- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਦੀ ਪਹਿਲਕਦਮੀ ਨੂੰ ਵੱਡੀ ਸਫ਼ਲਤਾ ਮਿਲੀ ਹੈ, ਜਿਸ ਦਾ ਪ੍ਰਮਾਣ ਇਸ ਗੱਲ ਤੋਂ ਲੱਗਦਾ ਹੈ ਕਿ ਟਾਟਾ ਸਟੀਲ, ਕਾਂਸਾਈ ਨੈਰੋਲੈਕ, ਐਲ.ਟੀ. ਫੂਡਜ਼ ਅਤੇ ਹੈਪੀ ਫੋਰਜਿੰਗਜ਼ ਵਰਗੀਆਂ ਨਾਮੀ ਕੰਪਨੀਆਂ ਨੇ ਪੰਜਾਬ ਸਰਕਾਰ ਦੇ ‘ਹੁਨਰ ਪੰਜਾਬ’ ਪੋਰਟਲ ਰਾਹੀਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਦੀ ਪਹਿਲਕਦਮੀ ਨੂੰ ਵੱਡੀ ਸਫ਼ਲਤਾ ਮਿਲੀ ਹੈ, ਜਿਸ ਦਾ ਪ੍ਰਮਾਣ ਇਸ ਗੱਲ ਤੋਂ ਲੱਗਦਾ ਹੈ ਕਿ ਟਾਟਾ ਸਟੀਲ, ਕਾਂਸਾਈ ਨੈਰੋਲੈਕ, ਐਲ.ਟੀ. ਫੂਡਜ਼ ਅਤੇ ਹੈਪੀ ਫੋਰਜਿੰਗਜ਼ ਵਰਗੀਆਂ ਨਾਮੀ ਕੰਪਨੀਆਂ ਨੇ ਪੰਜਾਬ ਸਰਕਾਰ ਦੇ ‘ਹੁਨਰ ਪੰਜਾਬ’ ਪੋਰਟਲ ਰਾਹੀਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਸਟੀਲ ਅਤੇ ਇੰਜਨੀਅਰਿੰਗ, ਫੂਡ ਪ੍ਰੋਸੈਸਿੰਗ, ਪੇਂਟ ਅਤੇ ਕੈਮੀਕਲ, ਉਸਾਰੀ ਅਤੇ ਹਾਸਪਿਟੈਲਿਟੀ ਵਰਗੇ ਖੇਤਰਾਂ ਨਾਲ ਸਬੰਧਤ 1,100 ਤੋਂ ਵੱਧ ਉਦਯੋਗਾਂ ਨੇ ਪੰਜਾਬ ਦੀਆਂ ਸੰਸਥਾਵਾਂ ਤੱਕ ਪਹੁੰਚ ਕਰਨ ਲਈ ‘ਹੁਨਰ ਪੰਜਾਬ’ ਪੋਰਟਲ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਨੇ ਆਈਟੀਆਈਜ਼, ਪੌਲੀਟੈਕਨਿਕ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਨੌਜਵਾਨ ਉਮੀਦਵਾਰਾਂ ਦੀ ਭਰਤੀ ਸਬੰਧੀ 200 ਤੋਂ ਵੱਧ ਅਰਜ਼ੀਆਂ ਭੇਜੀਆਂ ਹਨ।
ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਨੌਜਵਾਨਾਂ ਦੀ ਭਰਤੀ ਲਈ ਕੈਂਪਸ ਪਲੇਸਮੈਂਟ ਡਰਾਈਵਜ਼ ਵੀ ਚੱਲ ਰਹੀਆਂ ਹਨ ਅਤੇ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਮਿਲਣੀ ਸ਼ੁਰੂ ਹੋ ਗਈ ਹੈ, ਜੋ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਰੁਜ਼ਗਾਰ ਦੇ ਮੌਕੇ ਮਿਲਣਾ ਯਕੀਨੀ ਬਣਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 8 ਅਕਤੂਬਰ ਨੂੰ ਲਾਂਚ ਕੀਤਾ ਗਿਆ ‘ਹੁਨਰ’ (ਹੱਬ ਫਾਰ ਅੱਪਸਕਿਲਿੰਗ, ਨੈੱਟਵਰਕਿੰਗ ਐਂਡ ਐਕਸੈਸ ਟੂ ਰੁਜ਼ਗਾਰ) ਇਕ ਸਾਂਝਾ ਡਿਜੀਟਲ ਪਲੇਟਫਾਰਮ ਹੈ, ਜੋ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਅਤੇ ਉਦਯੋਗਾਂ ਨੂੰ ਹੁਨਰਮੰਦ ਤੇ ਇੰਡਸਟਰੀ ਲੋੜਾਂ ਮੁਤਾਬਕ ਕੰਮ ਲਈ ਤਿਆਰ ਨੌਜਵਾਨਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਅਮਨ ਅਰੋੜਾ ਨੇ ਦੱਸਿਆ ਕਿ ਆਈਟੀਆਈਜ਼, ਪੌਲੀਟੈਕਨਿਕ, ਕਾਲਜਾਂ, ਯੂਨੀਵਰਸਿਟੀਆਂ, ਮੈਡੀਕਲ ਤੇ ਨਰਸਿੰਗ ਸੰਸਥਾਵਾਂ ਅਤੇ ਹੁਨਰ ਵਿਕਾਸ ਕੇਂਦਰਾਂ ਸਮੇਤ 1,700 ਤੋਂ ਵੱਧ ਵਿੱਦਿਅਕ ਅਤੇ ਸਿਖਲਾਈ ਸੰਸਥਾਵਾਂ ਇਸ ਪੋਰਟਲ ’ਤੇ ਰਜਿਸਟਰ ਹੋ ਚੁੱਕੀਆਂ ਹਨ, ਜਿਸ ਨਾਲ ਉਦਯੋਗਾਂ ਨੂੰ ਸੰਸਥਾਵਾਂ ਦੇ ਇਕ ਵਿਸ਼ਾਲ ਨੈੱਟਵਰਕ ਤੱਕ ਪਹੁੰਚ ਮਿਲੀ ਹੈ। ਇਹ ਪੋਰਟਲ ਤੇਜ਼ੀ ਨਾਲ ਨੌਜਵਾਨਾਂ ਅਤੇ ਉਦਯੋਗਾਂ ਦਰਮਿਆਨ ਇਕ ਪੁਲ ਵਜੋਂ ਉੱਭਰ ਰਿਹਾ ਹੈ। ਇਸ ਪੋਰਟਲ ‘ਤੇ ਨਾਮੀ ਕੰਪਨੀਆਂ ਦੀ ਮੌਜੂਦਗੀ ਉਦਯੋਗ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਉਦਯੋਗ-ਸੰਸਥਾ ਸਹਿਯੋਗ ਨੂੰ ਮਜ਼ਬੂਤ ਕਰਨ ’ਚ ਇਸ ਪਲੇਟਫਾਰਮ ਦੀ ਵਧਦੀ ਸਾਰਥਕਤਾ ਨੂੰ ਦਰਸਾਉਂਦੀ ਹੈ।