ਖ਼ਬਰ ਦਾ ਅਸਰ : ਨੈਸ਼ਨਲ ਹਾਈਵੇ ’ਤੇ ਟੁੱਟੀ ਪੁਲੀ ਦੀ ਟੋਲ ਪ੍ਰਬੰਧਕਾਂ ਨੇ ਕੀਤੀ ਪੱਕੀ ਮੁਰੰਮਤ ਖ਼ਬਰ ਦਾ ਅਸਰ : ਨੈਸ਼ਨਲ ਹਾਈਵੇ ’ਤੇ ਟੁੱਟੀ ਪੁਲੀ ਦੀ ਟੋਲ ਪ੍ਰਬੰਧਕਾਂ ਨੇ ਕੀਤੀ ਪੱਕੀ ਮੁਰੰਮਤ
Publish Date: Fri, 27 Nov 2026 09:12 PM (IST)
Updated Date: Fri, 27 Nov 2026 09:13 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਡੇਰਾਬੱਸੀ ਸਥਿਤ ਆਦਰਸ਼ ਨਗਰ ਦੇ ਸਾਹਮਣੇ ਨਿਕਾਸੀ ਨਾਲ਼ੇ ਦੀ ਟੁੱਟੀ ਪੁਲੀ ਦਾ ਮਾਮਲਾ ਪੰਜਾਬੀ ਜਾਗਰਣ ਅਖਬਾਰ ’ਚ ਪ੍ਰਮੁੱਖਤਾ ਨਾਲ ਛਪਣ ਤੋਂ ਬਾਅਦ ਦੱਪਰ ਟੋਲ ਪਲਾਜ਼ਾ ਦੇ ਅਧਿਕਾਰੀ ਹਰਕਤ ’ਚ ਆ ਗਏ ਹਨ। ਪ੍ਰਸ਼ਾਸਨ ਅਤੇ ਟੋਲ ਪ੍ਰਬੰਧਕਾਂ ਨੇ ਰਾਹਗੀਰਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਤੁਰੰਤ ਕਾਰਵਾਈ ਕਰਦਿਆਂ ਇਸ ਖਸਤਾਹਾਲ ਪੁਲੀ ਦੀ ਪੱਕੀ ਮੁਰੰਮਤ ਕਰਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੌਮੀ ਮਾਰਗ ਦੇ ਨਾਲ ਲੱਗਦੇ ਇਸ ਨਿਕਾਸੀ ਨਾਲ਼ੇ ਦੀ ਪੁਲੀ ਪਿਛਲੇ ਕਾਫ਼ੀ ਸਮੇਂ ਤੋਂ ਟੁੱਟੀ ਹੋਈ ਸੀ, ਜਿਸ ਕਾਰਨ ਇੱਥੋਂ ਲੰਘਣ ਵਾਲੇ ਦੁਪਹੀਆ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਲਈ ਹਰ ਵੇਲੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਸੀ। ਖ਼ਾਸ ਕਰਕੇ ਰਾਤ ਦੇ ਹਨੇਰੇ ’ਚ ਵਾਹਨ ਚਾਲਕਾਂ ਨੂੰ ਟੁੱਟੀ ਹੋਈ ਥਾਂ ਦਾ ਅੰਦਾਜ਼ਾ ਨਾ ਲੱਗਣ ਕਾਰਨ ਕਈ ਵਾਰ ਲੋਕ ਜ਼ਖ਼ਮੀ ਹੋ ਚੁੱਕੇ ਸਨ। ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਦੀ ਇਸ ਗੰਭੀਰ ਸਮੱਸਿਆ ਨੂੰ ਪੰਜਾਬੀ ਜਾਗਰਣ ਅਖਬਾਰ ’ਚ ਪ੍ਰਕਾਸ਼ਿਤ ਕਰਕੇ ਸਬੰਧਤ ਵਿਭਾਗ ਦੇ ਧਿਆਨ ’ਚ ਲਿਆਂਦਾ ਗਿਆ ਸੀ। ਖ਼ਬਰ ਪ੍ਰਕਾਸ਼ਿਤ ਹੋਣ ਉਪਰੰਤ ਦੱਪਰ ਟੋਲ ਪਲਾਜ਼ਾ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਬਿਨਾਂ ਕਿਸੇ ਦੇਰੀ ਦੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਟੋਲ ਪ੍ਰਬੰਧਕਾਂ ਵੱਲੋਂ ਟੁੱਟੇ ਹੋਏ ਹਿੱਸੇ ਨੂੰ ਸਾਫ਼ ਕਰਵਾ ਕੇ ਉੱਥੇ ਮਜ਼ਬੂਤ ਸਰੀਆ ਬੰਨ੍ਹਿਆ ਗਿਆ ਅਤੇ ਸੀਮੇਂਟ-ਬਜਰੀ ਨਾਲ ਪੱਕਾ ਲੈਂਟਰ ਪਾ ਕੇ ਪੁਲੀ ਨੂੰ ਮੁੜ ਸੁਰੱਖਿਅਤ ਬਣਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਪਰ ਟੋਲ ਪਲਾਜ਼ਾ ਦੇ ਪ੍ਰਬੰਧਕ ਇਕਬਾਲ ਸਿੰਘ ਨੇ ਦੱਸਿਆ ਕਿ ਹਾਈਵੇ ’ਤੇ ਆਉਣ-ਜਾਣ ਵਾਲੇ ਮੁਸਾਫ਼ਰਾਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਤਰਜੀਹ ਹੈ, ਜਿਵੇਂ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ, ਤੁਰੰਤ ਤਕਨੀਕੀ ਟੀਮ ਨੂੰ ਭੇਜ ਕੇ ਪੁਲੀ ਦਾ ਪੱਕਾ ਹੱਲ ਕਰਵਾ ਦਿੱਤਾ ਗਿਆ ਹੈ ਤਾਂ ਜੋ ਭਵਿੱਖ ’ਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਦੂਜੇ ਪਾਸੇ, ਪੁਲੀ ਦੀ ਪੱਕੀ ਮੁਰੰਮਤ ਹੋਣ ’ਤੇ ਆਦਰਸ਼ ਨਗਰ ਦੇ ਵਸਨੀਕਾਂ ਅਤੇ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਸਮੱਸਿਆ ਨੂੰ ਉਜਾਗਰ ਕਰਨ ਲਈ ਮੀਡੀਆ ਦਾ ਧੰਨਵਾਦ ਕੀਤਾ ਹੈ।