਾਂ ਦੀ ਵਸੂਲੀ ਦਾ ਮਾਮਲਾ ਭਖਿਆ ਜੁਝਾਰ ਨਗਰ 'ਚ ਪਾਣੀ ਬਿੱਲਾਂ ਦੀ ਵਸੂਲੀ ਦਾ ਮਾਮਲਾ ਭਖਿਆ
Publish Date: Tue, 22 Sep 2026 04:43 PM (IST)
Updated Date: Wed, 23 Sep 2026 04:03 AM (IST)
-ਸਾਬਕਾ ਮੰਤਰੀ ਨੇ ਲਾਏ ਗੰਭੀਰ ਦੋਸ਼, ਹਜ਼ਾਰਾਂ ਰੁਪਏ ਦੇ ਬਿੱਲ ਭੇਜ ਕੇ ਕੁਨੈਕਸ਼ਨ ਕੱਟਣ ਦੀ ਧਮਕੀ -ਸਿੱਧੂ ਨੇ ਸਾਬਕਾ ਜੱਜ ਜਾਂ ਵਿਜੀਲੈਂਸ ਤੋਂ ਜਾਂਚ ਦੀ ਕੀਤੀ ਮੰਗੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਦੀ ਜੂਹ ਵਿਚ ਪਿੰਡ ਜੁਝਾਰ ਨਗਰ ’ਚ ਪਾਣੀ ਬਿੱਲਾਂ ਦੀ ਵਸੂਲੀ ਨੂੰ ਲੈ ਕੇ ਸਿਆਸਤ ਭਖ ਗਈ ਹੈ। ਪਿੰਡ ਵਾਸੀਆਂ ਬਾਬਾ ਕਸ਼ਮੀਰ ਸਿੰਘ, ਸਾਬਕਾ ਸਰਪੰਚ ਰਾਜ ਕੁਮਾਰ ਰਾਜੂ ਅਤੇ ਹੈਪੀ ਮਲਿਕ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਇਕਬਾਲ ਸਿੰਘ ’ਤੇ ਧੱਕੇਸ਼ਾਹੀ ਅਤੇ ਬਿੱਲਾਂ ਦੀ ਵਸੂਲੀ ਲਈ ਨੋਟਿਸ ਭੇਜਣ ਅਤੇ ਕੁਨੈਕਸ਼ਨ ਕੱਟਣ ਦਾ ਦੋਸ਼ ਲਾਇਆ ਹੈ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਮੁੱਚੇ ਮਾਮਲੇ ਦੀ ਵਿਜੀਲੈਂਸ ਬਿਊਰੋ ਜਾਂ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਵੱਲੋਂ ਮਹਿਜ਼ ਦੋ ਕੁ ਮਹੀਨੇ ਪਹਿਲਾਂ ਹੀ ਸਾਰਾ ਬਕਾਇਆ ਕਲੀਅਰ ਕਰਕੇ ਜੁਝਾਰ ਨਗਰ ਪੰਚਾਇਤ ਨੂੰ ਜਲ ਸਪਲਾਈ ਦਾ ਕੰਮ ਸੌਂਪਿਆ ਗਿਆ ਸੀ ਲੇਕਿਨ ਹੁਣ ਸਰਪੰਚ ਵੱਲੋਂ ਹਜ਼ਾਰਾਂ ਰੁਪਏ ਦੇ ਬਿੱਲ ਭੇਜੇ ਜਾ ਰਹੇ ਹਨ ਅਤੇ ਲਗਭਗ 500 ਪਰਿਵਾਰਾਂ ਨੂੰ ਪਾਣੀ ਬਿੱਲਾਂ ਦੀ ਵਸੂਲੀ ਲਈ ਨੋਟਿਸ ਭੇਜੇ ਗਏ ਹਨ, ਜਿਨ੍ਹਾਂ ’ਚੋਂ ਕਈ ਪਰਿਵਾਰਾਂ ਨੂੰ 4,000 ਤੋਂ 7000 ਰੁਪਏ ਤੱਕ ਦੇ ਬਿੱਲ ਮਿਲੇ ਹਨ। ਬਿੱਲ ਜਮ੍ਹਾਂ ਨਾ ਕਰਵਾਉਣ ਦੀ ਸੂਰਤ ’ਚ ਪਾਣੀ ਦਾ ਕੁਨੈਕਸ਼ਨ ਕੱਟਣ ਦੀ ਚੇਤਾਵਨੀ ਦਿੱਤੀ ਗਈ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿਉਂਕਿ ਸਰਪੰਚ ਆਪਣੇ ਪੱਧਰ ’ਤੇ ਐਡੀ ਧੱਕੇਸ਼ਾਹੀ ਨਹੀਂ ਕਰ ਸਕਦਾ ਹੈ। ਜੇਕਰ ਸਰਪੰਚ ਅਜਿਹਾ ਕਰ ਰਿਹਾ ਹੈ ਤਾਂ ਉਸ ਨੂੰ ਤੁਰੰਤ ਅਹੁਦੇ ਤੋਂ ਮੁਅੱਤਲ ਕਰਕੇ ਪੂਰੇ ਮਾਮਲੇ ਦੀ ਵਿਜੀਲੈਂਸ ਬਿਊਰੋ ਜਾਂ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਪੰਚਾਇਤ ਵੱਲੋਂ ਲੋਕਾਂ ਨੂੰ ਤਿੰਨ-ਤਿੰਨ ਮਹੀਨਿਆਂ ਦੇ ਪਾਣੀ ਦੇ ਬਿੱਲ ਭੇਜੇ ਗਏ ਹਨ, ਜਿਨ੍ਹਾਂ ਦੀ ਰਕਮ ਹਜ਼ਾਰਾਂ ਰੁਪਏ ’ਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਣੀ ਬਿੱਲਾਂ ਦੀ ਵਸੂਲੀ ਲਈ ਸਰਪੰਚ ਦੇ ਪਰਿਵਾਰਕ ਮੈਂਬਰ ਹੀ ਘਰ-ਘਰ ਜਾ ਕੇ ਪੈਸੇ ਇਕੱਠੇ ਕਰ ਰਹੇ ਹਨ। ਜਦੋਂਕਿ ਨਿਯਮਾਂ ਅਨੁਸਾਰ ਸਰਪੰਚ ਦੇ ਪਰਿਵਾਰ ਦਾ ਜੀਅ ਵਾਟਰ ਸਪਲਾਈ ਕਮੇਟੀ ਦਾ ਮੈਂਬਰ ਨਹੀਂ ਹੋ ਸਕਦਾ ਹੈ। ਕੁਝ ਥਾਵਾਂ ’ਤੇ ਪਾਣੀ ਦੇ ਕੁਨੈਕਸ਼ਨ ਕੱਟਣ ਤੋਂ ਬਾਅਦ, ਉਨ੍ਹਾਂ ਨੂੰ ਦੁਬਾਰਾ ਜੋੜਨ ਬਦਲੇ ਹਜ਼ਾਰਾਂ ਰੁਪਏ ਮੰਗਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਸਰਪੰਚ ਵੱਲੋਂ ਪਾਣੀ ਦੇ ਕੁਨੈਕਸ਼ਨ ਦੇ 25 ਹਜ਼ਾਰ ਅਤੇ ਸੀਵਰੇਜ ਦੇ 20 ਹਜ਼ਾਰ ਮੰਗੇ ਜਾ ਰਹੇ ਹਨ। ਬਾਕਸ : ਉਧਰ, ਜੁਝਾਰ ਨਗਰ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਉਪਰੋਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਆਉਣ ਕਾਰਨ ਵਿਰੋਧੀ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਰਾ ਕੁੱਝ ਨਿਯਮਾਂ ਤਹਿਤ ਕੀਤਾ ਜਾ ਰਿਹਾ ਹੈ। ਪਾਣੀ ਦੇ ਨਵੇਂ ਕੁਨੈਕਸ਼ਨ ਦੇ 25 ਹਜ਼ਾਰ ਲੈਣ ਅਤੇ ਸੀਵਰੇਜ ਦੇ 20 ਹਜ਼ਾਰ ਲੈਣ ਦੇ ਦੋਸ਼ ਨਿਰ੍ਹਾ ਝੂਠ ਹਨ। ਸਰਪੰਚ ਨੇ ਦੱਸਿਆ ਕਿ ਅੱਧਾ ਪਿੰਡ ਪਾਣੀ ਦਾ ਬਿੱਲ ਦੇ ਰਿਹਾ ਹੈ ਅਤੇ ਅੱਧਾ ਪਿੰਡ ਪੈਸੇ ਨਹੀਂ ਦੇ ਰਿਹਾ। ਜਿਨ੍ਹਾਂ ਵੱਲ ਬਕਾਇਆ ਖੜਾ ਹੈ, ਉਨ੍ਹਾਂ ਨੂੰ ਹੀ ਨੋਟਿਸ ਭੇਜੇ ਜਾ ਰਹੇ ਹਨ। ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੇ ਬਿੱਲਾਂ ਦਾ ਭੁਗਤਾਨ ਕੀਤਾ ਹੋਇਆ ਹੈ ਤਾਂ ਸਬੂਤ ਦਿਖਾਉਣ ’ਤੇ ਉਸ ਦਾ ਬਿੱਲ ਮੁਆਫ਼ ਕਰ ਦਿੱਤਾ ਜਾਵੇਗਾ। ਸਰਪੰਚ ਨੇ ਦੱਸਿਆ ਕਿ ਪਿੰਡ ਵਾਸੀਆਂ ਤੋਂ ਉੱਕਾ ਪੁੱਕਾ 150 ਰੁਪਏ ਪਾਣੀ ਬਿੱਲ ਲਿਆ ਜਾ ਰਿਹਾ ਹੈ ਅਤੇ ਜੋ ਆਰਥਿਕ ਹਾਲਤ ਮਾੜੀ ਹੋਣ ਕਾਰਨ ਪੈਸੇ ਨਹੀਂ ਦੇ ਸਕਦਾ, ਤਾਂ ਮੌਕਾ ਦੇਖਣ ਤੋਂ ਬਾਅਦ ਉਸ ਦਾ ਬਿੱਲ ਮੁਆਫ਼ ਕੀਤਾ ਜਾਂਦਾ ਹੈ। ਸਰਪੰਚ ਨੇ ਦਾਅਵਾ ਕੀਤਾ ਕਿ ਇਹ ਪੈਸਾ ਪਿੰਡ ਦੇ ਵਿਕਾਸ ’ਤੇ ਲਾਇਆ ਜਾਵੇਗਾ।