ਗੁਰਸੇਵਕ ਪੁਆਧੀ ਵੱਲੋਂ ਜਸ਼ਨਪ੍ਰੀਤ ਕੌਰ ਦਾ ਸਨਮਾਨ
ਗੁਰਸੇਵਕ ਪੁਆਧੀ ਵੱਲੋਂ ਜਸ਼ਨਪ੍ਰੀਤ ਕੌਰ ਦਾ ਸਨਮਾਨ
Publish Date: Mon, 02 Nov 2026 07:05 PM (IST)
Updated Date: Tue, 03 Nov 2026 04:02 AM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਤੀਜੀ ਵਿਸ਼ਵ ਅਰਾਸ਼ੀ ਐੱਮਐੱਮਏ ਚੈਂਪੀਅਨਸ਼ਿਪ ’ਚ ਸੋਨ ਤਗ਼ਮਾ ਜਿੱਤਣ ਵਾਲੀ ਜੌਲਾ ਕਲਾਂ ਦੀ ਜਸ਼ਨਪ੍ਰੀਤ ਦੀ ਮਾਣਮੱਤੀ ਪ੍ਰਾਪਤੀ ’ਤੇ ਮਾਰਕੀਟ ਕਮੇਟੀ ਲਾਲੜੂ ਦੇ ਚੇਅਰਮੈਨ ਅਤੇ ਹਲਕਾ ਡੇਰਾਬੱਸੀ ਦੇ ਸੰਗਠਨ ਇੰਚਾਰਜ ਗੁਰਸੇਵਕ ਸਿੰਘ ਪੁਆਧੀ ਨੇ ਜਸ਼ਨਪ੍ਰੀਤ ਕੌਰ ਦੇ ਘਰ ਪਹੁੰਚ ਕੇ ਉਸ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕਰਦਿਆਂ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਗੁਰਸੇਵਕ ਸਿੰਘ ਪੁਆਧੀ ਨੇ ਕਿਹਾ ਕਿ ਜਸ਼ਨਪ੍ਰੀਤ ਕੌਰ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਖੇਡਾਂ ਪ੍ਰਤੀ ਸਮਰਪਣ ਸਦਕਾ ਇਹ ਕਾਮਯਾਬੀ ਹਾਸਲ ਕੀਤੀ ਹੈ। ਉਸ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਧੀਆਂ ਕਿਸੇ ਵੀ ਖੇਤਰ ’ਚ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜਸ਼ਨਪ੍ਰੀਤ ਕੌਰ ਨੇ ਜਿਥੇ ਆਪਣੇ ਮਾਤਾ-ਪਿਤਾ ਦਾ ਨਾਂਅ ਰੋਸ਼ਨ ਕੀਤਾ, ਉਥੇ ਹੀ ਪੁਆਧ ਖੇਤਰ ਦਾ ਨਾਂਅ ਵੀ ਚਮਕਾਇਆ ਹੈ। ਗੁਰਸੇਵਕ ਸਿੰਘ ਪੁਆਧੀ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰਨਾਂ ਧੀਆਂ ਲਈ ਪ੍ਰੇਰਨਾ ਦਾ ਸਰੋਤ ਬਣਦੀਆਂ ਹਨ। ਸਮਾਜ ਅਤੇ ਸਰਕਾਰ ਨੂੰ ਹੋਣਹਾਰ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਜਸ਼ਨਪ੍ਰੀਤ ਕੌਰ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਸ ਦੀ ਇਹ ਜਿੱਤ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ।