ਨਸ਼ੇ ’ਚ ਐਸਟਰੋਲੋਜਿਸਟ ਨੇ ਖੜ੍ਹੀ ਸਕਾਰਪੀਓ ਨੂੰ ਮਾਰੀ ਟੱਕਰ, ਗੱਡੀ ਦਾ ਭਾਰੀ ਨੁਕਸਾਨ ਨਸ਼ੇ ’ਚ ਐਸਟਰੋਲੋਜਿਸਟ ਨੇ ਖੜ੍ਹੀ ਸਕਾਰਪੀਓ ਨੂੰ ਮਾਰੀ ਟੱਕਰ, ਗੱਡੀ ਦਾ ਭਾਰੀ ਨੁਕਸਾਨ
Publish Date: Sat, 24 Oct 2026 07:54 PM (IST)
Updated Date: Sat, 24 Oct 2026 07:55 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਥਾਨਕ ਇਲਾਕੇ ’ਚ ਜੀਬੀਪੀ ਦੇ ਬਾਹਰ ਉਸ ਸਮੇਂ ਹੰਗਾਮੇ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ’ਚ ਧੁੱਤ ਇਕ ਐਸਟਰੋਲੋਜਿਸਟ ਨੇ ਬਾਹਰ ਪਾਰਕ ਕੀਤੀ ਇਕ ਸਕਾਰਪੀਓ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਖੜ੍ਹੀ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ, ਜਿਸ ਕਾਰਨ ਵਾਹਨ ਮਾਲਕ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਕਾਰਪੀਓ ਗੱਡੀ ਦੇ ਮਾਲਕ ਰਾਜਿੰਦਰ ਬੱਗਾ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਦਫ਼ਤਰ ਦੇ ਬਾਹਰ ਸਹੀ ਢੰਗ ਨਾਲ ਖੜ੍ਹੀ ਕੀਤੀ ਹੋਈ ਸੀ। ਰਾਤ ਦੇ ਸਮੇਂ ਅਚਾਨਕ ਇਕ ਭਿਆਨਕ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਘਬਰਾ ਕੇ ਤੁਰੰਤ ਬਾਹਰ ਆਏ ਤਾਂ ਦੇਖਿਆ ਕਿ ਇਕ ਹੋਰ ਵਾਹਨ ਨੇ ਉਨ੍ਹਾਂ ਦੀ ਖੜ੍ਹੀ ਗੱਡੀ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਪੀੜਤ ਰਾਜਿੰਦਰ ਬੱਗਾ ਨੇ ਦੋਸ਼ ਲਾਇਆ ਕਿ ਗੱਡੀ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਨੀਰਜ ਨਾਂਅ ਦਾ ਐਸਟਰੋਲੋਜਿਸਟ ਹੈ, ਜੋ ਘਟਨਾ ਵੇਲੇ ਨਸ਼ੇ ਦੀ ਹਾਲਤ ਵਿਚ ਸੀ। ਉਨ੍ਹਾਂ ਕਿਹਾ ਕਿ ਗੱਡੀ ਪਾਰਕਿੰਗ ਵਿਚ ਖੜ੍ਹੀ ਹੋਣ ਦੇ ਬਾਵਜੂਦ ਮੁਲਜ਼ਮ ਦੀ ਲਾਪਰਵਾਹੀ ਅਤੇ ਨਸ਼ੇ ਦੀ ਹਾਲਤ ਕਾਰਨ ਉਨ੍ਹਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਗੱਡੀ ਦੀ ਮੁਰੰਮਤ ’ਤੇ ਹੁਣ ਮੋਟਾ ਖ਼ਰਚਾ ਆਵੇਗਾ, ਜਿਸ ਕਾਰਨ ਉਨ੍ਹਾਂ ’ਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਸ ਘਟਨਾ ਨੇ ਇਕ ਵਾਰ ਫਿਰ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਘਾਤਕ ਨਤੀਜਿਆਂ ਨੂੰ ਉਜਾਗਰ ਕਰ ਦਿੱਤਾ ਹੈ। ਲੋਕਾਂ ਦਾ ਭਵਿੱਖ ਸੁਧਾਰਨ ਦਾ ਦਾਅਵਾ ਕਰਨ ਵਾਲੇ ਵਿਅਕਤੀ ਵੱਲੋਂ ਖ਼ੁਦ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਮਾਮਲਾ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਪੁਲਿਸ ਵੱਲੋਂ ਬਣਦੀ ਕਾਰਵਾਈ ਅਤੇ ਜਾਂਚ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਘਟਨਾ ਸਾਰੇ ਵਾਹਨ ਚਾਲਕਾਂ ਲਈ ਇਕ ਸਖ਼ਤ ਸੁਨੇਹਾ ਹੈ ਕਿ ਉਹ ਨਸ਼ਾ ਕਰਕੇ ਗੱਡੀ ਚਲਾਉਣ ਤੋਂ ਗੁਰੇਜ਼ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।