ਚੰਡੀਗੜ੍ਹ ਯੂਨੀਵਰਸਿਟੀ ’ਚ ਟਿਕਾਊ, ਸਮਾਵੇਸ਼ੀ ਤੇ ਸ਼ਹਿਰਾਂ ਦੀ ਯੋਜਨਾਬੰਦੀ ’ਤੇ ਕੌਮਾਂਤਰੀ ਮੰਥਨ ਚੰਡੀਗੜ੍ਹ ਯੂਨੀਵਰਸਿਟੀ ’ਚ ਟਿਕਾਊ ਚੰਡੀਗੜ੍ਹ ਯੂਨੀਵਰਸਿਟੀ ’ਚ ਟਿਕਾਊ
Publish Date: Thu, 10 Sep 2026 06:29 PM (IST)
Updated Date: Thu, 10 Sep 2026 06:31 PM (IST)
ਚੌਥਾ ਕੌਮਾਂਤਰੀ ਸਮਰ ਸਕੂਲ : 5 ਦੇਸ਼ਾਂ ਦੇ 50 ਵਿਦਿਆਰਥੀ ਤੇ ਫੈਕਲਟੀ ਮੈਂਬਰ ਕਰਨਗੇ ਅਧਿਐਨ ਸ਼ਹਿਰੀ ਯੋਜਨਾਬੰਦੀ ਨੂੰ ਨਵੇਂ ਨਜ਼ਰੀਏ ਨਾਲ ਸਮਝਣ ਲਈ ਕੌਮਾਂਤਰੀ ਮੰਚ ਸਜਿਆ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਸ਼ਹਿਰੀ ਯੋਜਨਾਬੰਦੀ ਅਤੇ ਆਰਕੀਟੈਕਚਰ ਦੇ ਖੇਤਰ ਵਿਚ ਵੱਖ-ਵੱਖ ਦੇਸ਼ਾਂ ਦੇ ਤਜਰਬਿਆਂ ਅਤੇ ਵਿਚਾਰਾਂ ਨੂੰ ਇਕ ਸਾਂਝੇ ਮੰਚ ’ਤੇ ਲਿਆਉਂਦਿਆਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚੌਥਾ ਕੌਮਾਂਤਰੀ ਸਮਰ ਸਕੂਲ 2026 ਸ਼ੁਰੂ ਹੋ ਗਿਆ ਜੋ 16 ਸਤੰਬਰ ਤੱਕ ਜਾਰੀ ਰਹੇਗਾ। ਸਮਰ ਸਕੂਲ ਦਾ ਵਿਸ਼ਾ ‘ਰੀ-ਈਮੇਜਿੰਗ ਚੰਡੀਗੜ੍ਹ ਨੇਬਰਹੁੱਡਜ਼’ ਹੈ ਜਿਸ ’ਚ ਸਲੋਵਾਕੀਆ, ਫਿਲੀਪੀਨਜ਼, ਨੇਪਾਲ, ਬੰਗਲਾਦੇਸ਼ ਅਤੇ ਦੱਖਣੀ ਅਫ਼ਰੀਕਾ ਤੋਂ ਆਏ 50 ਵਿਦਿਆਰਥੀ ਅਤੇ ਫੈਕਲਟੀ ਮੈਂਬਰ ਹਿੱਸਾ ਲੈ ਰਹੇ ਹਨ। ਭਾਗੀਦਾਰ ਚੰਡੀਗੜ੍ਹ ਦੇ ਸ਼ਹਿਰੀ ਢਾਂਚੇ, ਵਿਰਾਸਤ, ਜਨਤਕ ਥਾਵਾਂ ਅਤੇ ਗੁਆਂਢ ਪੱਧਰ ਦੀ ਯੋਜਨਾਬੰਦੀ ਦਾ ਮੌਕੇ ’ਤੇ ਜਾ ਕੇ ਅਧਿਐਨ ਕਰਨਗੇ। ਪ੍ਰੋਗਰਾਮ ਦਾ ਮੁੱਖ ਮਕਸਦ ਇਹ ਸਮਝਣਾ ਹੈ ਕਿ ਭਵਿੱਖ ਦੇ ਸ਼ਹਿਰਾਂ ਅਤੇ ਗੁਆਂਢਾਂ ਨੂੰ ਹੋਰ ਸਮਾਵੇਸ਼ੀ, ਟਿਕਾਊ, ਲਚਕੀਲਾ ਅਤੇ ਲੋਕਾਂ ਦੀਆਂ ਲੋੜਾਂ ਮੁਤਾਬਕ ਕਿਵੇਂ ਬਣਾਇਆ ਜਾ ਸਕਦਾ ਹੈ। ਉਦਘਾਟਨੀ ਸਮਾਗਮ ’ਚ ਏਰਿਕ ਜੀਨ ਮੈਰੀ ਜ਼ਿਨਸੂ, ਰਿਪਬਲਿਕ ਆਫ਼ ਬੇਨਿਨ ਦੇ ਰਾਜਦੂਤ, ਬੇਨਿਨ ਅੰਬੈਸੀ, ਨਵੀਂ ਦਿੱਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋ. (ਡਾ.) ਜੂਨ ਜੋਰਡਾਨ, ਪ੍ਰਿਯੰਕਾ ਸਾਗਰ (ਜੀਆਈਐਸ ਸਪੈਸ਼ਲਿਸਟ), ਸੇਂਥਿਲਕੁਮਾਰ ਪੀ (ਆਰਕੀਟੈਕਟ ਤੇ ਸ਼ਹਿਰੀ ਯੋਜਨਾਕਾਰ), ਕੇਪ ਪੈਨਿਨਸੁਲਾ ਯੂਨੀਵਰਸਿਟੀ ਆਫ਼ ਟੈਕਨਾਲੋਜੀ, ਦੱਖਣੀ ਅਫ਼ਰੀਕਾ, ਪ੍ਰੋ. ਮਾ ਰੇਜੀਨਾ ਪੀ. ਫਾਲਕੋਨਾਈਟ, ਇਲੋਇਲੋ ਸਾਇੰਸ ਐਂਡ ਟੈਕਨਾਲੋਜੀ ਯੂਨੀਵਰਸਿਟੀ, ਫਿਲੀਪੀਨਜ਼, ਡਾ. ਅਸ਼ਿਤਾ ਚੱਢਾ, ਐਗਜ਼ਿਕਿਊਟਿਵ ਡਾਇਰੈਕਟਰ, ਲਿਬਰਲ ਆਰਟਸ ਐਂਡ ਹਿਊਮੈਨਿਟੀਜ਼ ਅਤੇ ਡਾ. ਰਾਜਨ ਸ਼ਰਮਾ, ਐਗਜ਼ਿਕਿਊਟਿਵ ਡਾਇਰੈਕਟਰ, ਡਿਪਾਰਟਮੈਂਟ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਸਮੇਤ ਹੋਰ ਪਤਵੰਤੇ ਮੌਜੂਦ ਰਹੇ। ਏਰਿਕ ਜੀਨ ਮੈਰੀ ਜ਼ਿਨਸੂ ਨੇ ਕਿਹਾ ਕਿ ਚੰਡੀਗੜ੍ਹ ਸਿਰਫ਼ ਇਕ ਸ਼ਹਿਰ ਨਹੀਂ, ਸਗੋਂ ਆਜ਼ਾਦ ਭਾਰਤ ਦੇ ਸੁਪਨੇ ਅਤੇ ਭਵਿੱਖਮੁਖੀ ਸੋਚ ਦੀ ਇਕ ਮਹੱਤਵਪੂਰਨ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਜਦੋਂ ਚੰਡੀਗੜ੍ਹ ਦੀ ਯੋਜਨਾ ਤਿਆਰ ਕੀਤੀ ਗਈ ਸੀ, ਉਸ ਵੇਲੇ ਇਸ ਨੂੰ ਭਵਿੱਖ ਦੀਆਂ ਲੋੜਾਂ ਨੂੰ ਧਿਆਨ ’ਚ ਰੱਖ ਕੇ ਇਕ ਵਿਜ਼ਨਰੀ ਸ਼ਹਿਰ ਵਜੋਂ ਵਿਕਸਤ ਕੀਤਾ ਗਿਆ ਸੀ। ਅੱਜ ਜਦੋਂ ਦੁਨੀਆ ਸਮਾਰਟ ਅਤੇ ਤਕਨਾਲੋਜੀ ਆਧਾਰਿਤ ਸ਼ਹਿਰਾਂ ਵੱਲ ਵੱਧ ਰਹੀ ਹੈ, ਚੰਡੀਗੜ੍ਹ ਦੀ ਯੋਜਨਾਬੰਦੀ ਤੋਂ ਇਹ ਸਿੱਖਿਆ ਜਾ ਸਕਦੀ ਹੈ ਕਿ ਆਧੁਨਿਕਤਾ ਦੇ ਨਾਲ ਮਨੁੱਖੀ ਲੋੜਾਂ, ਹਰਿਆਲੀ ਅਤੇ ਸ਼ਹਿਰੀ ਜੀਵਨ ਦੀ ਗੁਣਵੱਤਾ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ। ਪ੍ਰਿਯੰਕਾ ਸਾਗਰ ਨੇ ਕਿਹਾ ਕਿ ਹਿਮਾਲਿਆ ਵਰਗੇ ਆਫ਼ਤ-ਪ੍ਰਭਾਵਿਤ ਖੇਤਰਾਂ ’ਚ ਵਿਕਾਸ ਲਈ ਇਲਾਕੇ ਦੀਆਂ ਕੁਦਰਤੀ ਵਿਸ਼ੇਸ਼ਤਾਵਾਂ ਨੂੰ ਧਿਆਨ ’ਚ ਰੱਖ ਕੇ ਖੇਤਰ-ਵਿਸ਼ੇਸ਼ ਆਰਕੀਟੈਕਚਰਲ ਪਲਾਨਿੰਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੀਆਈਐਸ ਰਾਹੀਂ ਖ਼ਤਰੇ ਵਾਲੇ ਇਲਾਕਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ, ਪਰ ਪਲਾਨਿੰਗ ’ਚ ਕੁਦਰਤੀ ਜਲ ਨਿਕਾਸੀ, ਦਰਿਆਵਾਂ ਅਤੇ ਪਹਾੜਾਂ ਦੇ ਕੁਦਰਤੀ ਵਹਾਅ ਦਾ ਵੀ ਸਤਿਕਾਰ ਹੋਣਾ ਚਾਹੀਦਾ ਹੈ। ਸੇਂਥਿਲਕੁਮਾਰ ਪੀ ਨੇ ਕਿਹਾ ਕਿ ਚੰਡੀਗੜ੍ਹ ਦੇ ਸੈਕਟਰਾਂ ਦਾ ਅਧਿਐਨ ਕਰਨਾ ਇਸ ਲਈ ਬੇਹੱਦ ਜ਼ਰੂਰੀ ਹੈ ਤਾਂ ਜੋ ਵਧਦੀ ਆਬਾਦੀ ਅਤੇ ਵਾਹਨਾਂ ਦੀ ਵਧ ਰਹੀ ਆਵਾਜਾਈ ਕਾਰਨ ਪੈਦਾ ਹੋ ਰਹੀਆਂ ਚੁਣੌਤੀਆਂ ਦਾ ਹੱਲ ਕਰਦਿਆਂ ਸ਼ਹਿਰ ਦੀ ਮੂਲ ਯੋਜਨਾਬੰਦੀ ਦੇ ਸਿਧਾਂਤਾਂ ਨੂੰ ਕਾਇਮ ਰੱਖਿਆ ਜਾ ਸਕੇ। ਸੈਕਟਰ-22 ਨੂੰ ਕੇਸ ਸਟੱਡੀ ਵਜੋਂ ਲੈ ਕੇ ਚੰਡੀਗੜ੍ਹ ਦੇ ਸੈਕਟਰਾਂ ਅਤੇ ਸੜਕਾਂ ਨੂੰ ਡੀਕੰਜੈਸਟ ਕਰਨ ਸਬੰਧੀ ਸਾਡਾ ਚੱਲ ਰਿਹਾ ਅਧਿਐਨ ਪਹੁੰਚਯੋਗਤਾ, ਪੈਦਲ ਆਵਾਜਾਈ ਅਤੇ ਜਨਤਕ ਥਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਤਰੀਕਿਆਂ ’ਤੇ ਕੇਂਦਰਿਤ ਹੈ ਤਾਂ ਜੋ ਸ਼ਹਿਰ ਦੀ ਸੈਕਟਰ-ਅਧਾਰਿਤ ਯੋਜਨਾਬੰਦੀ ਦੀ ਸਥਿਰਤਾ ਨਾਲ ਕੋਈ ਸਮਝੌਤਾ ਨਾ ਹੋਵੇ। ਦੱਖਣੀ ਅਫਰੀਕਾ ਦੇ ਪ੍ਰੋ. ਜੂਨ ਜੋਰਡਾਨ ਨੇ ਕਿਹਾ ਕਿ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅਤੇ ਹੋਰ ਨਵੀਆਂ ਤਕਨਾਲੋਜੀਆਂ ਆਰਕੀਟੈਕਚਰ ਦੇ ਖੇਤਰ ਨੂੰ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਇਨ੍ਹਾਂ ਨੂੰ ਅਪਣਾਉਣ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਫਿਲੀਪੀਨਜ਼ ਤੋਂ ਪਹੁੰਚੀ ਪ੍ਰੋ. ਮਾ ਰੇਜੀਨਾ ਪੀ ਨੇ ਕਿਹਾ ਕਿ ਵਿਰਾਸਤ ਦੀ ਸੰਭਾਲ ਸਿਰਫ਼ ਅਤੀਤ ਨੂੰ ਬਚਾਉਣ ਦਾ ਮਾਮਲਾ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਰੱਖਣ ਦਾ ਵੀ ਸਵਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੌਮਾਂਤਰੀ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ਨੂੰ ਇਕ-ਦੂਜੇ ਦੀ ਵਿਰਾਸਤ ਸੰਭਾਲਣ ਦੀਆਂ ਵਿਧੀਆਂ ਅਤੇ ਸ਼ਹਿਰੀ ਯੋਜਨਾਬੰਦੀ ਤੋਂ ਸਿੱਖਣ ਦਾ ਮੌਕਾ ਦਿੰਦੇ ਹਨ। ਇਸ ਪਹਿਲਕਦਮੀ ਰਾਹੀਂ ਵੱਖ-ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚਕਾਰ ਲੰਬੇ ਸਮੇਂ ਦੇ ਅਕਾਦਮਿਕ ਸਹਿਯੋਗ, ਖੋਜ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।