ਜੈਵਿਕ ਖੇਤੀ ਨੂੰ ਹੁਲਾਰਾ: ਮੁਹਾਲੀ 'ਚ ਸੂਬੇ ਦੀ ਤੀਜੀ ਬਾਇਓ-ਫਰਟੀਲਾਈਜ਼ਰ ਟੈਸਟਿੰਗ ਲੈਬ ਦਾ ਉਦਘਾਟਨ ਮੁਹਾਲੀ 'ਚ ਸੂਬੇ ਦੀ ਤੀਜੀ ਬਾਇਓ-ਫਰਟੀਲਾਈਜ਼ਰ ਟੈਸਟਿੰਗ ਲੈਬ ਦਾ ਉਦਘਾਟਨ
Publish Date: Tue, 13 Oct 2026 06:25 PM (IST)
Updated Date: Wed, 14 Oct 2026 04:06 AM (IST)
ਫੋਟੋ ਕੈਪਸ਼ਨ : ਬਾਇਓ-ਫਰਟੀਲਾਈਜ਼ਰ ਟੈਸਟਿੰਗ ਲੈਬ ਦਾ ਉਦਘਾਟਨ ਕਰਦੇ ਹੋਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ। 1ਪੀ * ਖੇਤੀਬਾੜੀ ਮੰਤਰੀ ਖੁੱਡੀਆਂ ਵੱਲੋਂ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣ ਤੇ ਜ਼ੋਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ’ਚ ਜੈਵਿਕ ਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਤੇ ਕਿਸਾਨਾਂ ਨੂੰ ਮਿਆਰੀ ਉਤਪਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸੋਮਵਾਰ ਨੂੰ ਕਾਲਕਟ ਭਵਨ ਮੁਹਾਲੀ ਵਿਖੇ ਅਤਿ-ਆਧੁਨਿਕ ਬਾਇਓ-ਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਦਾ ਉਦਘਾਟਨ ਕੀਤਾ। ਇਸ ਨਾਲ ਹੁਣ ਕਿਸਾਨਾਂ ਨੂੰ ਪ੍ਰਮਾਣਿਤ ਤੇ ਮਿਲਾਵਟ-ਰਹਿਤ ਜੈਵਿਕ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ 4.50 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ’ਚ ਤਿੰਨ ਲੈਬਾਂ ਵਾਲਾ ਨੈੱਟਵਰਕ ਮੁਕੰਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ਦੋ ਲੈਬਾਰਟਰੀਆਂ ਗੁਰਦਾਸਪੁਰ ਤੇ ਬਠਿੰਡਾ ’ਚ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ। ਖੁੱਡੀਆਂ ਨੇ ਕਿਹਾ, “ਇਹ ਲੈਬਾਰਟਰੀਆਂ ਕਿਸਾਨਾਂ ਨੂੰ ਮਿਆਰੀ ਉਤਪਾਦ ਉਪਲਬਧ ਕਰਵਾਉਣ, ਨਕਲੀ ਉਤਪਾਦਾਂ ਤੋਂ ਬਚਾਉਣ ਤੇ ਰਸਾਇਣਕ ਖਾਦਾਂ ਤੇ ਨਿਰਭਰਤਾ ਘਟਾਉਣ ’ਚ ਅਹਿਮ ਸਾਬਤ ਹੋਣਗੀਆਂ।” ਉਨ੍ਹਾਂ ਕਿਹਾ ਕਿ ਇਹ ਲੈਬਾਂ ਫਰਟੀਲਾਈਜ਼ਰ ਕੰਟਰੋਲ ਆਰਡਰ ਨੂੰ ਸਖ਼ਤੀ ਨਾਲ ਲਾਗੂ ਕਰਨ, ਨਿਰਮਾਤਾਵਾਂ ਤੇ ਡੀਲਰਾਂ ਦੀ ਨਿਗਰਾਨੀ ਅਤੇ ਪੰਜਾਬ ਦੇ ਖੇਤੀ-ਜਲਵਾਯੂ ਅਨੁਕੂਲ ਜੈਵਿਕ ਖਾਦਾਂ ਦੇ ਸੁਧਾਰ ਲਈ ਅਹਿਮ ਡਾਟਾ ਤਿਆਰ ਕਰਨ ’ਚ ਵੀ ਮਦਦਗਾਰ ਸਾਬਤ ਹੋਣਗੀਆਂ। ਮੰਤਰੀ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜੋ ਦੇਸ਼ ਦੇ ਕਣਕ ਅਤੇ ਝੋਨੇ ਦੇ ਉਤਪਾਦਨ ’ਚ 30 ਫ਼ੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਹੈ। ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰਦੇ ਹੋਏ ਟਿਕਾਊ ਉਤਪਾਦਨ ਲਈ ਜੈਵਿਕ ਖੇਤੀ ਇਕ ਬਿਹਤਰੀਨ ਬਦਲ ਹੈ। ਇਹ ਮਿਆਰੀ ਖੇਤੀ ਉਤਪਾਦਨ ਹਾਸਲ ਕਰਨ ਅਤੇ ਮਿੱਟੀ ਦੀ ਸਿਹਤ ਸੁਧਾਰਨ ਵੱਲ ਇਕ ਵਿਆਪਕ ਪਹੁੰਚ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਜੈਵਿਕ ਖੇਤੀ ਦੀ ਅਮੀਰ ਵਿਰਾਸਤ ਰਹੀ ਹੈ, ਪਰ ਰਸਾਇਣਕ ਖਾਦਾਂ ਵਾਲੀ ਆਧੁਨਿਕ ਖੇਤੀ ਦੇ ਤੇਜ਼ੀ ਨਾਲ ਵਧਣ ਕਾਰਨ ਇਹ ਪਛੜ ਗਈ ਸੀ। ਹੁਣ ਭੋਜਨ ਸੁਰੱਖਿਆ ਅਤੇ ਵਾਤਾਵਰਣ ਪ੍ਰਤੀ ਵੱਧ ਰਹੀ ਜਾਗਰੂਕਤਾ ਨਾਲ ਜੈਵਿਕ ਖੇਤੀ ਮੁੜ ਇਕ ਕਾਰਗਰ ਪ੍ਰਣਾਲੀ ਵਜੋਂ ਉੱਭਰ ਰਹੀ ਹੈ। ਸਾਲ 2025-26 ਤੱਕ ਪੰਜਾਬ ’ਚ ਲਗਭਗ 30 ਹਜ਼ਾਰ ਏਕੜ ਰਕਬਾ ਪ੍ਰਮਾਣਿਤ ਜੈਵਿਕ ਖੇਤੀ ਅਧੀਨ ਆ ਚੁੱਕਾ ਹੈ। ਪੰਜਾਬ ’ਚ ਜੈਵਿਕ ਖਾਦਾਂ ਦੀ ਸਾਲਾਨਾ ਖਪਤ 16000 ਐੱਮਟੀ/ਕੇਐੱਲ ਹੈ : ਖੁੱਡੀਆਂ ਖੁੱਡੀਆਂ ਨੇ ਦੱਸਿਆ ਕਿ ਪੰਜਾਬ ’ਚ ਜੈਵਿਕ ਖਾਦਾਂ ਦੀ ਸਾਲਾਨਾ ਖ਼ਪਤ ਲਗਭਗ 15,000 ਤੋਂ 16,000 ਐਮਟੀ/ਕੇਐਲ ਹੈ ਅਤੇ ਇਹ ਲਗਾਤਾਰ ਵੱਧ ਰਹੀ ਹੈ। ਜੈਵਿਕ ਖੇਤੀ ਦੇ ਤੇਜ਼ੀ ਨਾਲ ਪਸਾਰ ਦੇ ਮੱਦੇਨਜ਼ਰ ਗੁਣਵੱਤਾ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਬਠਿੰਡਾ, ਗੁਰਦਾਸਪੁਰ ਅਤੇ ਮੁਹਾਲੀ ਵਿਚ ਸਥਾਪਤ ਤਿੰਨੋਂ ਨਵੀਆਂ ਪ੍ਰਯੋਗਸ਼ਾਲਾਵਾਂ ਕਿਸਾਨਾਂ ਤੱਕ ਸਿਰਫ਼ ਪ੍ਰਮਾਣਿਤ ਉਤਪਾਦ ਪਹੁੰਚਾਉਣ, ਨਕਲੀ ਖਾਦਾਂ ਤੇ ਰੋਕ ਲਗਾਉਣ, ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ, ਜੈਵਿਕ ਖੇਤੀ ਨੂੰ ਹੁਲਾਰਾ ਦੇਣ, ਰਸਾਇਣਕ ਖਾਦਾਂ ਤੇ ਨਿਰਭਰਤਾ ਘਟਾਉਣ ਅਤੇ ਲੰਬੇ ਸਮੇਂ ਲਈ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਵਾਤਾਵਰਣ ਸਥਿਰਤਾ ਨੂੰ ਬਣਾਈ ਰੱਖਣ ’ਚ ਅਹਿਮ ਭੂਮਿਕਾ ਨਿਭਾਉਣਗੀਆਂ। ਇਸ ਮੌਕੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਵਧੀਕ ਸਕੱਤਰ ਖੇਤੀਬਾੜੀ ਲਤੀਫ਼ ਅਹਿਮਦ, ਖੇਤੀਬਾੜੀ ਵਿਭਾਗ ਦੇ ਡਇਰੈਕਟਰ ਗੁਰਜੀਤ ਸਿੰਘ ਬਰਾੜ ਤੇ ਏਡੀਸੀ (ਵਿਕਾਸ) ਸੋਨਮ ਚੌਧਰੀ ਵੀ ਮੌਜੂਦ ਸਨ।