ਨੌਜਵਾਨਾਂ ਦੀ ਮਾਈ ਭਾਰਤ ਪੋਰਟਲ ’ਤੇ ਰਜਿਸਟਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼ ਯੋਗ ਨੌਜਵਾਨਾਂ ਦੀ ਮਾਈ ਭਾਰਤ ਪੋਰਟਲ 'ਤੇ ਰਜਿਸਟਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼,
Publish Date: Tue, 21 Jul 2026 05:43 PM (IST)
Updated Date: Tue, 21 Jul 2026 05:46 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਨੇ ਮਾਈ ਭਾਰਤ (ਮੇਰਾ ਯੁਵਾ ਭਾਰਤ) ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੌਜਵਾਨਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਦੀ ਸਮੀਖਿਆ ਕੀਤੀ। ਡਿਪਟੀ ਡਾਇਰੈਕਟਰ ਮੋਹਿਤ ਸੈਣੀ ਨੇ ਮਾਈ ਭਾਰਤ ਬਾਰੇ ਪੇਸ਼ਕਾਰੀ ਦਿੱਤੀ। ਮਾਈ ਭਾਰਤ, ਯੁਵਕ ਮਾਮਲੇ ਤੇ ਖੇਡ ਮੰਤਰਾਲਾ, ਭਾਰਤ ਸਰਕਾਰ ਅਧੀਨ ਇਕ ਖੁਦਮੁਖਤਿਆਰ ਸੰਸਥਾ ਹੈ, ਜਿਸ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨੇ 31 ਅਕਤੂਬਰ 2023 ਨੂੰ ਕੀਤੀ ਸੀ। ਇਸ ਦਾ ਉਦੇਸ਼ ਮਜ਼ਬੂਤ, ਹੁਨਰਮੰਦ ਤੇ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਨੌਜਵਾਨ ਪੀੜ੍ਹੀ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮਾਈ ਭਾਰਤ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇਕ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਹੈ, ਜਿਸ ਰਾਹੀਂ ਨੌਜਵਾਨਾਂ ਨੂੰ ਵਲੰਟੀਅਰਿੰਗ, ਤਜਰਬੇ ਅਧਾਰਿਤ ਸਿੱਖਿਆ, ਲੀਡਰਸ਼ਿਪ ਵਿਕਾਸ, ਹੁਨਰ ਵਿਕਾਸ, ਸਮਾਜ ਸੇਵਾ ਤੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ’ਚ ਭਾਗ ਲੈਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਸਹਾਇਕ ਕਮਿਸ਼ਨਰ ਨੇ ਮਾਈ ਭਾਰਤ ਵਲੰਟੀਅਰ ਰਜਿਸਟਰੇਸ਼ਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ’ਤੇ ਜ਼ੋਰ ਦਿੱਤਾ ਤਾਂ ਜੋ ਸਾਰੇ ਯੋਗ ਨੌਜਵਾਨਾਂ ਦੀ ਮਾਈ ਭਾਰਤ ਪੋਰਟਲ ’ਤੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਯਕੀਨੀ ਬਣਾਈ ਜਾ ਸਕੇ। ਇਹ ਮੁਹਿੰਮ ਵਿੱਦਿਅਕ ਸੰਸਥਾਵਾਂ, ਯੁਵਾ ਸੰਗਠਨਾਂ, ਸਰਕਾਰੀ ਵਿਭਾਗਾਂ ਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਉਨ੍ਹਾਂ ਵਿੱਦਿਅਕ ਸੰਸਥਾਵਾਂ ਨੂੰ ਰਜਿਸਟਰੇਸ਼ਨ ਮੁਹਿੰਮ ’ਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਕੂਲਾਂ ਤੇ ਕਾਲਜਾਂ ’ਚ ਵਿਸ਼ੇਸ਼ ਰਜਿਸਟਰੇਸ਼ਨ ਕੈਂਪ ਲਗਾਏ ਜਾਣ। ਹਰੇਕ ਸੰਸਥਾ ਵੱਲੋਂ ਇਕ ਨੋਡਲ ਅਫ਼ਸਰ ਤੇ ਇਕ ਵਿਦਿਆਰਥੀ ਨੂੰ ਕੈਂਪਸ ਅੰਬੈਸਡਰ ਨਿਯੁਕਤ ਕੀਤਾ ਜਾਵੇ ਤਾਂ ਜੋ ਰਜਿਸਟਰੇਸ਼ਨ ਦੀ ਪ੍ਰਗਤੀ ਦੀ ਨਿਯਮਿਤ ਨਿਗਰਾਨੀ ਕੀਤੀ ਜਾ ਸਕੇ ਤੇ ਮਾਈ ਭਾਰਤ ਨਾਲ ਤਾਲਮੇਲ ਬਣਾਇਆ ਜਾ ਸਕੇ। ਉਨ੍ਹਾਂ ਸਾਰੇ ਸਰਕਾਰੀ ਵਿਭਾਗਾਂ ਨੂੰ ਯੋਗ ਨੌਜਵਾਨਾਂ ਨੂੰ ਮਾਈ ਭਾਰਤ ਪੋਰਟਲ ’ਤੇ ਰਜਿਸਟਰ ਕਰਨ ਤੇ ਆਪਣੀਆਂ ਯੁਵਾ-ਕੇਂਦਰਿਤ ਗਤੀਵਿਧੀਆਂ ਦੌਰਾਨ ਮਾਈ ਭਾਰਤ ਪਲੇਟਫਾਰਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਕਿਹਾ। ਬੈਠਕ ’ਚ ਆਉਣ ਵਾਲੇ ‘ਮਾਈ ਭਾਰਤ ਫਿਊਚਰ ਯੂਥ ਲੀਡਰਜ਼ ਬੂਟਕੈਂਪ’ ਤੇ ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਪ੍ਰੋਗਰਾਮਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਨੌਜਵਾਨਾਂ ’ਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨਾ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।