ਸੱਤਾ ਦੇ ਨਸ਼ੇ 'ਚ ਮਦਹੋਸ਼ ਗੁਰੂ-ਦੋਖੀ ਭਗਵੰਤ ਮਾਨ ਪੰਜਾਬ ਨੂੰ ਕੰਗਾਲ ਕਰਕੇ ਹੀ ਛੱਡੇਗਾ : ਮਜੀਠੀਆ
ਅੰਤ 'ਚ ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ 27 ਅਗਸਤ ਦੇ Mass Leave ਅਤੇ ਪੰਜਾਬ ਬੰਦ ਨੂੰ ਪੂਰਾ ਸਮਰਥਨ ਦਿੰਦਾ ਹੈ ਅਤੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਡਾਕਟਰਾਂ ਦੀ ਹੱਕੀ ਲੜਾਈ 'ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਜਦੋਂ ਅਕਾਲੀ ਦਲ ਦੀ ਸਰਕਾਰ ਆਵੇਗੀ ਤਾਂ ਸਾਰੇ ਬਕਾਏ ਪਹਿਲ ਦੇ ਆਧਾਰ 'ਤੇ ਜਾਰੀ ਕੀਤੇ ਜਾਣਗੇ। ਹੁਣ ਸਮਾਂ ਆ ਗਿਆ ਹੈ ਪੰਜਾਬ ਨੂੰ ਦਿੱਲੀ ਦੀ ਕਠਪੁਤਲੀ ਸਰਕਾਰ ਤੋਂ ਆਜ਼ਾਦ ਕਰਵਾਇਆ ਜਾਵੇ।
Publish Date: Tue, 25 Aug 2026 04:44 PM (IST)
Updated Date: Tue, 25 Aug 2026 04:52 PM (IST)
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ, ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੱਤਾ ਦੇ ਨਸ਼ੇ ’ਚ ਮਦਹੋਸ਼ ਗੁਰੂ-ਦੋਖੀ ਭਗਵੰਤ ਮਾਨ ਪੰਜਾਬ ਨੂੰ ਆਰਥਿਕ ਤੌਰ ’ਤੇ ਤਬਾਹ ਕਰਕੇ ਹੀ ਦਮ ਲਵੇਗਾ।
ਜਿਸ ਸਰਕਾਰ ਨੇ ਕਰਜ਼ਾ-ਮੁਕਤ ਪੰਜਾਬ ਦਾ ਵਾਅਦਾ ਕੀਤਾ ਸੀ, ਉਹੀ ਹਰ ਹਫ਼ਤੇ ਪੰਜਾਬ ਦੇ ਸਿਰ ਨਵਾਂ ਕਰਜ਼ਾ ਮੜ੍ਹ ਰਹੀ ਹੈ। ਹੁਣ 27 ਅਗਸਤ ਨੂੰ 13 ਤੋਂ 15 ਸਾਲ ਦੀ ਮਿਆਦ ਲਈ 2,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਬਾਜ਼ਾਰ 'ਚੋਂ ਚੁੱਕਿਆ ਜਾ ਰਿਹਾ ਹੈ, ਜਿਸ ’ਤੇ ਸਾਲਾਨਾ ਕਰੋੜਾਂ ਦਾ ਵਿਆਜ ਪੰਜਾਬੀਆਂ ਨੂੰ ਭਰਨਾ ਪਵੇਗਾ। ਜਿਸ ਹਿਸਾਬ ਨਾਲ ਪੰਜਾਬ ਦੇ ਸਿਰ ਉੱਪਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ। ਉਸ ਹਿਸਾਬ ਨਾਲ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ 5 ਲੱਖ ਕਰੋੜ ਦੇ ਕਰਜ਼ੇ ਨੂੰ ਵੀ ਪਾਰ ਕਰ ਜਾਵੇਗਾ।
ਮਜੀਠੀਆ ਨੇ ਕਿਹਾ ਕਿ ਅੱਜ ਹਾਲਤ ਇਹ ਹੈ ਕਿ ਪੰਜਾਬ ’ਚ ਜੰਮਣ ਵਾਲਾ ਹਰ ਬੱਚਾ ਲੱਖਾਂ ਦੇ ਕਰਜ਼ੇ ’ਚ ਜੰਮ ਰਿਹਾ ਹੈ। ਰੰਗਲਾ ਪੰਜਾਬ ਦਾ ਵਾਅਦਾ ਕਰਨ ਵਾਲਿਆਂ ਨੇ ਪੰਜਾਬ ਨੂੰ ਕੰਗਲਾ ਅਤੇ ਕਰਜ਼ਈ ਪੰਜਾਬ ਬਣਾ ਦਿੱਤਾ ਹੈ। ਅੱਜ ਪੰਜਾਬ ਸਿਰ 5 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੋਣ ਨੂੰ ਤਿਆਰ ਹੈ, ਜਿਸ ਦੀ ਕੀਮਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁਕਾਉਣੀ ਪਵੇਗੀ।
ਉਹ ਸਾਨੂੰ ਕਦੇ ਮਾਫ ਨਹੀਂ ਕਰਨਗੀਆਂ ਅਤੇ ਇਤਹਾਸ ਕਿਹਾ ਕਰੇਗਾ ਕਿ ਇੱਕ ਸ਼ਰਾਬੀ ਗੁਰੂ-ਦੋਖੀ ਮੁੱਖ ਮੰਤਰੀ ਸੀ ਜਿਸਨੇ ਦਿੱਲੀ ਵਾਲਿਆ ਦੀ ਕਠਪੁਤਲੀ ਬਣ ਪੰਜਾਬ ਨੂੰ ਤਹਿਸ-ਨਹਿਸ ਕਰ ਦਿੱਤਾ।
ਉਨ੍ਹਾਂ ਸਵਾਲ ਚੁੱਕਿਆ ਕਿ ਕੀ ਇਹ 2,000 ਕਰੋੜ ਵੀ ਦਿੱਲੀ ਦੇ ਦਲਾਲਾਂ ਦੇ ਇਸ਼ਤਿਹਾਰਾਂ ’ਤੇ ਫੂਕਣ ਲਈ ਲਿਆ ਜਾ ਰਿਹਾ ਹੈ? ਖਜ਼ਾਨੇ ’ਚ ਮੁਲਾਜ਼ਮਾਂ ਨੂੰ DA ਦੇਣ ਲਈ ਪੈਸਾ ਨਹੀਂ, ਪੈਨਸ਼ਨਰਾਂ ਦੇ ਬਕਾਏ ਦੇਣ ਲਈ ਪੈਸਾ ਨਹੀਂ, ਡਾਕਟਰਾਂ ਨੂੰ ਸਹੂਲਤਾਂ ਦੇਣ ਲਈ ਪੈਸਾ ਨਹੀਂ ਪਰ ਆਪਣੀ ਝੂਠੀ ਵਾਹ-ਵਾਹ ਦੇ ਇਸ਼ਤਿਹਾਰਾਂ ’ਤੇ ਅਰਬਾਂ ਰੁਪਏ ਲੁਟਾਏ ਜਾ ਰਹੇ ਹਨ।
ਮਜੀਠੀਆ ਨੇ ਦੋਸ਼ ਲਾਇਆ ਕਿ PSPCL ਨੂੰ 10,000 ਕਰੋੜ ਅਤੇ GMADA ਨੂੰ 15,000 ਕਰੋੜ ਦੇ ਕਰਜ਼ੇ 'ਚ ਗਹਿਣੇ ਰੱਖਣਾ ਕੋਈ ਸਧਾਰਨ ਗੱਲ ਨਹੀਂ। ਇਹ ਸਿੱਧੀ ਕਮਿਸ਼ਨਖੋਰੀ ਅਤੇ ਦਿੱਲੀ ਦੇ ਦਲਾਲਾਂ ਨੂੰ ਫਾਇਦਾ ਪਹੁੰਚਾਉਣ ਦੀ ਸਾਜ਼ਿਸ਼ ਹੈ। ਪੰਜਾਬ ਦਾ ਖਜ਼ਾਨਾ ਖੋਲ੍ਹ ਕੇ ਦਿੱਲੀ ਨੂੰ ਲੁਟਾਇਆ ਜਾ ਰਿਹਾ ਹੈ। ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।
ਆਮ ਆਦਮੀ ਕਲੀਨਿਕਾਂ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਹਤ ਕ੍ਰਾਂਤੀ ਦਾ ਪਰਦਾਫਾਸ਼ ਹੋ ਗਿਆ ਹੈ। ਅੱਜ ਤੋਂ ਸਾਂਝਾ ਫਰੰਟ ਵੱਲੋਂ OPD ਸੇਵਾਵਾਂ ਅਣਮਿਥੇ ਸਮੇਂ ਲਈ ਬੰਦ ਹਨ। ਡਾਕਟਰ ਸਿਵਲ ਸਰਜਨ ਦਫਤਰਾਂ ਬਾਹਰ ਧਰਨੇ ’ਤੇ ਹਨ। ਜੋ ਡਾਕਟਰ ਰੋਜ਼ 50-60 ਮਰੀਜ਼ ਦੇਖਦੇ ਸਨ, ਉਹ ਅੱਜ ਹੱਕਾਂ ਲਈ ਸੜਕਾਂ 'ਤੇ ਰੁਲ ਰਹੇ ਹਨ ਅਤੇ ਲੱਖਾਂ ਮਰੀਜ਼ ਧੱਕੇ ਖਾ ਰਹੇ ਹਨ।
ਮਜੀਠੀਆ ਨੇ ਕਿਹਾ ਕਿ 79 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਪੰਜਾਬ ਦਾ ਹਰ ਸਰਕਾਰੀ ਮੁਲਾਜ਼ਮ 27 ਅਗਸਤ ਨੂੰ Mass Leave ’ਤੇ ਜਾ ਰਿਹਾ ਹੈ। ਇਹ ਸਿਰਫ ਰੋਸ ਨਹੀਂ, ਇਹ ਨਿਕੰਮੀ, ਹੰਕਾਰੀ ਤੇ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਸਰਕਾਰ ਦੀ ਸ਼ਰਮਨਾਕ ਹਾਰ ਹੈ।
ਇਤਿਹਾਸ ਯਾਦ ਰੱਖੇਗਾ ਕਿ ਇੱਕ ਮਾਸਟਰ ਦੇ ਸ਼ਰਾਬੀ ਮੁੰਡੇ ਦੇ ਰਾਜ ’ਚ ਪੂਰਾ ਪੰਜਾਬ ਬੰਦ ਹੋ ਗਿਆ ਸੀ, ਸਾਰੇ ਮੁਲਾਜ਼ਮ ਛੁੱਟੀ 'ਤੇ ਚਲੇ ਗਏ ਸਨ, ਕਿਉਂਕਿ ਸਤੌਜ ਵਾਲਾ ਸ਼ਾਹੀ ਮਹਿਲਾਂ 'ਚ ਠਾਠ-ਬਾਠ ਮਾਣ ਰਿਹਾ ਸੀ ਤੇ ਮੁਲਾਜ਼ਮ ਆਪਣੇ ਹੱਕਾਂ ਲਈ ਸੜਕਾਂ 'ਤੇ ਰੁਲ ਰਹੇ ਸਨ।
ਅੰਤ 'ਚ ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ 27 ਅਗਸਤ ਦੇ Mass Leave ਅਤੇ ਪੰਜਾਬ ਬੰਦ ਨੂੰ ਪੂਰਾ ਸਮਰਥਨ ਦਿੰਦਾ ਹੈ ਅਤੇ ਮੁਲਾਜ਼ਮਾਂ, ਪੈਨਸ਼ਨਰਾਂ ਤੇ ਡਾਕਟਰਾਂ ਦੀ ਹੱਕੀ ਲੜਾਈ 'ਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਜਦੋਂ ਅਕਾਲੀ ਦਲ ਦੀ ਸਰਕਾਰ ਆਵੇਗੀ ਤਾਂ ਸਾਰੇ ਬਕਾਏ ਪਹਿਲ ਦੇ ਆਧਾਰ 'ਤੇ ਜਾਰੀ ਕੀਤੇ ਜਾਣਗੇ। ਹੁਣ ਸਮਾਂ ਆ ਗਿਆ ਹੈ ਪੰਜਾਬ ਨੂੰ ਦਿੱਲੀ ਦੀ ਕਠਪੁਤਲੀ ਸਰਕਾਰ ਤੋਂ ਆਜ਼ਾਦ ਕਰਵਾਇਆ ਜਾਵੇ।