ਮੁਹਾਲੀ 'ਚ ਦੇਰ ਰਾਤ ਚੱਲੀਆਂ ਗੋਲ਼ੀਆਂ ਜਨਮਦਿਨ ਮਨਾ ਰਹੇ ਨੌਜਵਾਨਾਂ 'ਤੇ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਕੀਤੀ ਗਈ ਫਾਇਰਿੰਗ ’ਚ ਇਕ ਨੌਜਵਾਨ ਤੇ ਇਕ ਲੜਕੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ
Publish Date: Mon, 31 Aug 2026 07:34 PM (IST)
Updated Date: Tue, 01 Sep 2026 04:04 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਫੇਜ਼-1 ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਮੁਹਾਲੀ (ਖੇੜਾ ਨੇੜੇ) ’ਚ ਦੇਰ ਰਾਤ ਕਰੀਬ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਜਨਮਦਿਨ ਮਨਾ ਰਹੇ ਨੌਜਵਾਨਾਂ ਤੇ ਬਾਈਕ ਸਵਾਰ ਬਦਮਾਸ਼ਾਂ ਵੱਲੋਂ ਕੀਤੀ ਗਈ ਫਾਇਰਿੰਗ ’ਚ ਇਕ ਨੌਜਵਾਨ ਤੇ ਇਕ ਲੜਕੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ===== 4 ਤੋਂ 5 ਰੋਂਦ ਚਲਾ ਕੇ ਫ਼ਰਾਰ ਹੋਏ ਹਮਲਾਵਰ ਪ੍ਰਤੱਖਦਰਸ਼ੀਆਂ ਮੁਤਾਬਕ ਹਮਲਾਵਰ ਦੋ ਬਾਈਕਾਂ ਤੇ ਸਵਾਰ ਹੋ ਕੇ ਆਏ ਸਨ। ਮੌਕੇ ਤੇ ਪਹੁੰਚਦਿਆਂ ਹੀ ਉਨ੍ਹਾਂ ਦੀ ਸਲਮਾਨ ਅਤੇ ਉਸ ਦੇ ਦੋਸਤਾਂ ਨਾਲ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਇੰਨਾ ਵੱਧ ਗਿਆ ਕਿ ਬਾਈਕ ਸਵਾਰਾਂ ਨੇ ਅਚਾਨਕ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਚਸ਼ਮਦੀਦਾਂ ਅਨੁਸਾਰ ਲਗਭਗ 4 ਤੋਂ 5 ਰੋਂਦ ਫਾਇਰ ਕੀਤੇ ਗਏ। ਇਸ ਹਮਲੇ ’ਚ ਸਲਮਾਨ ਦੀ ਬਾਂਹ ਚ ਗੋਲ਼ੀ ਲੱਗੀ, ਜਦਕਿ ਨਾਲ ਮੌਜੂਦ ਸੁਮਨ ਨਾਮ ਦੀ ਲੜਕੀ ਵੀ ਗੰਭੀਰ ਰੂਪ ਚ ਜ਼ਖ਼ਮੀ ਹੋ ਗਈ। ਜ਼ਖ਼ਮੀ ਸਲਮਾਨ ਦੇ ਵੱਡੇ ਭਰਾ ਰਿਜ਼ਵਾਨ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਹਾਲੇ ਬਾਰ੍ਹਵੀਂ ਜਮਾਤ ’ਚ ਪੜ੍ਹਦਾ ਹੈ। ਵਾਰਦਾਤ ਤੋਂ ਬਾਅਦ ਮੌਕੇ ਤੇ ਮੌਜੂਦ ਦੋਸਤਾਂ ਨੇ ਤੁਰੰਤ ਦੋਵਾਂ ਜ਼ਖ਼ਮੀਆਂ (ਸਲਮਾਨ ਅਤੇ ਸੁਮਨ) ਨੂੰ ਇਲਾਜ ਲਈ ਫੇਜ਼-6 ਸਥਿਤ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੇ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਹੈ, ਜੋਕਿ ਚੰਡੀਗੜ੍ਹ ਦੀ ਦੱਸੀ ਜਾ ਰਹੀ ਹੈ। ==== ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਫੇਜ਼-1 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਘਟਨਾਸਥਲ ਤੋਂ ਗੋਲ਼ੀਆਂ ਦੇ ਖਾਲੀ ਖੋਲ ਬਰਾਮਦ ਕੀਤੇ ਹਨ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚੀ ਜਾ ਰਹੀ ਹੈ। ਫਿਲਹਾਲ ਗੋਲ਼ੀਬਾਰੀ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਪਹਿਲੂ ਦੀ ਜਾਂਚ ਕਰ ਰਹੀ ਹੈ ਕਿ ਇਹ ਹਮਲਾ ਕਿਸੇ ਪੁਰਾਣੀ ਰੰਜਿਸ਼ ਕਾਰਨ ਹੋਇਆ ਹੈ ਜਾਂ ਨਸ਼ੇ ਦੇ ਮਾਮਲੇ ਨੂੰ ਲੈ ਕੇ ਮੌਕੇ ਤੇ ਹੋਈ ਬਹਿਸ ਕਾਰਨ।