ਹਾਈ ਕੋਰਟ ਦੀ ਸਖ਼ਤ ਨਸੀਹਤ: ਲਿਵ-ਇਨ ਜੋੜੇ ਨੂੰ ਕਿਹਾ - 'ਘਰ ਜਾ ਕੇ ਆਪਣੇ 4 ਬੱਚਿਆਂ ਦੇ ਭਵਿੱਖ 'ਤੇ ਦਿਓ ਧਿਆਨ'
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਨੋਖੇ ਆਦੇਸ਼ ’ਚ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਮੇਵਾਤ (ਨੂੰਹ) ਦੇ ਇੱਕ ਪਹਿਲਾਂ ਤੋਂ ਵਿਆਹਿਤਾ ਜੋੜੇ ਦੀ ਜੀਵਨ ਅਤੇ ਆਜ਼ਾਦੀ ਦੀ ਸੁਰੱਖਿਆ ਨਾਲ ਜੁੜੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਪਹਿਲਾਂ ਤੋਂ ਵਿਆਹੁਤਾ ਇਸ ਜੋੜੇ ਨੂੰ ਆਪਣੇ-ਆਪਣੇ ਘਰਾਂ ’ਚ ਪਰਤ ਕੇ ਪਹਿਲਾਂ ਤੋਂ ਮੌਜੂਦ ਆਪਣੇ ਬੱਚਿਆਂ ਦੇ ਭਵਿੱਖ 'ਤੇ ਧਿਆਨ ਦੇਣਾ ਚਾਹੀਦਾ ਹੈ।
Publish Date: Thu, 06 Aug 2026 03:13 PM (IST)
Updated Date: Thu, 06 Aug 2026 03:17 PM (IST)
ਦਯਾਨੰਦ ਸ਼ਰਮਾ, ਚੰਡੀਗੜ੍ਹ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਨੋਖੇ ਆਦੇਸ਼ ’ਚ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਮੇਵਾਤ (ਨੂੰਹ) ਦੇ ਇੱਕ ਪਹਿਲਾਂ ਤੋਂ ਵਿਆਹਿਤਾ ਜੋੜੇ ਦੀ ਜੀਵਨ ਅਤੇ ਆਜ਼ਾਦੀ ਦੀ ਸੁਰੱਖਿਆ ਨਾਲ ਜੁੜੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਹਾਈ ਕੋਰਟ ਨੇ ਕਿਹਾ ਕਿ ਪਹਿਲਾਂ ਤੋਂ ਵਿਆਹੁਤਾ ਇਸ ਜੋੜੇ ਨੂੰ ਆਪਣੇ-ਆਪਣੇ ਘਰਾਂ ’ਚ ਪਰਤ ਕੇ ਪਹਿਲਾਂ ਤੋਂ ਮੌਜੂਦ ਆਪਣੇ ਬੱਚਿਆਂ ਦੇ ਭਵਿੱਖ 'ਤੇ ਧਿਆਨ ਦੇਣਾ ਚਾਹੀਦਾ ਹੈ।
ਅਦਾਲਤ ਨੇ ਦੋਵਾਂ ਪਟੀਸ਼ਨਰਾਂ ਨੂੰ ਆਪਣੇ ਪਿਛਲੇ ਵਿਆਹੁਤਾ ਸਬੰਧਾਂ ਤੋਂ ਪੈਦਾ ਹੋਏ ਚਾਰ ਬੱਚਿਆਂ ਦੇ ਨਾਮ 'ਤੇ ਆਵਰਤੀ ਜਮ੍ਹਾਂ (RD) ਖਾਤੇ ਖੋਲ੍ਹਣ ਅਤੇ ਇੱਕ ਸਾਲ ਲਈ ਹਰ ਮਹੀਨੇ ਹਰੇਕ ਖਾਤੇ ਵਿੱਚ ਘੱਟੋ-ਘੱਟ 5,000 ਰੁਪਏ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ।
ਜਸਟਿਸ ਆਲੋਕ ਜੈਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਪਟੀਸ਼ਨ ਤਾਂ ਭਾਰੀ ਜੁਰਮਾਨੇ ਨਾਲ ਖਾਰਜ ਕੀਤੇ ਜਾਣ ਯੋਗ ਸੀ ਪਰ 'ਨਿਆਂ ਹਿੱਤ ਅਤੇ ਨਾਬਾਲਗ ਬੱਚਿਆਂ ਦੀ ਭਲਾਈ' ਨੂੰ ਧਿਆਨ ’ਚ ਰੱਖਦਿਆਂ ਜੁਰਮਾਨਾ ਲਗਾਉਣ ਦੀ ਬਜਾਏ ਇਹ ਵਿੱਤੀ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਪਟੀਸ਼ਨਰਾਂ ਨੇ ਹਾਈ ਕੋਰਟ ’ਚ ਗੁਹਾਰ ਲਾਈ ਸੀ ਕਿ ਉਹ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਜਾਨ-ਮਾਲ ਦਾ ਖ਼ਤਰਾ ਹੈ। ਉਨ੍ਹਾਂ ਨੇ 26 ਜੂਨ ਨੂੰ ਸੰਬੰਧਿਤ ਅਧਿਕਾਰੀਆਂ ਨੂੰ ਦਿੱਤੀ ਆਪਣੀ ਅਰਜ਼ੀ 'ਤੇ ਕਾਰਵਾਈ ਨਾ ਹੋਣ ਦਾ ਹਵਾਲਾ ਦਿੰਦਿਆਂ ਜੀਵਨ ਅਤੇ ਆਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।
ਚਾਰ ਬੱਚਿਆਂ ਦਾ ਭਵਿੱਖ ਦਾਅ 'ਤੇ: ਹਾਈ ਕੋਰਟ
ਸੁਣਵਾਈ ਦੌਰਾਨ ਅਦਾਲਤ ਨੇ ਪਾਇਆ ਕਿ ਦੋਵੇਂ ਪਟੀਸ਼ਨਰ ਪਹਿਲਾਂ ਤੋਂ ਦੂਜਿਆਂ ਨਾਲ ਵਿਆਹੇ ਹੋਏ ਸਨ। ਪੁਰਸ਼ ਦੇ ਆਪਣੀ ਪਤਨੀ ਤੋਂ ਤਿੰਨ ਬੱਚੇ ਹਨ, ਜਦਕਿ ਮਹਿਲਾ ਦੇ ਆਪਣੇ ਪਤੀ ਤੋਂ ਇੱਕ ਬੱਚਾ ਹੈ।
ਅਦਾਲਤ ਨੇ ਕਿਹਾ ਕਿ ਚਾਰ ਬੱਚਿਆਂ ਦਾ ਭਵਿੱਖ ਵੀ ਦਾਅ 'ਤੇ ਲੱਗਿਆ ਹੋਇਆ ਹੈ। ਪਟੀਸ਼ਨਰਾਂ 'ਤੇ ਇਨ੍ਹਾਂ ਬੱਚਿਆਂ ਦੀ ਭਲਾਈ ਅਤੇ ਭਵਿੱਖ ਨੂੰ ਯਕੀਨੀ ਬਣਾਉਣ ਦੀ ਕਾਨੂੰਨੀ ਅਤੇ ਨੈਤਿਕ ਜ਼ਿੰਮੇਵਾਰੀ ਹੈ ਪਰ ਮੌਜੂਦਾ ਮਾਮਲੇ ਵਿੱਚ ਉਨ੍ਹਾਂ ਦੇ ਆਚਰਣ ਤੋਂ ਅਜਿਹੀ ਜ਼ਿੰਮੇਵਾਰੀ ਝਲਕਦੀ ਨਹੀਂ ਹੈ।
ਸੁਣਵਾਈ ਦੌਰਾਨ ਅਦਾਲਤ ਨੇ ਪਟੀਸ਼ਨ ਵਿੱਚ ਕਈ ਅਹਿਮ ਤੱਥਾਂ ਦੀ ਘਾਟ 'ਤੇ ਵੀ ਗੰਭੀਰ ਟਿੱਪਣੀ ਕੀਤੀ। ਪੁਰਸ਼ ਪਟੀਸ਼ਨਰ ਦੀ ਪਤਨੀ ਦੀ ਮੌਤ ਸੰਬੰਧੀ ਦਾਅਵੇ 'ਤੇ ਅਦਾਲਤ ਨੇ ਕਿਹਾ ਕਿ ਵਾਰ-ਵਾਰ ਅਤੇ ਸਾਫ਼ ਪੁੱਛਣ ਦੇ ਬਾਵਜੂਦ ਕਿ ਪਹਿਲਾ ਵਿਆਹ ਕਦੋਂ ਹੋਇਆ ਅਤੇ ਪਤਨੀ ਦੀ ਮੌਤ ਕਦੋਂ ਹੋਈ, ਪਟੀਸ਼ਨਰਾਂ ਦਾ ਵਕੀਲ ਇਸ ਦਾ ਕੋਈ ਜਵਾਬ ਨਹੀਂ ਦੇ ਸਕਿਆ।
ਅਦਾਲਤ ਨੇ ਇਹ ਵੀ ਪਾਇਆ ਕਿ ਮਹਿਲਾ ਪਟੀਸ਼ਨਰ ਵੱਲੋਂ ਇਹ ਤੱਕ ਨਹੀਂ ਦੱਸਿਆ ਗਿਆ ਕਿ ਉਸ ਨੇ ਪਤੀ ਤੋਂ ਵੱਖ ਹੋਣ ਜਾਂ ਤਲਾਕ ਲਈ ਕੋਈ ਕਾਰਵਾਈ ਸ਼ੁਰੂ ਕੀਤੀ ਹੈ ਜਾਂ ਪਤੀ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਕਰਵਾਈ ਹੈ।
ਆਮਦਨ ਦੇ ਸਰੋਤ ਦਾ ਨਹੀਂ ਦੇ ਸਕੇ ਜਵਾਬ
ਹਾਈ ਕੋਰਟ ਨੇ ਇਹ ਵੀ ਨੋਟ ਕੀਤਾ ਕਿ ਉਨ੍ਹਾਂ ਦੇ ਵਕੀਲਾਂ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਕਿੰਨੇ ਸਮੇਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਆਮਦਨ ਦਾ ਸਰੋਤ ਕੀ ਹੈ ਤਾਂ ਉਨ੍ਹਾਂ ਦਾ ਜਵਾਬ ਦੇਣ ਵਿੱਚ ਅਸਫਲ ਰਹੇ ਅਤੇ ਪਟੀਸ਼ਨ ਵਿੱਚ ਇਸਦਾ ਜ਼ਿਕਰ ਵੀ ਨਹੀਂ ਕੀਤਾ ਗਿਆ।
ਇਨ੍ਹਾਂ ਹਾਲਾਤ ’ਚ ਅਦਾਲਤ ਨੇ ਮੰਨਿਆ ਕਿ ਸੁਰੱਖਿਆ ਪ੍ਰਦਾਨ ਕਰਨ ਦਾ ਕੋਈ ਮਾਮਲਾ ਨਹੀਂ ਬਣਦਾ। ਅਦਾਲਤ ਨੇ ਕਿਹਾ ਕਿ ਪਟੀਸ਼ਨ ਵਿੱਚ ਕਿਸੇ ਠੋਸ ਖ਼ਤਰੇ ਦਾ ਜ਼ਿਕਰ ਨਹੀਂ ਹੈ। ਸਗੋਂ ਮੁੱਢਲੀ ਨਜ਼ਰੇ ਇਹ ਪਟੀਸ਼ਨ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਕਰਕੇ ਆਪਣੇ ਅਨੈਤਿਕ ਸੰਬੰਧ ਨੂੰ ਛੁਪਾਉਣ ਦੀ ਇੱਕ ਭੱਦੀ ਕੋਸ਼ਿਸ਼ ਜਾਪਦੀ ਹੈ। ਅਜਿਹੇ ਕੰਮ ਨਾ ਸਿਰਫ਼ ਉਨ੍ਹਾਂ ਦੇ ਚਾਰ ਬੱਚਿਆਂ ਦੇ ਭਵਿੱਖ ਲਈ ਬਹੁਤ ਖ਼ਤਰਨਾਕ ਹਨ, ਸਗੋਂ ਦੋ ਹੋਰ ਵਿਅਕਤੀਆਂ ਦੇ ਵਿਆਹੁਤਾ ਜੀਵਨ ਨੂੰ ਵੀ ਬਰਬਾਦ ਕਰ ਰਹੇ ਹਨ।
ਅੰਤ ’ਚ ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨ ਸਹੀ ਤੱਥ ਪੇਸ਼ ਨਹੀਂ ਕਰਦੀ ਅਤੇ ਜਿੰਨਾ ਦੱਸਿਆ ਗਿਆ ਹੈ, ਉਸ ਤੋਂ ਵੱਧ ਤੱਥ ਛੁਪਾਏ ਗਏ ਹਨ। ਨਾਲ ਹੀ ਕੋਈ ਸਪੱਸ਼ਟ ਖ਼ਤਰੇ ਦੀ ਸਥਿਤੀ ਵੀ ਸਾਹਮਣੇ ਨਹੀਂ ਆਈ ਹੈ।
ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਕਿਸੇ ਅਨੈਤਿਕ ਸੰਬੰਧ ਨੂੰ ਛੁਪਾਉਣ ਲਈ ਨਹੀਂ ਕੀਤੀ ਜਾ ਸਕਦੀ। ਇਸੇ ਆਧਾਰ 'ਤੇ ਪਟੀਸ਼ਨ ਖਾਰਜ ਕਰ ਦਿੱਤੀ ਗਈ। ਹਾਲਾਂਕਿ ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਟੀਸ਼ਨ ਖਾਰਜ ਹੋਣ ਨਾਲ ਰਾਜ ਦਾ ਇਹ ਫ਼ਰਜ਼ ਖ਼ਤਮ ਨਹੀਂ ਹੁੰਦਾ ਕਿ ਜਿੱਥੇ ਅਸਲ ਲੋੜ ਹੋਵੇ, ਉੱਥੇ ਪਟੀਸ਼ਨਰਾਂ ਦੇ ਜੀਵਨ ਅਤੇ ਆਜ਼ਾਦੀ ਦੀ ਰੱਖਿਆ ਕੀਤੀ ਜਾਵੇ।