ਹਰਕਤ ’ਚ ਆਈ ਨਗਰ ਕੌਂਸਲ ਦੀ ਟੀਮ, ਹੈਬਤਪੁਰ ਰੋਡ ’ਤੇ ਗ਼ੈਰ-ਕਾਨੂੰਨੀ ਸੀਵਰੇਜ਼ ਕੁਨੈਕਸ਼ਨ ਕੱਟਿਆ ਖ਼ਬਰ ਦਾ ਅਸਰ : ਹਰਕਤ 'ਚ ਆਈ ਨਗਰ ਕੌਂਸਲ ਦੀ ਟੀਮ,
Publish Date: Wed, 23 Sep 2026 07:07 PM (IST)
Updated Date: Wed, 23 Sep 2026 07:09 PM (IST)
- ਖ਼ਬਰ ਦਾ ਅਸਰ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ‘ਪੰਜਾਬੀ ਜਾਗਰਣ’ ਅਖ਼ਬਾਰ ਵਿਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਡੇਰਾਬੱਸੀ ਨਗਰ ਕੌਂਸਲ ਦੇ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ ਹਨ। ਹੈਬਤਪੁਰ ਰੋਡ ’ਤੇ ਲਗਭਗ ਇਕ ਕਰੋੜ ਰੁਪਏ ਦੀ ਲਾਗਤ ਨਾਲ ਹਾਲ ਹੀ ਵਿਚ ਬਣੀ ਨਵੀਂ ਸੜਕ ਨੂੰ ਰਾਤੋ-ਰਾਤ ਪੁੱਟ ਕੇ ਲਗਾਏ ਜਾ ਰਹੇ ਗ਼ੈਰ-ਕਾਨੂੰਨੀ ਸੀਵਰੇਜ਼ ਕੁਨੈਕਸ਼ਨ ਦੇ ਮਾਮਲੇ ਵਿਚ ਕੌਂਸਲ ਨੇ ਸਖ਼ਤ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੇ ਮੌਕੇ ’ਤੇ ਜੇਸੀਬੀ ਮਸ਼ੀਨ ਲਿਆ ਕੇ ਗ਼ੈਰ-ਕਾਨੂੰਨੀ ਸੀਵਰੇਜ ਕੁਨੈਕਸ਼ਨ ਨੂੰ ਪੂਰੀ ਤਰ੍ਹਾਂ ਕੱਟ ਕੇ ਹਟਾ ਦਿੱਤਾ ਹੈ। ਇਸ ਕਾਰਵਾਈ ਸਮੇਂ ਨਗਰ ਕੌਂਸਲ ਦੇ ਉਪ ਪ੍ਰਧਾਨ ਦਵਿੰਦਰ ਸੈਣੀ ਵੀ ਖ਼ਾਸ ਤੌਰ ’ਤੇ ਮੌਜੂਦ ਸਨ। ਇਸ ਮੌਕੇ ਉਪ ਪ੍ਰਧਾਨ ਦਵਿੰਦਰ ਸੈਣੀ ਨੇ ਦੱਸਿਆ ਕਿ ਇਕ ਫੈਕਟਰੀ ਵੱਲੋਂ ਰਾਤ ਦੇ ਹਨੇਰੇ ਵਿਚ ਨਵੀਂ ਬਣੀ ਸੜਕ ਦੀ ਖ਼ੁਦਾਈ ਕਰ ਕੇ ਸੀਵਰੇਜ ਕੁਨੈਕਸ਼ਨ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਹੁਣ ਕੱਟ ਕੇ ਹਟਾ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਵਿਭਾਗੀ ਨਿਯਮਾਂ ਅਨੁਸਾਰ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 19 ਸਤੰਬਰ ਦੀ ਰਾਤ ਨੂੰ ਲਗਭਗ 8 ਵਜੇ ਹੈਬਤਪੁਰ ਰੋਡ ਤੇ ਜੇਸੀਬੀ ਨਾਲ ਸੜਕ ਪੁੱਟ ਕੇ ਸੀਵਰੇਜ ਕੁਨੈਕਸ਼ਨ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਸੂਚਨਾ ਮਿਲਦਿਆਂ ਹੀ ਨਗਰ ਕੌਂਸਲ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕੰਮ ਰੁਕਵਾਇਆ ਸੀ ਅਤੇ ਖ਼ੁਦਾਈ ਲਈ ਵਰਤੀ ਜਾ ਰਹੀ ਜੇਸੀਬੀ ਮਸ਼ੀਨ ਨੂੰ ਜ਼ਬਤ ਕਰ ਲਿਆ ਸੀ। ਇਹ ਕੁਨੈਕਸ਼ਨ ਸੜਕ ਦੇ ਵਿਚਕਾਰ 8 ਇੰਚ ਦੀ ਕੰਕਰੀਟ ਪਾਈਪ ਨਾਲ ਜੋੜਿਆ ਜਾ ਰਿਹਾ ਸੀ, ਜਿਸ ਨੂੰ ਹੁਣ ਪੂਰੀ ਤਰ੍ਹਾਂ ਕੱਢ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀਆਂ ਕੋਸ਼ਿਸ਼ਾਂ ਨਾਲ ਡੇਰਾਬੱਸੀ ਦੇ ਸੁੰਦਰੀਕਰਨ ਤਹਿਤ ਹਾਲ ਹੀ ਵਿਚ ਲਗਭਗ ਇਕ ਕਰੋੜ ਰੁਪਏ ਦੀ ਲਾਗਤ ਨਾਲ ਹੈਬਤਪੁਰ ਰੋਡ ਦੀ ਰੀਕਾਰਪੇਟਿੰਗ ਕਰਵਾਈ ਗਈ ਸੀ। ਨਵੀਂ ਸੜਕ ਦੀ ਖ਼ੁਦਾਈ ਕਾਰਨ ਸਥਾਨਕ ਵਾਸੀਆਂ ਵਿਚ ਭਾਰੀ ਰੋਸ ਸੀ ਅਤੇ ਉਨ੍ਹਾਂ ਸੜਕ ਨੂੰ ਪਹਿਲਾਂ ਵਾਂਗ ਠੀਕ ਕਰਨ ਦੀ ਮੰਗ ਕੀਤੀ ਸੀ।