ਅਪ੍ਰੇਸ਼ਨ ਕਾਸੋ ਤਹਿਤ ਚੈਕਿੰਗ ਦੌਰਾਨ ਹੈਰੋਇਨ ਤੇ ਗਾਂਜਾ ਬਰਾਮਦ ਅਪ੍ਰੇਸ਼ਨ ਕਾਸੋ ਤਹਿਤ ਚੈਕਿੰਗ ਦੌਰਾਨ ਹੈਰੋਇਨ ਤੇ ਗਾਂਜਾ ਬਰਾਮਦ
Publish Date: Mon, 14 Sep 2026 10:10 PM (IST)
Updated Date: Mon, 14 Sep 2026 10:11 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਖਰੜ ਪੁਲਿਸ ਵੱਲੋਂ ਸਥਾਨਕ ਬੰਗਾਲਾ ਬਸਤੀ ਮੁੰਡੀ ਖਰੜ ਵਿਖੇ ਨਸ਼ਿਆਂ ਦੀ ਸਪਲਾਈ ਨੂੰ ਠੱਲ੍ਹ ਪਾਉਣ ਲਈ ਅਪ੍ਰੇਸ਼ਨ ਕਾਸੋ ਦੇ ਤਹਿਤ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਵਿਚ ਕੁਝ ਵਿਅਕਤੀ ਤੇ ਨਸ਼ੇ ਪਦਾਰਥ ਬਰਾਮਦ ਕਰਨ ਵਿਚ ਪੁਲਿਸ ਨੂੰ ਸਫ਼ਲਤਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸਐੱਚਓ ਸਿਟੀ ਖਰੜ ਅਮਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਨਸ਼ਾ ਸਮਗਲਰਾਂ ਅਤੇ ਨਸ਼ਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਉੱਤੇ ਪੁਲਿਸ ਵੱਲੋਂ ਸ਼ਹਿਰ ਦੀ ਬੰਗਾਲਾ ਬਸਤੀ ਵਿਚ ਆਪਰੇਸ਼ਨ ਕਾਸੋ ਦੇ ਤਹਿਤ ਚੈਕਿੰਗ ਅਭਿਆਨ ਚਲਾਇਆ ਗਿਆ। ਜਿਸ ਵਿਚ ਪੁਲਿਸ ਚੌਕੀ ਸਨੀ ਇਨਕਲੇਵ ਦੀ ਟੀਮ ਵੀ ਉਨ੍ਹਾਂ ਨਾਲ ਸੀ। ਇਸ ਅਪ੍ਰੇਸ਼ਨ ਵਿਚ ਉਨ੍ਹਾਂ ਵੱਲੋਂ ਹਰ ਘਰ ਦੀ ਤਲਾਸ਼ੀ ਲਈ ਗਈ, ਜਿਸ ਵਿਚ ਉਨ੍ਹਾਂ ਨੂੰ ਇਕ ਘਰ ’ਚੋਂ ਅੱਠ ਗਰਾਮ ਹੈਰੋਇਨ ਤੇ ਕੁਝ ਹੋਰ ਘਰਾਂ ਵਿਚੋਂ ਗਾਂਜਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਪੁਲਿਸ ਵੱਲੋਂ ਇਸ ਅਪ੍ਰੇਸ਼ਨ ਦੇ ਤਹਿਤ ਅਸ਼ੋਕ ਕੁਮਾਰ ਉਰਫ਼ ਬੈਟਰੀ ਵਾਸੀ ਹਰਿਆਣਾ ਨੂੰ 8 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਦੋਂ ਕਿ ਕੁਝ ਹੋਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਏ ਗਏ ਹਨ। ਜਿਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਕਾਰਵਾਈ ਜਾਰੀ ਸੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਜਾਂ ਕਰਦਾ ਦਿਖਾਈ ਦਿੰਦਾ ਹੈ, ਉਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਐੱਸਐੱਚਓ ਸਿੱਧੂ ਨੇ ਨਸ਼ਾ ਵੇਚਣ ਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਖਰੜ ਪੁਲਿਸ ਵੱਲੋਂ ਬਾਰੀਕੀ ਨਾਲ ਸ਼ਹਿਰ ਦੀ ਹਰ ਕਾਲੋਨੀ, ਅਪਾਰਟਮੈਂਟ ਤੇ ਮਾਰਕੀਟਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਕਿਸੇ ਵੀ ਗ਼ਲਤ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਅਪ੍ਰੇਸ਼ਨ ਕਾਸੋ ਵਿਚ ਪੁਲਿਸ ਚੌਕੀ ਸਨੀ ਦੇ ਇੰਚਾਰਜ ਹਰਦੀਪ ਸਿੰਘ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਹਰਮਿੰਦਰ ਸਿੰਘ, ਭਵਿੰਦਰ ਸਿੰਘ ਤੇ ਹੋਰ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਲ ਸਨ।