- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸ਼ਨ-2027: ਮੁਹਾਲੀ ਹਲਕੇ ’ਚ ਕਾਂਗਰਸ ਦੇ ਪ੍ਰਮੁੱਖ ਦਾਅਵੇਦਾਰਾਂ ਨੇ ਸਿਆਸਤ ਭਖਾਈ

ਸਥਾਨਕ ਆਗੂ, ਹਾਈ ਕਮਾਨ ਦੀ ਨਜ਼ਰ ’ਚ ਚੰਗਾ ਬਣਨ ਲਈ ਖੁੰਝਣ ਨਹੀਂ ਦਿੰਦੇ ਕੋਈ ਵੀ ਮੌਕਾ
ਕਾਂਗਰਸ ’ਚ ਧੜੇਬੰਦੀ ਸਿਖਰਾਂ ’ਤੇ, ਚੋਣਾਂ ’ਚ ਗਣਿਤ ਵਿਗੜਨ ਦੇ ਆਸਾਰ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁਹਾਲੀ ਹਲਕੇ ਵਿਚ ਸਿਆਸੀ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ। ਮੁਹਾਲੀ ਸੀਟ ਹਮੇਸ਼ਾ ਹੀ ਪੰਜਾਬ ਦੀ ਸਿਆਸਤ ’ਚ ਵੀਵੀਆਈਪੀ ਹਲਕਿਆਂ ’ਚ ਗਿਣੀ ਜਾਂਦੀ ਹੈ, ਕਿਉਂਕਿ ਇਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦਾ ਇਕ ਅਹਿਮ ਸ਼ਹਿਰੀ ਅਤੇ ਕਾਰਪੋਰੇਟ ਕੇਂਦਰ ਹੈ, ਜੋ ਸੂਬੇ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਿਹਾ ਹੈ। ਕਾਂਗਰਸ ਪਾਰਟੀ ਅੰਦਰ ਇਸ ਸੀਟ ਨੂੰ ਲੈ ਕੇ ਟਿਕਟ ਦੇ ਕਈ ਦਾਅਵੇਦਾਰ ਆਪਣੀ ਤਾਕਤ ਦਿਖਾ ਰਹੇ ਹਨ ਅਤੇ ਪਾਰਟੀ ਹਾਈਕਮਾਨ ’ਤੇ ਆਪਣਾ ਪ੍ਰਭਾਵ ਬਣਾਉਣ ਲਈ ਲਗਾਤਾਰ ਸਰਗਰਮ ਹਨ। ਲੋਕਾਂ ’ਚ ਇਹ ਵੀ ਚਰਚਾ ਜ਼ੋਰਾਂ ’ਤੇ ਹੈ ਕਿ ਇਸ ਵਾਰ ਸਿਖਰ ਦੀ ਧੜੇਬੰਦੀ ਕਾਂਗਰਸ ਦਾ ਗਣਿਤ ਵਿਗਾੜ ਸਕਦੀ ਹੈ।
ਮੁਹਾਲੀ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਮੁੱਖ ਤੌਰ ’ਤੇ ਤਿੰਨ ਤੋਂ ਚਾਰ ਪ੍ਰਮੁੱਖ ਚਿਹਰੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਬੇਹੱਦ ਕੱਦਾਵਰ ਅਤੇ ਤਜਰਬੇਕਾਰ ਆਗੂ ਹਨ। ਉਹ ਇਸ ਹਲਕੇ ਤੋਂ ਲੰਬਾ ਸਮਾਂ ਵਿਧਾਇਕ ਰਹੇ ਅਤੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿਚ ਸਿਹਤ ਮੰਤਰੀ ਵੀ ਰਹਿ ਚੁੱਕੇ ਹਨ। ਇਲਾਕੇ ’ਚ ਉਨ੍ਹਾਂ ਦਾ ਮਜ਼ਬੂਤ ਜਨਤਕ ਆਧਾਰ ਅਤੇ ਵੋਟਰਾਂ ਨਾਲ ਨਿੱਜੀ ਰਾਬਤਾ ਹੈ। ਕਾਂਗਰਸ ਸਰਕਾਰ ਸਮੇਂ ਉਨ੍ਹਾਂ ਨੇ ਮੈਡੀਕਲ ਕਾਲਜ ਤੇ ਸਨੇਟਾ ਹਸਪਤਾਲ ਦਾ ਨੀਂਹ ਪੱਥਰ ਰੱਖਣ ਸਮੇਤ ਕਈ ਡਿਸਪੈਂਸਰੀਆਂ ਅਪਗਰੇਡ ਕੀਤੀਆਂ। ਨਵੇਂ ਬੱਸ ਅੱਡੇ ਅਤੇ ਨਵੇਂ ਹਸਪਤਾਲ ਦੇ ਵੀ ਨੀਂਹ ਪੱਥਰ ਰੱਖੇ ਸਨ ਪਰ ਨਹੀਂ ਬਣ ਸਕੇ। ਸੈਕਟਰ-78 ਦਾ ਆਡੀਟੋਰੀਅਮ ਵੀ ਸਿਆਸਤ ਦੀ ਭੇਟ ਚੜ੍ਹ ਗਿਆ।
ਹਾਲਾਂਕਿ ਬੀਤੇ ਸਮੇਂ ’ਚ ਕੁਝ ਉਤਰਾਅ-ਚੜ੍ਹਾਅ ਵੀ ਆਏ। ਸੱਤਾ ਪਰਿਵਰਤਨ ਹੁੰਦੇ ਹੀ ਸਿੱਧੂ ਅਤੇ ਉਨ੍ਹਾਂ ਦਾ ਛੋਟਾ ਭਰਾ ਸਾਬਕਾ ਮੇਅਰ ਅਮਰਜੀਤ ਸਿੰਘ ਸਿੱਧੂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ ਪਰ ਬਾਅਦ ਵਿਚ ਉਨ੍ਹਾਂ ਨੇ ਦੁਬਾਰਾ ਕਾਂਗਰਸ ’ਚ ਵਾਪਸੀ ਕਰ ਲਈ ਸੀ। ਹਾਲਾਂਕਿ ਭਾਜਪਾ ’ਚ ਜਾਣ ਨਾਲ ਸਿੱਧੂ ਪਰਿਵਾਰ ਨੂੰ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਲੇਕਿਨ ਉਨ੍ਹਾਂ ਨੇ ਹੁਣ ਆਪਣੀ ਸੂਝਬੂਝ ਨਾਲ ਕਾਫ਼ੀ ਹੱਦ ਤੱਕ ਗੱਲ ਨੇੜੇ ਲਗਾ ਲਈ ਹੈ।
ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ ਮੁਹਾਲੀ ਨਿਗਮ ਨਿਗਮ ਦੇ ਡਿਪਟੀ ਮੇਅਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਲੰਬੇ ਸਮੇਂ ਤੋਂ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਕੰਮ ਕਰਦੇ ਆ ਰਹੇ ਹਨ ਅਤੇ ਜ਼ਮੀਨੀ ਪੱਧਰ ’ਤੇ ਨੌਜਵਾਨਾਂ ਤੇ ਸ਼ਹਿਰੀ ਵੋਟਰਾਂ ’ਚ ਉਨ੍ਹਾਂ ਦੀ ਚੰਗੀ ਪਕੜ ਹੈ। ਉਹ ਵੀ ਇਸ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਵਜੋਂ ਉਭਰੇ ਹਨ। ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਕੁਲਜੀਤ ਬੇਦੀ ਦੀ ਦੇਣ ਹੈ। ਇੰਜ ਹੀ ਸ਼ਹਿਰ ਦੇ ਕਈ ਕਮਿਊਨਿਟੀ ਸੈਂਟਰਾਂ ਨੂੰ ਮੁਹਾਲੀ ਅਦਾਲਤ ਅਤੇ ਪੁਲਿਸ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ, ਏਸੀ ਬੱਸ ਅੱਡਾ ਅਤੇ ਬਿਰਧ ਆਸ਼ਰਮ ਸਮੇਤ ਹੋਰ ਲੋਕਹਿੱਤ ’ਚ ਕਈ ਹੋਰ ਮਸਲਿਆਂ ਬਾਰੇ ਉਨ੍ਹਾਂ ਨੇ ਹਾਈ ਕੋਰਟ ’ਚ ਲੰਬੀ ਲੜਾਈ ਲੜੀ ਹੈ।
ਉੱਘੇ ਸਮਾਜ ਸੇਵੀ ਅਤੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਗਿੱਲ ਵਰਗੇ ਨੌਜਵਾਨ ਆਗੂ ਵੀ ਮੁਹਾਲੀ ਹਲਕੇ ’ਚ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਦਿਆਂ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਇਹ ਸਾਰੇ ਆਗੂ ਆਪਣੇ ਸਮਰਥਕਾਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ, ਲੋਕਾਂ ਦੇ ਦੁੱਖ-ਸੁੱਖ ’ਚ ਸ਼ਾਮਲ ਹੋ ਰਹੇ ਹਨ ਅਤੇ ਪਾਰਟੀ ਹਾਈ ਕਮਾਨ ਤੱਕ ਲੋਕਾਂ ’ਚ ਆਪਣੇ ਪ੍ਰਭਾਵ ਦਾ ਅਹਿਸਾਸ ਕਰਵਾ ਰਹੇ ਹਨ।
ਔਰਤਾਂ ਦੇ 50 ਫੀਸਦੀ ਰਾਖਵੇਂਕਰਨ ਦੇ ਮੱਦੇਨਜ਼ਰ ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਅਤੇ ਪਰਵਿੰਦਰ ਕੌਰ ਵੀ ਅੰਦਰਖ਼ਾਤੇ ਕਾਫ਼ੀ ਸਰਗਰਮ ਦਿਖਾਈ ਦੇ ਰਹੇ ਹਨ। ਸ਼ਹਿਰ ਸਮੇਤ ਸਮੁੱਚੇ ਹਲਕੇ ’ਚ ਉਪਰੋਕਤ ਆਗੂਆਂ ਦੇ ਹੋਰਡਿੰਗ ਵੀ ਲੱਗੇ ਹੋਏ ਦੇਖੇ ਜਾ ਸਕਦੇ ਹਨ।
ਆਗੂਆਂ ਵੱਲੋਂ ਹਲਕੇ ’ਚ ਚਲਾਈ ਜਾ ਰਹੀ ਹੈ ਲੋਕ ਸੰਪਰਕ ਮੁਹਿੰਮ
ਪਿਛਲੇ ਕੁਝ ਸਾਲਾਂ ਦੀ ਕਾਰਗੁਜ਼ਾਰੀ ਅਤੇ ਮੌਜੂਦਾ ਸਿਆਸੀ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਮੁਹਾਲੀ ਹਲਕੇ ’ਚ ਕਾਂਗਰਸੀ ਆਗੂਆਂ ਵੱਲੋਂ ਲਗਾਤਾਰ ਲੋਕ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਪਾਰਟੀ ਦੇ ਇਹ ਸਾਰੇ ਦਾਅਵੇਦਾਰ ਵਾਰਡ ਪੱਧਰ ’ਤੇ ਮੀਟਿੰਗਾਂ ਕਰਨ, ਸਥਾਨਕ ਸਮੱਸਿਆਵਾਂ ਜਿਵੇਂ ਕਿ ਬੁਨਿਆਦੀ ਢਾਂਚੇ, ਕੂੜਾ ਪ੍ਰਬੰਧਨ, ਪਾਰਕਾਂ ਦੀ ਸੰਭਾਲ, ਸਫ਼ਾਈ ਅਤੇ ਨੌਜਵਾਨਾਂ ਦੇ ਰੁਜ਼ਗਾਰ ਦੇ ਮੁੱਦਿਆਂ ਨੂੰ ਉਠਾ ਕੇ ਲੋਕਾਂ ਤੱਕ ਪਹੁੰਚ ਬਣਾ ਰਹੇ ਹਨ। ਪਿਛਲੀਆਂ ਚੋਣਾਂ ਅਤੇ ਸਿਆਸੀ ਸਮੀਕਰਨਾਂ ਦੀ ਗੱਲ ਕਰੀਏ ਤਾਂ ਮੁਹਾਲੀ ’ਚ ਕਾਂਗਰਸ ਪਾਰਟੀ ਦਾ ਲੰਬਾ ਇਤਿਹਾਸ ਰਿਹਾ ਹੈ, ਪਰ ਬਦਲੇ ਹੋਏ ਸਿਆਸੀ ਹਾਲਾਤਾਂ ਕਾਰਨ ਮੁਕਾਬਲਾ ਕਾਫ਼ੀ ਰੋਮਾਂਚਕ ਬਣਿਆ ਹੋਇਆ ਹੈ। ਸਾਰੇ ਸੰਭਾਵੀ ਉਮੀਦਵਾਰ ਆਪਣੇ ਪੱਧਰ ’ਤੇ ਲੋਕਾਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਕਾਂਗਰਸ ਕਿਸ ਚਿਹਰੇ ’ਤੇ ਦਾਅ ਖੇਡਦੀ ਹੈ।