ਮਨੁੱਖੀ ਅਧਿਕਾਰ ਸੰਸਥਾ ਵੱਲੋਂ ਨੌਜਵਾਨ ਨਾਲ ਪੁਲਿਸ ਤਸ਼ੱਦਦ ਦੀ ਸਖ਼ਤ ਨਿਖੇਧੀ ਲੋਕਤੰਤਰ ’ਚ ਕਿਸੇ ਵੀ ਸਮਾਜਿਕ ਮੁੱਦੇ ’ਤੇ ਸ਼ਾਂਤੀਪੂਰਨ ਤਰੀਕੇ ਨਾਲ ਆਵਾਜ਼ ਚੁੱਕਣਾ ਹਰ ਨਾਗਰਿਕ ਦਾ ਅਧਿਕਾਰ ਹੈ। ਅਜਿਹੀ ਹਾਲਤ ’ਚ ਨੌਜਵਾਨ ਉੱਤੇ ਅੱਤਿਆਚਾਰ ਕਰਨਾ ਬੇਹੱਦ ਨਿੰਦਣਯੋਗ ਤੇ ਮਨੁੱਖੀ ਅਧਿਕਾਰਾਂ ਦਾ ਖੁੱਲੀ ਉਲੰਘਣਾ ਹੈ
Publish Date: Sat, 05 Sep 2026 06:29 PM (IST)
Updated Date: Sun, 06 Sep 2026 04:04 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਮਨੁੱਖੀ ਅਧਿਕਾਰ ਵੈੱਲਫੇਅਰ ਸੁਸਾਇਟੀ ਜ਼ੀਰਕਪੁਰ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਗੁਰਸਿੱਖ ਨੌਜਵਾਨ ਮੋਹਨਜੀਤ ਸਿੰਘ ਨਾਲ ਹੋਈ ਕਥਿਤ ਪੁਲਿਸ ਤਸ਼ੱਦਦ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ ਇਸ ਗੰਭੀਰ ਮਾਮਲੇ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਬੈਠਕ ਉਪਰੰਤ ਪ੍ਰਧਾਨ ਹਰਬੰਸ ਸਿੰਘ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੀ ਫੇਰੀ ਦੌਰਾਨ ਸੂਬੇ ’ਚ ਫੈਲੇ ਨਸ਼ਿਆਂ ਖ਼ਿਲਾਫ਼ ਨਿਰਪੱਖਤਾ ਨਾਲ ਆਵਾਜ਼ ਉਠਾਉਣ ਵਾਲੇ ਨੌਜਵਾਨ ਮੋਹਨਜੀਤ ਸਿੰਘ ਨੂੰ ਪੁਲਿਸ ਵੱਲੋਂ ਬੇਰਹਿਮੀ ਨਾਲ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਹੈ। ਲੋਕਤੰਤਰ ’ਚ ਕਿਸੇ ਵੀ ਸਮਾਜਿਕ ਮੁੱਦੇ ’ਤੇ ਸ਼ਾਂਤੀਪੂਰਨ ਤਰੀਕੇ ਨਾਲ ਆਵਾਜ਼ ਚੁੱਕਣਾ ਹਰ ਨਾਗਰਿਕ ਦਾ ਅਧਿਕਾਰ ਹੈ। ਅਜਿਹੀ ਹਾਲਤ ’ਚ ਨੌਜਵਾਨ ਉੱਤੇ ਅੱਤਿਆਚਾਰ ਕਰਨਾ ਬੇਹੱਦ ਨਿੰਦਣਯੋਗ ਤੇ ਮਨੁੱਖੀ ਅਧਿਕਾਰਾਂ ਦਾ ਖੁੱਲੀ ਉਲੰਘਣਾ ਹੈ। ਹਰਬੰਸ ਸਿੰਘ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਹਿਰਾਸਤ ਦੌਰਾਨ ਨੌਜਵਾਨ ਦੇ ਕੇਸਾਂ ਤੇ ਕੱਕਾਰਾਂ ਦੀ ਵੀ ਬੇਅਦਬੀ ਕੀਤੀ ਗਈ ਹੈ, ਜਿਸ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੁਸਾਇਟੀ ਨੇ ਐਲਾਨ ਕੀਤਾ ਕਿ ਮੋਹਨਜੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕਾਨੂੰਨੀ ਤੇ ਸਮਾਜਿਕ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਆਖਿਆ ਕਿ ਕੇਸਾਂ ਤੇ ਕੱਕਾਰਾਂ ਦੀ ਹੋਈ ਕਥਿਤ ਬੇਅਦਬੀ ਦੇ ਮਾਮਲੇ ’ਚ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਲਿਖਤੀ ਅਪੀਲ ਸੌਂਪੀ ਜਾਵੇਗੀ। ਸੁਸਾਇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਉੱਚ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ’ਚ ਕੋਈ ਵੀ ਪ੍ਰਸ਼ਾਸਨਿਕ ਅਹੁਦੇਦਾਰ ਨਾਗਰਿਕਾਂ ਦੇ ਅਧਿਕਾਰਾਂ ਤੇ ਧਾਰਮਿਕ ਚਿੰਨ੍ਹਾਂ ਦਾ ਅਨਾਦਰ ਨਾ ਕਰ ਸਕੇ।