ਕਿਸਾਨੀ ਜਜ਼ਬੇ ਨੂੰ ਸਲਾਮ : ਚੰਡੀਗੜ੍ਹ ਮੋਰਚੇ ’ਚ ਦਿਨ-ਰਾਤ ਲੰਗਰ ਤੇ ਹੋਰ ਸੇਵਾਵਾਂ ਦੇਣ ਵਾਲੇ ਸੇਵਾਦਾਰਾਂ ਦਾ ਸਨਮਾਨ ਚੰਡੀਗੜ੍ਹ ਮੋਰਚੇ ’ਚ ਲੰਗਰ ਤੇ ਹੋਰ ਸੇਵਾਵਾਂ ਦੇਣ ਵਾਲੇ ਸੇਵਾਦਾਰਾਂ ਦਾ ਸਨਮਾਨ
Publish Date: Wed, 09 Sep 2026 05:47 PM (IST)
Updated Date: Wed, 09 Sep 2026 05:49 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਮੁਹਾਲੀ-ਚੰਡੀਗੜ੍ਹ ਦੀਆਂ ਬਰੂਹਾਂ ’ਤੇ ਸੱਤ ਦਿਨ ਚੱਲੇ ਪੱਕੇ ਮੋਰਚੇ ਦੌਰਾਨ ਧਰਨਾਕਾਰੀ ਕਿਸਾਨਾਂ ਲਈ ਲੰਗਰ ਸੇਵਾ ਅਤੇ ਹੋਰਨਾਂ ਪੱਖਾਂ ਤੋਂ ਮਦਦ ਕਰਨ ਵਾਲੇ ਪਿੰਡਾਂ ਦੇ ਵਸਨੀਕਾਂ ਅਤੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜਥੇਬੰਦੀ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਇਸ ਸਬੰਧੀ ਅੱਜ ਜਥੇਬੰਦੀ ਦੇ ਮੁਹਾਲੀ ਬਲਾਕ ਵੱਲੋਂ ਮੁਹਾਲੀ ਦੀ ਜੂਹ ’ਚ ਪਿੰਡ ਕੰਡਾਲਾ ਵਿਖੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਕੰਡਾਲਾ ਦੀ ਅਗਵਾਈ ਹੇਠ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਕਿਸਾਨੀ ਧਰਨੇ ’ਚ ਨਿਸ਼ਕਾਮ ਸੇਵਾਵਾਂ ਦੇਣ ਵਾਲੇ ਪੁਆਧ ਇਲਾਕੇ ਦੇ ਸੇਵਾਦਾਰਾਂ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ, ਹਰਜੀਤ ਸਿੰਘ ਸਿਆਊ, ਅਮਰਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਸੁੱਚਾ ਸਿੰਘ, ਕਾਲਾ ਕੰਡਾਲਾ, ਭਿੰਦਾ, ਗੁਰਮੀਤ ਸਿੰਘ, ਬਲਬੀਰ ਸਿੰਘ, ਗੁਰਦੀਪ ਸਿੰਘ, ਇਕਬਾਲ ਸਿੰਘ ਬੈਂਰੋਪੁਰ, ਸੁਖਚੈਨ ਸਿੰਘ ਚਿੱਲਾ, ਡਾ. ਮਨਦੀਪ ਸਿੰਘ ਸਮੇਤ 36 ਪਿੰਡ ਵਾਸੀਆਂ ਅਤੇ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਅਤੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਗਿਆ। ਸਨਮਾਨਿਤ ਸ਼ਖ਼ਸੀਅਤਾਂ ਪਿੰਡ ਕੰਡਾਲਾ, ਕੰਬਾਲੀ, ਝਿਊਰਹੇੜੀ, ਅਲੀਪੁਰ, ਜਗਤਪੁਰਾ, ਚਿੱਲਾ, ਸਿਆਊ, ਬੈਂਰੋਪੁਰ ਨਾਲ ਸਬੰਧਤ ਹਨ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਕੈਸ਼ੀਅਰ ਗੁਰਵਿੰਦਰ ਸਿੰਘ ਸਿਆਊ, ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਅਤੇ ਡੇਰਾਬੱਸੀ ਬਲਾਕ ਦੇ ਯੂਥ ਵਿੰਗ ਦੇ ਪ੍ਰਧਾਨ ਹਰਦੀਪ ਸਿੰਘ ਅਤੇ ਹੋਰ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਚੰਡੀਗੜ੍ਹ ਮੋਰਚਾ ਆਮ ਜਨਤਾ ਦੇ ਸਹਿਯੋਗ ਨਾਲ ਜਿੱਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਬੈਨਰ ਹੇਠ 32 ਕਿਸਾਨ ਜਥੇਬੰਦੀਆਂ ਨੇ ਪੂਰੀ ਤਾਕਤ ਝੋਕ ਦਿੱਤੀ ਸੀ ਪ੍ਰੰਤੂ ਇਲਾਕੇ ਦੇ ਲੋਕਾਂ ਦੇ ਮਿਲੇ ਹੁੰਗਾਰੇ ਅਤੇ ਸਹਿਯੋਗ ਨਾਲ ਸੂਬਾ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਐੱਸਕੇਐੱਮ ਵੱਲੋਂ ਪਹਿਲੀ ਸਤੰਬਰ ਤੋਂ ਸੱਤ ਸਤੰਬਰ ਤੱਕ ਪੁਆਧ ਦੀ ਧਰਤੀ ’ਤੇ ਲਗਾਇਆ ਕਿਸਾਨੀ ਧਰਨਾ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਇਸ ਮੋਰਚੇ ਦੀ ਸਫ਼ਲਤਾ ’ਚ ਸਭ ਤੋਂ ਵੱਡਾ ਯੋਗਦਾਨ ਪੁਆਧ ਇਲਾਕੇ ਦੇ ਲੋਕਾਂ ਅਤੇ ਸੇਵਾਦਾਰਾਂ ਦਾ ਰਿਹਾ ਹੈ ਜਿਨ੍ਹਾਂ ਨੇ ਦਿਨ-ਰਾਤ ਇਕ ਕਰ ਕੇ ਚੰਡੀਗੜ੍ਹ ਮੋਰਚੇ ’ਚ ਸ਼ਾਮਲ ਕਿਸਾਨਾਂ ਦੀ ਸੱਚੇ ਮਨ ਨਾਲ ਸੇਵਾ ਕੀਤੀ। ਉਨ੍ਹਾਂ ਸਾਰੇ ਸੇਵਾਦਾਰਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੋਰਚੇ ਦੌਰਾਨ ਲੰਗਰਾਂ ਲਈ ਪਾਣੀ, ਦੁੱਧ, ਸਬਜ਼ੀਆਂ, ਸੁੱਕਾ ਰਾਸ਼ਨ ਅਤੇ ਮੁਫ਼ਤ ਮੈਡੀਕਲ ਸੇਵਾਵਾਂ ਨਿਰੰਤਰ ਉਪਲਬਧ ਕਰਵਾਈਆਂ।