ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ 7 ਲੱਖ ਤੋਂ ਵੱਧ ਮਰੀਜ਼ਾਂ ਦੇ ਇਲਾਜ ’ਤੇ 1310 ਕਰੋੜ ਖ਼ਰਚੇ : ਮਾਨ ਸਿਹਤ ਬੀਮਾ ਯੋਜਨਾ: ਹੁਣ ਤੱਕ 7 ਲੱਖ ਤੋਂ ਵੱਧ ਮਰੀਜ਼ਾਂ ਦੇ ਇਲਾਜ 'ਤੇ 1310 ਕਰੋੜ ਖ਼ਰਚੇ: ਸੀਐੱਮ ਮਾਨ
Publish Date: Sun, 20 Sep 2026 08:37 PM (IST)
Updated Date: Mon, 21 Sep 2026 04:12 AM (IST)
ਕੈਪਸ਼ਨ: ਮੁਹਾਲੀ ਵਿਚ ਲਾਭਪਾਤਰੀ ਪਰਿਵਾਰਾਂ ਨੂੰ ਸਿਹਤ ਬੀਮਾ ਕਾਰਡ ਵੰਡਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। 25ਪੀ * ਕਿਹਾ, ਪੰਜਾਬ ’ਚ 54 ਲੱਖ ਪਰਿਵਾਰਾਂ ਨੂੰ ਬਿਨਾਂ ਸ਼ਰਤ ਮਿਲੀ ਸਿਹਤ ਸੁਰੱਖਿਆ, ਲੋਕਾਂ ਦੀ ਚਿੰਤਾ ਮੁੱਕੀ * ਸੀਐੱਮ ਮਾਨ ਨੇ ਮੁਹਾਲੀ ’ਚ ਲਾਭਪਾਤਰੀ ਪਰਿਵਾਰਾਂ ਨੂੰ ਵੰਡੇ ਸਿਹਤ ਬੀਮਾ ਯੋਜਨਾ ਕਾਰਡ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਦੀ ‘ਆਪ’ ਸਰਕਾਰ ਨੇ ਲਗਭਗ 1.26 ਕਰੋੜ ਸਿਹਤ ਕਾਰਡਾਂ ਤਹਿਤ 54 ਲੱਖ ਪਰਿਵਾਰਾਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਕੀਤੀ ਹੈ, ਜਿਸ ਤਹਿਤ ਹੁਣ ਤੱਕ 7 ਲੱਖ ਤੋਂ ਵੱਧ ਮਰੀਜ਼ਾਂ ਦੇ ਇਲਾਜ ’ਤੇ 1310 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਇਹ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਹ ਐਤਵਾਰ ਨੂੰ ਮੁਹਾਲੀ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਸਬੰਧੀ ਸਿਹਤ ਬੀਮਾ ਕਾਰਡ ਵੰਡਣ ਮਗਰੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਐੱਮਪੀ ਮਾਲਵਿੰਦਰ ਸਿੰਘ ਕੰਗ, ਵਿਧਾਇਕ ਕੁਲਵੰਤ ਸਿੰਘ ਤੇ ਕੁਲਜੀਤ ਸਿੰਘ ਰੰਧਾਵਾ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਹਲਕਾ ਇੰਚਾਰਜ ਖਰੜ ਪਰਮਿੰਦਰ ਸਿੰਘ ਗੋਲਡੀ ਤੇ ਕੌਂਸਲਰ ਡਾ. ਸੰਨੀ ਸਿੰਘ ਆਹਲੂਵਾਲੀਆ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਕ ਗੰਭੀਰ ਬਿਮਾਰੀ ਸਾਧਾਰਨ ਪਰਿਵਾਰ ਨੂੰ ਵਿੱਤੀ ਬੇਯਕੀਨੀ ਵੱਲ ਧੱਕ ਸਕਦੀ ਹੈ ਪਰ ਪੰਜਾਬ ’ਚ ਹੁਣ ਲੱਖਾਂ ਘਰਾਂ ਤੱਕ 10 ਲੱਖ ਰੁਪਏ ਦੀ ਸਿਹਤ ਸੁਰੱਖਿਆ ਯੋਜਨਾ ਪਹੁੰਚ ਚੁੱਕੀ ਹੈ ਅਤੇ ਆਪਣੇ ਇਲਾਜ ਸਬੰਧੀ ਆਮ ਲੋਕਾਂ ਦੀ ਚਿੰਤਾ ਮੁੱਕ ਗਈ ਹੈ, ਜਦਕਿ ਇਸ ਤੋਂ ਪਹਿਲਾਂ ਗਰੀਬ ਲੋਕ ਆਪਣੇ ਇਲਾਜ ਦਾ ਖ਼ਰਚਾ ਸੁਣ ਕੇ ਹੀ ਆਪਣੀ ਸਿਹਤ ਵਿਗਾੜ ਲੈਂਦੇ ਹਨ। ਪਹਿਲੀਆਂ ਸਰਕਾਰਾਂ ਨੇ ਇਸ ਕਦੇ ਧਿਆਨ ਹੀ ਨਹੀਂ ਦਿੱਤਾ। ਜਿਸ ਕਾਰਨ ਬਿਨਾਂ ਇਲਾਜ ਤੋਂ ਅਨੇਕਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਐਲਾਨ ਕੀਤਾ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਤਿੰਨ ਮਹੀਨਿਆਂ ਦੀ ਕਿਸ਼ਤ 1 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਸੂਬੇ ਭਰ ’ਚ ਕਿਫਾਇਤੀ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਸਰਕਾਰ ਦਾ ਵੱਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹਰ ਨਾਗਰਿਕ ਸਿਹਤਮੰਦ ਰਹੇ ਅਤੇ ਰੰਗਲਾ ਪੰਜਾਬ ਸਿਰਜਿਆ ਜਾਵੇ। ਉਨ੍ਹਾਂ ਕਿਹਾ, “ਵਿਦੇਸ਼ਾਂ ’ਚ ਲੋਕਾਂ ਨੂੰ ਆਮ ਤੌਰ ਤੇ ਪ੍ਰੀਮੀਅਮ ਭਰ ਕੇ ਸਿਹਤ ਬੀਮਾ ਕਰਵਾਉਣਾ ਪੈਂਦਾ ਹੈ। ਪੰਜਾਬ ’ਚ ਸਾਡੀ ਸਰਕਾਰ ਲੋਕਾਂ ਤੇ ਅਜਿਹਾ ਕੋਈ ਵਿੱਤੀ ਬੋਝ ਪਾਏ ਬਿਨਾਂ ਇਹ ਸਿਹਤ ਸਹੂਲਤ ਪ੍ਰਦਾਨ ਕਰ ਰਹੀ ਹੈ। ਸਰਕਾਰ ਲੋਕ ਪੱਖੀ ਹੋਵੇ ਤਾਂ ਉਸ ਨੂੰ ਬਦਲਣ ਦੀ ਲੋੜ ਨਹੀਂ ਹੈ : ਸੀਐੱਮ ਆਪਣੇ ਸਿਆਸੀ ਵਿਰੋਧੀਆਂ ਤੇ ਤਨਜ਼ ਕੱਸਦਿਆਂ ਭਗਵੰਤ ਮਾਨ ਨੇ ਕਿਹਾ, ਜੇਕਰ ਇਲਾਜ ਸਹੀ ਹੋਵੇ ਤਾਂ ਡਾਕਟਰ ਬਦਲਣ ਦੀ ਲੋੜ ਨਹੀਂ ਹੁੰਦੀ। ਜੇਕਰ ਸਰਕਾਰ ਲੋਕ ਪੱਖੀ ਹੋਵੇ ਤਾਂ ਉਸ ਨੂੰ ਬਦਲਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ, “ਇਹ ਤਬਦੀਲੀ ਸਿਰਫ਼ ਸਿਹਤ ਸੰਭਾਲ ਤੱਕ ਹੀ ਸੀਮਤ ਨਹੀਂ ਹੈ। ਰੰਗਲੇ ਪੰਜਾਬ ਦੇ ਰੰਗ ਵੱਖ-ਵੱਖ ਖੇਤਰਾਂ ਚ ਨਜ਼ਰ ਆਉਣ ਲੱਗ ਪਏ ਹਨ। ਪੰਜਾਬ ਬੇਅੰਤ ਸੰਭਾਵਨਾਵਾਂ ਵਾਲੀ ਪਵਿੱਤਰ ਧਰਤੀ ਹੈ ਅਤੇ ਅਸੀਂ ਸੂਬੇ ’ਚ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਕਰ ਰਹੇ ਹਾਂ।” ਸਾਨੂੰ ਕੈਲੀਫੋਰਨੀਆ ਨਹੀਂ ਚਾਹੀਦਾ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਮਜ਼ਬੂਤ ਹੋਵੇ ਤਾਂ ਜੋ ਸਾਡੇ ਨੌਜਵਾਨ ਇੱਥੇ ਆਪਣਾ ਭਵਿੱਖ ਬਣਾ ਸਕਣ। ਸਮੇਂ ਸਿਰ ਇਲਾਜ ਨਾਲ ਪੇਚੀਦਗੀਆਂ ਨੂੰ ਰੋਕਿਆ ਜਾ ਸਕਦੈ : ਸਿਹਤ ਮੰਤਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਮੇਂ ਸਿਰ ਇਲਾਜ ਨਾਲ ਪੇਚੀਦਗੀਆਂ ਨੂੰ ਰੋਕਿਆ ਜਾ ਸਕਦਾ ਹੈ, ਰਿਕਵਰੀ ’ਚ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਪਰਿਵਾਰਾਂ ਲਈ ਬਿਮਾਰੀ ਦੇ ਲੰਬੇ ਸਮੇਂ ਦੇ ਖਰਚੇ ਨੂੰ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ, “ਇਹ ਸਿਹਤ ਯੋਜਨਾ ਡਾਇਲਸਿਸ, ਦਿਲ ਦੇ ਇਲਾਜ, ਕੈਂਸਰ ਦੇ ਇਲਾਜ, ਗੋਡੇ ਬਦਲਣ, ਮੋਤੀਆਬਿੰਦ ਦੀ ਸਰਜਰੀ, ਸੀ-ਸੈਕਸ਼ਨ ਡਿਲੀਵਰੀ, ਟਰਾਂਸਪਲਾਂਟ ਸੇਵਾਵਾਂ ਅਤੇ ਐਮਰਜੈਂਸੀ ਦੇਖਭਾਲ ਸਮੇਤ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਸਹਾਇਤਾ ਕਰ ਰਹੀ ਹੈ।” ਰਾਜਿੰਦਰਾ ਹਸਪਤਾਲ, ਪਟਿਆਲਾ ’ਚ ਪਹਿਲਾ ਕਿਡਨੀ ਟਰਾਂਸਪਲਾਂਟ ਪੂਰੀ ਤਰ੍ਹਾਂ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੀਤਾ ਗਿਆ ਸੀ ਤੇ ਐੱਮ.ਐੱਮ.ਐੱਸ.ਵਾਈ ਤਹਿਤ 37 ਸਾਲਾ ਔਰਤ ਦੇ ਦਿਲ ਦੀ ਸਫ਼ਲ ਸਰਜਰੀ ਤੇ ਵੀ ਚਾਨਣਾ ਪਾਇਆ।