ਫਲਾਈਓਵਰ ਹੇਠਾਂ ਟਰੱਕਾਂ ਦੀ ਨਾਜਾਇਜ਼ ਪਾਰਕਿੰਗ, ਹਾਦਸਿਆਂ ਨੂੰ ਖੁੱਲ੍ਹਾ ਸੱਦਾ
ਫਲਾਈਓਵਰ ਹੇਠਾਂ ਟਰੱਕਾਂ ਦੀ ਨਾਜਾਇਜ਼ ਪਾਰਕਿੰਗ, ਹਾਦਸਿਆਂ ਨੂੰ ਖੁੱਲ੍ਹਾ ਸੱਦਾ
Publish Date: Mon, 23 Feb 2026 08:27 PM (IST)
Updated Date: Mon, 23 Feb 2026 08:31 PM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਚੰਡੀਗੜ੍ਹ-ਅੰਬਾਲਾ ਹਾਈਵੇ ’ਤੇ ਚੰਡੀਗੜ੍ਹ ਬੈਰੀਅਰ ਦੇ ਨਜ਼ਦੀਕ ਬਣੇ ਫਲਾਈਓਵਰ ਦੇ ਹੇਠਾਂ ਟਰੱਕਾਂ ਦੀ ਲਗਾਤਾਰ ਹੋ ਰਹੀ ਨਾਜਾਇਜ਼ ਪਾਰਕਿੰਗ ਰਾਹਗੀਰਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਦਿਨ ਵੇਲੇ ਤਾਂ ਵਾਹਨ ਚਾਲਕ ਕਿਸੇ ਤਰ੍ਹਾਂ ਬਚ ਕੇ ਨਿਕਲ ਜਾਂਦੇ ਹਨ, ਪਰ ਰਾਤ ਦੇ ਹਨੇਰੇ ਵਿਚ ਇਹ ਖੇਤਰ ‘ਬਲਾਈਂਡ ਸਪੌਟ’ ਬਣ ਜਾਂਦਾ ਹੈ, ਜਿਸ ਕਾਰਨ ਭਿਆਨਕ ਹਾਦਸਿਆਂ ਦਾ ਖ਼ਤਰਾ ਕਈ ਗੁਣਾ ਵਧ ਗਿਆ ਹੈ।
ਸਟਰੀਟ ਲਾਈਟਾਂ ਦੀ ਕਮੀ ਅਤੇ ਬੇਤਰਤੀਬੀ ਪਾਰਕਿੰਗ : ਸਥਾਨਕ ਲੋਕਾਂ ਅਨੁਸਾਰ ਫਲਾਈਓਵਰ ਦੇ ਪਿੱਲਰਾਂ ਕੋਲ ਟਰੱਕ ਚਾਲਕ ਆਪਣੇ ਵਾਹਨ ਬੇਤਰਤੀਬੇ ਢੰਗ ਨਾਲ ਖੜ੍ਹੇ ਕਰ ਦਿੰਦੇ ਹਨ। ਹਾਈਵੇ 'ਤੇ ਸਟਰੀਟ ਲਾਈਟਾਂ ਦੀ ਘਾਟ ਅਤੇ ਵਾਹਨਾਂ ’ਤੇ ਰਿਫਲੈਕਟਰ ਨਾ ਹੋਣ ਕਾਰਨ ਰਾਤ ਵੇਲੇ ਫਲਾਈਓਵਰ ਤੋਂ ਹੇਠਾਂ ਉਤਰਨ ਵਾਲੇ ਚਾਲਕਾਂ ਨੂੰ ਇਹ ਖੜ੍ਹੇ ਟਰੱਕ ਦਿਖਾਈ ਨਹੀਂ ਦਿੰਦੇ। ਇਸ ਕਾਰਨ ਵਾਹਨਾਂ ਦੀ ਸਿੱਧੀ ਟੱਕਰ ਹੋਣ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।
ਮੁੱਖ ਸਮੱਸਿਆਵਾਂ : ਟਰੱਕਾਂ ਦੇ ਵੱਡੇ ਆਕਾਰ ਕਾਰਨ ਮੋੜਾਂ 'ਤੇ ਦੂਜੇ ਪਾਸੇ ਤੋਂ ਆ ਰਹੀ ਟ੍ਰੈਫਿਕ ਨਜ਼ਰ ਨਹੀਂ ਆਉਂਦੀ। ਸਭ ਤੋਂ ਵੱਧ ਜੋਖ਼ਮ ਬਾਈਕ ਅਤੇ ਸਕੂਟੀ ਸਵਾਰਾਂ ਲਈ ਹੈ, ਜੋ ਅਕਸਰ ਹਨੇਰੇ ਵਿਚ ਖੜ੍ਹੇ ਟਰੱਕਾਂ ਨਾਲ ਟਕਰਾ ਕੇ ਗੰਭੀਰ ਜ਼ਖ਼ਮੀ ਹੋ ਰਹੇ ਹਨ। ਟਰੱਕ ਚਾਲਕ ਇੱਥੇ ਘੰਟਿਆਂ ਬੱਧੀ ਵਾਹਨ ਖੜ੍ਹੇ ਕਰਕੇ ਆਰਾਮ ਕਰਦੇ ਹਨ, ਜਦਕਿ ਇਹ ਪਾਰਕਿੰਗ ਲਈ ਨਿਰਧਾਰਤ ਥਾਂ ਨਹੀਂ ਹੈ।
ਪ੍ਰਸ਼ਾਸਨਿਕ ਕਾਰਵਾਈ ਦੀ ਮੰਗ : ਪਿਛਲੇ ਕੁਝ ਮਹੀਨਿਆਂ ਵਿਚ ਇੱਥੇ ਕਈ ਛੋਟੇ-ਵੱਡੇ ਹਾਦਸੇ ਵਾਪਰ ਚੁੱਕੇ ਹਨ, ਪਰ ਟ੍ਰੈਫਿਕ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਦੇਖਣ ਨੂੰ ਨਹੀਂ ਮਿਲ ਰਹੀ। ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਖ਼ਤੀ ਨਾ ਕੀਤੀ ਗਈ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ।
ਲੋਕਾਂ ਦੀਆਂ ਮੁੱਖ ਮੰਗਾਂ : ਫਲਾਈਓਵਰ ਦੇ ਹੇਠਾਂ 'ਨੋ-ਪਾਰਕਿੰਗ' ਦੇ ਬੋਰਡ ਲਾਏ ਜਾਣ। ਪਿੱਲਰਾਂ ਦੇ ਆਲੇ-ਦੁਆਲੇ ਰਿਫਲੈਕਟਰ ਅਤੇ ਲੁੜੀਂਦੀ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਰੱਕ ਚਾਲਕਾਂ ਦੇ ਭਾਰੀ ਚਾਲਾਨ ਕੀਤੇ ਜਾਣ ਅਤੇ ਰਾਤ ਦੀ ਗਸ਼ਤ ਵਧਾਈ ਜਾਵੇ। ਜ਼ੀਰਕਪੁਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਇਸ ਪਾਰਕਿੰਗ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਸੜਕਾਂ 'ਤੇ ਸਫ਼ਰ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।