ਜੇ ਇਹ ਹਾਲ ਵੀਆਈਪੀ ਸ਼ਹਿਰ ਦਾ ਹੈ ਤਾਂ ਪਿੰਡਾਂ ਦੇ ਹਾਲਾਤ... ਜੇ ਇਹ ਹਾਲ ਵੀਆਈਪੀ ਸ਼ਹਿਰ ਦਾ ਹੈ ਤਾਂ ਪਿੰਡਾਂ ਦੇ ਹਾਲਾਤ...
Publish Date: Tue, 21 Jul 2026 09:58 PM (IST)
Updated Date: Tue, 21 Jul 2026 10:01 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਹੇ ਵੀਆਈਪੀ ਸ਼ਹਿਰ ਮੁਹਾਲੀ ਦੀ ਮੌਜੂਦਾ ਹਾਲਤ ਦੇਖ ਕੇ ਰੋਣਾ ਆਉਂਦਾ ਹੈ। ਸਮੇਂ ਦੀਆਂ ਸਰਕਾਰਾਂ ਨੇ ਇਸ ਸਰਬਪੱਖੀ ਵਿਕਾਸ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ। ਪੰਜਾਬ ’ਚ ਸ਼ਾਸਨ ਚਲਾਉਣ ਵਾਲੀਆਂ ਸਿਆਸੀ ਪਾਰਟੀਆਂ ਇਕ ਦੂਜੇ ’ਤੇ ਗੱਲ ਸੁੱਟ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਭੱਜਦੀਆਂ ਨਜ਼ਰ ਆਈਆਂ ਹਨ। ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਇਲਾਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਫਿਰ ਕਾਂਗਰਸ ਸੱਤਾ ’ਚ ਆ ਗਈ। ਕਾਂਗਰਸ ਹਕੂਮਤ ਨੇ ਵੀ ਵਿਕਾਸ ਦੇ ਨਾਂ ’ਤੇ ਡੱਕਾ ਨਹੀਂ ਤੋੜਿਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਸੇ ਰਾਹ ’ਤੇ ਚੱਲ ਰਹੀ ਹੈ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਡੰਗ ਟਪਾਉਣ ਤੱਕ ਸੀਮਤ ਹਨ। ਜਿਸ ਦਾ ਖ਼ਮਿਆਜ਼ਾ ਸ਼ਹਿਰ ਵਾਸੀ ਭੁਗਤ ਰਹੇ ਹਨ। ਮੌਜੂਦਾ ਸਮੇਂ ’ਚ ਮੁਹਾਲੀ ਵਾਸੀ ਨਰਕ ਭੋਗਣ ਲਈ ਮਜਬੂਰ ਹਨ ਪਰ ਅਧਿਕਾਰੀਆਂ ਨੂੰ ਰੱਤੀ ਭਰ ਵੀ ਚਿੰਤਾ ਨਹੀਂ ਹੈ। ਨਗਰ ਨਿਗਮ ਸਿਰਫ਼ ਪ੍ਰਾਪਰਟੀ ਟੈਕਸ ਇਕੱਠਾ ਕਰਨ ਤੇ ਗਮਾਡਾ ਜ਼ਮੀਨਾਂ ਵੇਚ ਕੇ ਪੈਸੇ ਕਮਾਉਣ ਤੱਕ ਸੀਮਤ ਹੈ। ਜੇਕਰ ਇਹੀ ਪੈਸਾ ਸ਼ਹਿਰ ਦੇ ਵਿਕਾਸ ਲਈ ਖ਼ਰਚਿਆਂ ਜਾਵੇ ਤਾਂ ਸ਼ਾਇਦ ਫੰਡ ਜੁਟਾਉਣ ਲਈ ਸਰਕਾਰ ਦੇ ਮੂੰਹ ਵੱਲ ਨਾ ਤੱਕਣਾ ਪਵੇ। ਸ਼ਹਿਰ ਦੀ ਅੰਦਰਲੀ ਮੁੱਖ ਸੜਕ ਤੇ ਏਅਰਪੋਰਟਰ ਸੜਕ ਜੋ ਸ਼ਹਿਰ ਦੀ ਰੀੜ੍ਹ ਦੀ ਹੱਡੀ ਹੈ। ਇਨ੍ਹਾਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਕਾਂਗਰਸ ਆਗੂ ਜਤਿੰਦਰ ਆਨੰਦ ਨੇ ਕਿਹਾ ਕਿ ਫੇਜ਼-7 ਦੀ ਸੜਕ ਦੀ ਹਾਲਤ ਬਹੁਤ ਮਾੜੀ ਹੈ। ਜਿਸ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਉਹ ਕਿਸੇ ਪਛੜੇ ਹੋਏ ਕਸਬੇ ਵਿਚ ਰਹਿ ਰਹੇ ਹੋਣ। ਸਾਲ ਭਰ ਤੋਂ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ ਲੇਕਿਨ ਕਿਸੇ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ---------- ਕੋਟਸ ‘‘ਮੈਂ ਨਗਰ ਨਿਗਮ ਦੀ ਮੀਟਿੰਗ ਦੌਰਾਨ ਹਾਊਸ ਵਿਚ ਦੋ ਵਾਰ ਫੇਜ਼-7 ਦੀ ਸੜਕ ਦਾ ਮੁੱਦਾ ਚੁੱਕਿਆ ਹੈ ਅਤੇ ਮੇਅਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ। ਨਵੇਂ ਮੇਅਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੇ ਹੀ ਇਸ ਖੇਤਰ ਦਾ ਦੌਰਾ ਕਰਕੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ ਸੀ ਅਤੇ ਸ਼ਹਿਰ ਵਾਸੀਆਂ ਨੂੰ ਸਮੱਸਿਆ ਹੱਲ ਹੋਣ ਦੀ ਆਸ ਬੱਝੀ ਸੀ ਲੇਕਿਨ ਪਰਨਾਲਾ ਉੱਥੇ ਦਾ ਉੱਥੇ ਹੈ। ਸੀਵਰੇਜ ਪਾਉਣ ਲਈ ਪ੍ਰਸ਼ਾਸਨ ਨੇ ਸੜਕ ਪੁੱਟੀ ਸੀ ਪ੍ਰੰਤੂ ਬਾਅਦ ਵਿਚ ਅਧਿਕਾਰੀ ਮੁਰੰਮਤ ਕਰਨੀ ਭੁੱਲ ਗਏ। ਜਿਸ ਕਾਰਨ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ।’’ ਸ੍ਰੀਮਤੀ ਅਨੁਰਾਧਾ ਆਨੰਦ, ਕੌਂਸਲਰ ਮੁਹਾਲੀ। ------------- ਕੋਟਸ ਸੜਕ ਦੀ ਮਾੜੀ ਹਾਲਤ ਸ਼ਹਿਰ ਦੇ ਮੱਥੇ ’ਤੇ ਵੱਡਾ ਕਲੰਕ ਹੈ। ਕਹਿਣ ਨੂੰ ਤਾਂ ਅਸੀਂ ਆਈਟੀ ਸਿਟੀ ਦੇ ਵਸਨੀਕ ਹਾਂ ਪ੍ਰੰਤੂ ਸਹੂਲਤਾਂ ਦੇ ਮਾਮਲੇ ਵਿਚ ਪੇਂਡੂ ਹਲਕੇ ਤੋਂ ਵੀ ਪਿੱਛੇ ਹਾਂ।’’ ਮੌਜੂਦਾ ਹਾਲਾਤ ਦੇਖ ਕੇ ਲੱਗਦਾ ਹੈ ਕਿ ਸੀਵਰੇਜ ਪਾਉਣ ਤੋਂ ਪਹਿਲਾਂ ਅਧਿਕਾਰੀਆਂ ਨੇ ਕੋਈ ਪਲਾਨਿੰਗ ਨਹੀਂ ਕੀਤੀ। ਇਸ ਅਧੂਰੇ ਕੰਮ ਅਤੇ ਲੋਕਾਂ ਦੀ ਪਰੇਸ਼ਾਨੀ ਸਬੰਧੀ ਨਿਗਮ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਬਣਦੀ ਕਾਰਵਾਈ ਅਮਲ ’ਚ ਲਿਆਉਣੀ ਚਾਹੀਦੀ ਹੈ ਤਾਂ ਭਵਿੱਖ ਵਿਚ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਸਰਬਜੀਤ ਸਿੰਘ ਪਾਰਸ, ਦੁਕਾਨਦਾਰ ਮੁਹਾਲੀ। ------------- ਕੋਟਸ ਇਹ ਸ਼ਹਿਰ ਦੀ ਸਭ ਤੋਂ ਪੁਰਾਣੀ ਅਤੇ ਮੁੱਖ ਸੜਕ ਹੈ। ਜਿਸ ਤੋਂ ਲੰਘਣਾ ਕਿਸੇ ਖ਼ਤਰੇ ਤੋਂ ਘੱਟ ਨਹੀਂ ਹੈ। 1601 ਤੋਂ ਲੈ ਕੇ 1664 ਅਤੇ ਐੱਚਈ 113 ਤੋਂ ਲੈ ਕੇ ਐੱਚਈ 400 ਤੱਕ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਇੰਜ ਹੀ ਚਾਵਲਾ ਪੈਟਰੋਲ ਪੰਪ ਤੋਂ ਲੈ ਕੇ ਫੁੱਲਾਂ ਵਾਲੀ ਮਾਰਕੀਟ ਤੱਕ ਸੜਕ ਦੀ ਹਾਲਤ ਕਿਸੇ ਨਰਕ ਤੋਂ ਘੱਟ ਨਹੀਂ ਹੈ। ਜੇਕਰ ਸਰਕਾਰ ਕੋਡ ਲੋੜੀਂਦੀ ਫੰਡ ਉਪਲਬਧ ਹਨ ਤਾਂ ਇਸ ਸਬੰਧੀ ਜ਼ਿੰਮੇਵਾਰੀ ਅਧਿਕਾਰੀਆਂ ਅਤੇ ਠੇਕੇਦਾਰ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਇਸ ਨਰਕ ਤੋਂ ਛੁਟਕਾਰਾ ਦਿਵਾਉਣ ਲਈ ਠੋਸ ਕਦਮ ਚੁੱਕੇ ਜਾਣ। ਭੁਪਿੰਦਰ ਸਿੰਘ ਮੁਹਾਲੀ। ---------- ਕੋਟਸ ਐਕਸਿਸ ਬੈਂਕ ਦੇ ਪਿੱਛੇ ਕੋਠੀ 2033 ਤੋਂ 2040 ਤੱਕ ਸੜਕ ਟੁੱਟੀ ਹੋਈ ਹੈ। ਮੇਰੇ ਪਿਤਾ ਕਾਫ਼ੀ ਬਜ਼ੁਰਗ ਹਨ, ਜੋ ਖਸਤਾ ਹਾਲਤ ਮੁੱਖ ਸੜਕ ਤੋਂ ਲੰਘਣ ਸਮੇਂ ਜ਼ਮੀਨ ’ਤੇ ਡਿੱਗ ਗਏ ਸੀ। ਸ਼ਹਿਰ ਵਾਸੀਆਂ ਦਾ ਇਹ ਮੁੱਖ ਲਾਂਘਾ ਹੈ। ਇੱਥੋਂ ਜ਼ਿਆਦਾਤਰ ਲੋਕ ਗੁਰੂਘਰ ਅੰਬ ਸਾਹਿਬ, ਵਿਦਿਆਰਥੀ ਸਕੂਲ ਅਤੇ ਕੰਜਕਾਜੀ ਲੋਕ ਆਪਣੇ ਦਫ਼ਤਰ ਜਾਂ ਦੁਕਾਨ ’ਤੇ ਜਾਂਦੇ ਹਨ। ਮਰੀਜ਼ਾਂ ਨੂੰ ਹਸਪਤਾਲ ਤੱਕ ਪਹੁੰਚਣ ਲਈ ਕਾਫ਼ੀ ਸਮਾਂ ਲੱਗਦਾ ਹੈ। ਕਹਿਣ ਤੋਂ ਭਾਵ ਹਰ ਕੋਈ ਨਿਕੰਮੇ ਸਿਸਟਮ ਤੋ ਪ੍ਰੇਸ਼ਾਨ ਹੈ। ਪ੍ਰਸ਼ਾਸਨ ਨੂੰ ਇਸ ਪਾਸੇ ਫੌਰੀ ਧਿਆਨ ਦੇਣਾ ਚਾਹੀਦਾ ਹੈ। ਸੀਰਾਜ ਸ਼ਰਮਾ, ਸ਼ਹਿਰ ਵਾਸੀ ਮੁਹਾਲੀ।