ਖ਼ਬਰ ਦਾ ਅਸਰ : ਪਾਰਕਿੰਗ ਸਮੱਸਿਆ ਦਾ ਜਲਦ ਹੋਵੇਗਾ ਹੱਲ : ਡਾ. ਸੰਨੀ ਆਹਲੂਵਾਲੀਆ ਖ਼ਬਰ ਦਾ ਅਸਰ : ਪਾਰਕਿੰਗ ਸਮੱਸਿਆ ਦਾ ਜਲਦ ਹੋਵੇਗਾ ਹੱਲ : ਡਾ. ਸੰਨੀ ਆਹਲੂਵਾਲੀਆ,,
Publish Date: Sat, 21 Nov 2026 06:14 PM (IST)
Updated Date: Sat, 21 Nov 2026 06:16 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਤਹਿਸੀਲ ਤੇ ਨਿਆਇਕ ਕੰਪਲੈਕਸ ਦੀ ਮੁੱਖ ਪਾਰਕਿੰਗ ਦੀ ਖ਼ਸਤਾ ਹਾਲਤ ਤੇ ਰਾਤ ਸਮੇਂ ਰੌਸ਼ਨੀ ਦੀ ਘਾਟ ਸਬੰਧੀ ਪ੍ਰਮੁੱਖ ਅਖ਼ਬਾਰ ’ਚ ਪ੍ਰਕਾਸ਼ਿਤ ਹੋਈ ਖ਼ਬਰ ਦਾ ਅਸਰ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਜਨਰਲ ਸਕੱਤਰ ਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਖ਼ੁਦ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਡਾ. ਆਹਲੂਵਾਲੀਆ ਨੇ ਪਾਰਕਿੰਗ ’ਚ ਉੱਖੜੀ ਪਈ ਬਜਰੀ ਤੇ ਲਾਈਟਾਂ ਦੀ ਘਾਟ ਕਾਰਨ ਵਕੀਲਾਂ, ਸਰਕਾਰੀ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਰਕਿੰਗ ਦੀ ਮੁਰੰਮਤ ਤੇ ਲੋੜੀਂਦੀਆਂ ਲਾਈਟਾਂ ਲਗਾਉਣ ਦਾ ਕੰਮ ਬਿਨਾਂ ਕਿਸੇ ਦੇਰੀ ਤੋਂ ਮੁਕੰਮਲ ਕਰਵਾਇਆ ਜਾਵੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਆਹਲੂਵਾਲੀਆ ਨੇ ਕਿਹਾ ਕਿ ਤਹਿਸੀਲ ਤੇ ਅਦਾਲਤੀ ਕੰਪਲੈਕਸ ’ਚ ਰੋਜ਼ਾਨਾ ਸੈਂਕੜੇ ਲੋਕ ਆਪਣੇ ਕੰਮਾਂ-ਕਾਰਾਂ ਲਈ ਆਉਂਦੇ ਹਨ, ਇਸ ਲਈ ਇੱਥੇ ਬੁਨਿਆਦੀ ਸਹੂਲਤਾਂ ਦਾ ਸੁਚੱਜਾ ਪ੍ਰਬੰਧ ਹੋਣਾ ਲਾਜ਼ਮੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕੇ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਮਾਂਬੱਧ ਹੱਲ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ ਤੇ ਕਿਸੇ ਵੀ ਨਾਗਰਿਕ ਨੂੰ ਬੇਲੋੜੀ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਾਰਕਿੰਗ ਦੀ ਮਾੜੀ ਹਾਲਤ ਅਤੇ ਹਨੇਰੇ ਕਾਰਨ ਵਾਪਰਦੇ ਹਾਦਸਿਆਂ ਤੇ ਚੋਰੀ ਦੀਆਂ ਘਟਨਾਵਾਂ ਦੇ ਖ਼ਦਸ਼ੇ ਨੂੰ ਲੈ ਕੇ ਬਾਰ ਐਸੋਸੀਏਸ਼ਨ ਡੇਰਾਬੱਸੀ ਵੱਲੋਂ ਵੀ ਕਈ ਵਾਰ ਪ੍ਰਸ਼ਾਸਨ ਕੋਲ ਇਹ ਮਸਲਾ ਚੁੱਕਿਆ ਜਾ ਚੁੱਕਾ ਸੀ, ਜਿਸ ਨੂੰ ਪ੍ਰਮੁੱਖਤਾ ਨਾਲ ਉਭਾਰਨ ਮਗਰੋਂ ਹੁਣ ਪ੍ਰਸ਼ਾਸਨ ਹਰਕਤ ’ਚ ਆਇਆ ਹੈ।