ਪੰਜਾਬ ਸਰਕਾਰ ਦੀ ਲਾਪਰਵਾਹੀ : ਹਾਲੇ ਤੱਕ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ : ਐੱਨਕੇ ਸ਼ਰਮਾ ਪੰਜਾਬ ਸਰਕਾਰ ਦੀ ਲਾਪਰਵਾਹੀ : ਹਾਲੇ ਤੱਕ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ : ਐੱਨਕੇ ਸ਼ਰਮਾ
Publish Date: Tue, 15 Sep 2026 07:16 PM (IST)
Updated Date: Tue, 15 Sep 2026 07:17 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਪੰਜਾਬ ਸਰਕਾਰ ਤੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਸਾਬਕਾ ਵਿਧਾਇਕ ਐੱਨਕੇ ਸ਼ਰਮਾ ਨੇ ਦਾਣਾ ਮੰਡੀ ਲਾਲੜੂ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗਣ ਦੇ ਮੁੱਦੇ ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੰਡੀ ਵਿਚ ਝੋਨੇ ਦੀ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਹਾਲੇ ਤੱਕ ਕਣਕ ਦੀ ਲਿਫਟਿੰਗ ਨਹੀਂ ਕਰਵਾ ਸਕੀ ਹੈ। ਐੱਨਕੇ ਸ਼ਰਮਾ ਨੇ ਅੱਜ ਕਿਸਾਨਾਂ ਦੇ ਸੱਦੇ ਮੰਡੀ ਦਾ ਦੌਰਾ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਸ਼ਰਮਾ ਨੇ ਕਿਹਾ ਕਿ ਲਾਲੜੂ ਅਨਾਜ ਮੰਡੀ ਵਿਚ ਹਾਲੇ ਵੀ ਕਣਕ ਦੀਆਂ 2 ਲੱਖ ਤੋਂ ਵੱਧ ਬੋਰੀਆਂ ਲੱਗੀਆਂ ਹੋਈਆਂ ਹਨ, ਜਦਕਿ ਕਣਕ ਦਾ ਸੀਜ਼ਨ ਕਈ ਮਹੀਨੇ ਪਹਿਲਾਂ ਬੀਤ ਚੁੱਕਿਆ ਹੈ, ਪਰ ਫਿਰ ਵੀ ਮੰਡੀ ਵਿਚੋਂ ਕਣਕ ਨਹੀਂ ਚੁੱਕੀ ਗਈ ਹੈ। ਦੂਜੇ ਪਾਸੇ, ਕਿਸਾਨਾਂ ਦਾ ਮੰਡੀ ਵਿਚ ਝੋਨਾ ਆਉਣਾ ਸ਼ੁਰੂ ਹੋ ਗਿਆ ਹੈ। ਮੰਡੀ ਵਿਚ ਕੁਝ ਥਾਵਾਂ ਤੇ ਝੋਨਾ ਸੁਕਾਇਆ ਜਾ ਰਿਹਾ ਹੈ, ਜਦਕਿ ਥਾਂ ਦੀ ਘਾਟ ਹੋਣ ਕਾਰਨ ਕੁੱਝ ਥਾਵਾਂ ਤੇ ਇਸ ਨੂੰ ਮੰਡੀ ਦੀਆਂ ਸੜਕਾਂ ਉੱਤੇ ਹੀ ਝਰਨਿਆਂ ਨਾਲ ਸਾਫ਼ ਕੀਤਾ ਜਾ ਰਿਹਾ ਹੈ। ਸਰਕਾਰ ਦੀ ਲਾਪਰਵਾਹੀ ਕਾਰਨ ਮੰਡੀ ਵਿਚ ਖੁੱਲ੍ਹੇ ਅਸਮਾਨ ਹੇਠ ਫ਼ਸਲਾਂ ਪਈਆਂ ਹਨ। ਮੀਂਹ ਕਿਸਾਨਾਂ ਦੀ ਮਿਹਨਤ ਨੂੰ ਬਰਬਾਦ ਕਰ ਸਕਦਾ ਹੈ। ਸ਼ਰਮਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਝੋਨੇ ਦੀ ਆਮਦ ਵਧਦੀ ਹੈ ਤਾਂ ਇੱਥੇ ਜਗ੍ਹਾ ਨਹੀਂ ਰਹੇਗੀ। ਕਿਸਾਨਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦੇ ਰਹੀਆਂ ਹਨ। ਮੰਡੀ ਵਿਚ ਹਾਲੇ ਤੱਕ ਬਾਰਦਾਨੇ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ। ਸ਼ਰਮਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ। ਪਹਿਲਾਂ ਸ਼ੰਭੂ ਸਰਹੱਦ ਤੇ ਕਿਸਾਨਾਂ ਤੇ ਕਥਿਤ ਲਾਠੀਚਾਰਜ ਕਰਵਾਇਆ ਗਿਆ। ਐੱਨਕੇ ਸ਼ਰਮਾ ਨੇ ਕਿਹਾ ਕਿ ਮੌਜੂਦਾ ਸਰਕਾਰ ਬਿਜਲੀ ਮੁਹੱਈਆ ਕਰਵਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਮਾੜੇ ਪ੍ਰਬੰਧਾਂ ਕਾਰਨ ਅੱਜ ਵੀ ਅੱਠ ਤੋਂ ਦਸ ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਸ਼ਹਿਰੀ, ਪੇਂਡੂ ਅਤੇ ਕਿਸਾਨ ਖਪਤਕਾਰ ਬਿਜਲੀ ਕੱਟਾਂ ਕਾਰਨ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਅਤੇ ਕਿਸਾਨਾਂ ਦੇ ਮੁੱਦੇ ਤੇ ਬੁੱਧਵਾਰ ਨੂੰ ਡੇਰਾਬੱਸੀ ਦੇ ਐੱਸਡੀਐੱਮ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਗੁਰਵਿੰਦਰ ਸਿੰਘ, ਰੋਹਿਤ ਰਤਨ, ਕੌਂਸਲਰ ਸੰਜੂ ਪ੍ਰਜਾਪਤ, ਬਿਕਰਮ ਸਿੰਘ ਸਰਸੀਣੀ, ਵਿੱਕੀ ਡੈਹਰ, ਬੁੱਲੂ ਰਾਣਾ, ਰਘੁਬੀਰ ਜੁਨੇਜਾ, ਘਣਸ਼ਿਆਮ ਦਾਸ ਗੁੱਲਾ, ਗੁਰਜੀਤ ਕੁਰਲੀ, ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ।