ਹਾਊਸਫੈੱਡ ਮੁਲਾਜ਼ਮਾਂ ਨੇ 6ਵੇਂ ਪੇਅ ਕਮਿਸ਼ਨ ਦੇ ਸੋਧੇ ਪੇਅ ਸਕੇਲ ਲਾਗੂ ਕਰਨ ਦੀ ਗੁਹਾਰ ਹਾਊਸਫੈੱਡ ਮੁਲਾਜ਼ਮਾਂ ਨੇ 6ਵੇਂ ਪੇਅ ਕਮਿਸ਼ਨ ਦੇ ਸੋਧੇ ਪੇਅ ਸਕੇਲ ਲਾਗੂ ਕਰਨ ਦੀ ਗੁਹਾਰ
Publish Date: Fri, 25 Sep 2026 05:46 PM (IST)
Updated Date: Fri, 25 Sep 2026 05:48 PM (IST)
- ਕਰਮਚਾਰੀਆਂ ਨੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੂੰ ਸੌਂਪਿਆ ਮੰਗ ਪੱਤਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਹਾਊਸਫੈੱਡ ਪੰਜਾਬ ਦੇ ਕਰਮਚਾਰੀਆਂ ਵੱਲੋਂ 1 ਜਨਵਰੀ 2016 ਤੋਂ ਸੋਧੇ ਹੋਏ ਪੇਅ ਸਕੇਲ (6ਵਾਂ ਪੇਅ ਕਮਿਸ਼ਨ) ਲਾਗੂ ਕਰਵਾਉਣ ਲਈ ਸਹਿਕਾਰੀ ਸਭਾਵਾਂ ਪੰਜਾਬ ਦੇ ਰਜਿਸਟਰਾਰ ਨੂੰ ਮੰਗ ਪੱਤਰ ਦਿੱਤਾ। ਕਰਮਚਾਰੀਆਂ ਨੇ ਆਪਣਾ ਪੱਖ ਰੱਖਦਿਆਂ ਮੰਗ ਕੀਤੀ ਕਿ ਇਸ ਮਾਮਲੇ ਤੇ ਮੁੜ ਵਿਚਾਰ ਕੀਤਾ ਜਾਵੇ। ਮੇਜਰ ਸਿੰਘ, ਸਤਨਾਮ ਸਿੰਘ, ਨਿਰਮੈਲ ਸਿੰਘ, ਅਸ਼ੋਕ ਕੁਮਾਰ, ਕਾਕਾ ਸਿੰਘ ਅਤੇ ਯਸ਼ ਬਹਾਦਰ ਸਮੇਤ ਹੋਰਨਾਂ ਮੁਲਾਜ਼ਮਾਂ ਨੇ ਰਜਿਸਟਰਾਰ ਨੂੰ ਸੌਂਪੇ ਪੱਤਰ ’ਚ ਸਪੱਸ਼ਟ ਕੀਤਾ ਕਿ ਦਫ਼ਤਰ ਵੱਲੋਂ ਲਗਾਇਆ ਗਿਆ ਇਤਰਾਜ਼ ਤੱਥਾਂ ਤੇ ਆਧਾਰਿਤ ਨਹੀਂ ਹੈ। ਉਨ੍ਹਾਂ ਪਿਛਲੇ ਤਿੰਨ ਸਾਲਾਂ ਦੀਆਂ ਬੈਲੇਂਸ ਸ਼ੀਟਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਲ 2022-23 ਅਤੇ 2024-25 ’ਚ ਹਾਊਸਫੈੱਡ ਮੁਨਾਫ਼ੇ ’ਚ ਹੈ। ਇਸ ਤੋਂ ਇਲਾਵਾ ਸੰਸਥਾ ਕੋਲ ਇਸ ਸਮੇਂ ਲੋੜੀਂਦੇ ਫੰਡ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਹਾਊਸਫੈੱਡ ਦੇ ਕਰਮਚਾਰੀ ਪੰਜਾਬ ਸਰਕਾਰ ਵੱਲੋਂ ਬਣਾਏ ਅਤੇ ਹਾਊਸਫੈੱਡ ਦੁਆਰਾ ਅਪਣਾਏ ਗਏ ਸਰਵਿਸ ਰੂਲਜ਼ ਅਨੁਸਾਰ ਹੀ ਕੰਮ ਕਰਦੇ ਹਨ। ਰਾਜ ਸਰਕਾਰ ਵੱਲੋਂ ਸਮੇਂ-ਸਮੇਂ ਤੇ ਸੋਧੇ ਗਏ 5ਵੇਂ ਪੇਅ ਕਮਿਸ਼ਨ ਤੱਕ ਦੇ ਪੇਅ ਸਕੇਲ ਹਾਊਸਫੈੱਡ ਦੇ ਕਰਮਚਾਰੀਆਂ ਨੂੰ ਵੀ ਦਿੱਤੇ ਜਾਂਦੇ ਰਹੇ ਹਨ। ਇਸ ਵੇਲੇ ਪੰਜਾਬ ਸਰਕਾਰ ਦੇ ਸਮੂਹ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕਰਮਚਾਰੀ 1.01.2016 ਤੋਂ 6ਵੇਂ ਪੇਅ ਕਮਿਸ਼ਨ ਦੇ ਸੋਧੇ ਪੇਅ ਸਕੇਲ ਦਾ ਲਾਭ ਲੈ ਰਹੇ ਹਨ, ਪਰ ਹਾਊਸਫੈੱਡ ਵੱਲੋਂ ਅਜੇ ਤੱਕ ਇਹ ਸਕੇਲ ਲਾਗੂ ਨਹੀਂ ਕੀਤੇ ਗਏ। ਕਰਮਚਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਸੰਸਥਾ ਦੇ ਮੁਨਾਫ਼ੇ ਜਾਂ ਘਾਟੇ ਦਾ ਮਾਮਲਾ ਪ੍ਰਬੰਧਕੀ ਪੱਧਰ ਤੇ ਦੇਖਿਆ ਜਾਂਦਾ ਹੈ, ਪਰ ਕਰਮਚਾਰੀਆਂ ਨੂੰ ਉਨ੍ਹਾਂ ਦੇ ਬਣਦੇ ਸਰਵਿਸ ਲਾਭ ਮਿਲਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਤੇ ਗੰਭੀਰਤਾ ਨਾਲ ਮੁੜ ਵਿਚਾਰ ਕੀਤਾ ਜਾਵੇ। ਹਾਊਸਫੈੱਡ ਦੇ ਕਰਮਚਾਰੀਆਂ ਲਈ ਸਰਵਿਸ ਰੂਲਜ਼/ਬਾਈਲਾਜ਼ ਅਨੁਸਾਰ ਸੋਧੇ ਹੋਏ ਪੇਅ ਸਕੇਲ ਲਾਗੂ ਕਰਨ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ।