ਫਲਾਈਓਵਰ ’ਤੇ ਟਿੱਪਰ ਖ਼ਰਾਬ ਹੋਣ ਕਾਰਨ ਲੱਗਾ ਭਾਰੀ ਜਾਮ, ਵਾਹਨ ਚਾਲਕ ਹੋਏ ਖੱਜਲ-ਖੁਆਰ
ਫਲਾਈਓਵਰ 'ਤੇ ਟਿੱਪਰ ਖ਼ਰਾਬ ਹੋਣ ਕਾਰਨ ਲੱਗਿਆ ਭਾਰੀ ਜਾਮ, ਵਾਹਨ ਚਾਲਕ ਹੋਏ ਖੱਜਲ ਖੁਆਰ
Publish Date: Mon, 16 Feb 2026 06:47 PM (IST)
Updated Date: Mon, 16 Feb 2026 06:51 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਡੇਰਾਬੱਸੀ ਰੇਲਵੇ ਫਲਾਈਓਵਰ ’ਤੇ ਸੋਮਵਾਰ ਨੂੰ ਇੱਕ ਟਿੱਪਰ ਦੇ ਅਚਾਨਕ ਖ਼ਰਾਬ ਹੋ ਜਾਣ ਕਾਰਨ ਹਾਈਵੇ ’ਤੇ 4 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਇਸ ਜਾਮ ਕਾਰਨ ਜਿੱਥੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਸ਼ਹਿਰ ਵਾਸੀ ਵੀ ਕਈ ਘੰਟੇ ਪਰੇਸ਼ਾਨ ਰਹੇ। ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਡੇਰਾਬੱਸੀ ਰੇਲਵੇ ਫਲਾਈਓਵਰ ਦੇ ਵਿਚਕਾਰ ਟਿੱਪਰ ਦੇ ਖ਼ਰਾਬ ਹੋ ਜਾਣ ਕਾਰਨ ਪਿੱਛੇ ਆਉਣ ਵਾਲੀਆਂ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਰਸਤਾ ਤੰਗ ਹੋਣ ਕਾਰਨ ਹਾਈਵੇ ’ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਨਾਲ ਦਫ਼ਤਰ ਜਾਣ ਵਾਲੇ ਲੋਕਾਂ ਅਤੇ ਰਾਹਗੀਰਾਂ ਦਾ ਕਾਫ਼ੀ ਸਮਾਂ ਬਰਬਾਦ ਹੋਇਆ। ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਰੇਨ ਦੀ ਮਦਦ ਨਾਲ ਖ਼ਰਾਬ ਹੋਏ ਟਿੱਪਰ ਨੂੰ ਸੜਕ ਦੇ ਵਿਚਕਾਰੋਂ ਪਾਸੇ ਕਰਵਾਇਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਹੌਲੀ-ਹੌਲੀ ਟ੍ਰੈਫਿਕ ਨੂੰ ਸੁਚਾਰੂ ਰੂਪ ਵਿਚ ਚਾਲੂ ਕੀਤਾ ਗਿਆ। ਟ੍ਰੈਫਿਕ ਇੰਚਾਰਜ ਡੇਰਾਬੱਸੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਟਿੱਪਰ ਵਿਚ ਤਕਨੀਕੀ ਨੁਕਸ ਪੈਣ ਕਾਰਨ ਇਹ ਖ਼ਰਾਬ ਹੋ ਗਿਆ ਸੀ, ਪਰ ਹੁਣ ਰਸਤਾ ਪੂਰੀ ਤਰ੍ਹਾਂ ਖੁੱਲ੍ਹ ਚੁੱਕਾ ਹੈ ਅਤੇ ਟ੍ਰੈਫਿਕ ਆਮ ਵਾਂਗ ਚੱਲ ਰਿਹਾ ਹੈ।