ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਵੰਡ ਸਮਾਗਮ ਕਰਵਾਇਆ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਵੰਡ ਸਮਾਰੋਹ ਦਾ ਆਯੋਜਨ,
Publish Date: Wed, 23 Sep 2026 05:58 PM (IST)
Updated Date: Wed, 23 Sep 2026 06:00 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਤੱਕ ਸਿਹਤ ਸੇਵਾਵਾਂ ਅਤੇ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੇ ਮੰਤਵ ਨਾਲ, ਸਿਵਲ ਸਰਜਨ ਐੱਸਏਐੱਸ ਨਗਰ ਡਾ. ਸੰਗੀਤਾ ਜੈਨ ਦੀ ਅਗਵਾਈ ਹੇਠ ਸਿਹਤ ਵਿਭਾਗ ਬਲਾਕ ਡੇਰਾਬੱਸੀ ਵੱਲੋਂ ਤਹਿਸੀਲ ਰੋਡ ਸਥਿਤ ਕਮਿਊਨਿਟੀ ਸੈਂਟਰ ਵਿਖੇ ਐੱਮਐੱਮਐੱਸਵਾਈ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਐੱਮਐੱਮਐੱਸਵਾਈ ਸਿਹਤ ਕਾਰਡ ਵੰਡੇ ਗਏ ਅਤੇ ਉੱਥੇ ਮੌਜੂਦ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਤੱਕ ਵਧੀਆ ਅਤੇ ਸੁਚਾਰੂ ਸਿਹਤ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਯੋਗ ਪਰਿਵਾਰ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਸਿਹਤ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਆਮ ਜਨਤਾ ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਐੱਸਐੱਮਓ ਸਬ ਡਿਵੀਜ਼ਨਲ ਹਸਪਤਾਲ ਡੇਰਾਬੱਸੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਐੱਮਐੱਮਐੱਸਵਾਈ ਸਿਹਤ ਕਾਰਡ ਜਲਦ ਤੋਂ ਜਲਦ ਬਣਵਾਉਣ ਅਤੇ ਸਰਕਾਰ ਦੀਆਂ ਸਿਹਤ ਸਹੂਲਤਾਂ ਦਾ ਪੂਰਾ ਫ਼ਾਇਦਾ ਚੁੱਕਣ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਪ੍ਰਤਾਪ ਸਿੰਘ ਵਿਰਕ, ਮਾਰਕੀਟ ਕਮੇਟੀ ਲਾਲੜੂ ਦੇ ਚੇਅਰਮੈਨ ਗੁਰਸੇਵਕ ਸਿੰਘ, ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਜ਼ੋਰਾਵਰ ਸਿੰਘ, ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ, ਸੀਨੀਅਰ ਵਾਈਸ ਪ੍ਰਧਾਨ ਲਾਲੜੂ ਹਰੀਸ਼ ਮਦਾਨ, ਸੀਨੀਅਰ ਵਾਈਸ ਪ੍ਰਧਾਨ ਡੇਰਾਬੱਸੀ ਦਵਿੰਦਰ ਸਿੰਘ, ਮਹਿਲਾ ਕਮਿਸ਼ਨ ਮੈਂਬਰ ਸਵਰਨਜੀਤ ਕੌਰ ਅਤੇ ਯੂਥ ਕੋਆਰਡੀਨੇਟਰ ਕੁਲਦੀਪ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਡਾ. ਗਗਨਦੀਪ ਸ਼ੇਰਗਿੱਲ ਐੱਸਐੱਮਓ ਸੀਐੱਚਸੀ ਢਕੌਲੀ, ਡਾ. ਨਵੀਨ ਕੌਸ਼ਿਕ ਐੱਸਐੱਮਓ ਲਾਲੜੂ ਅਤੇ ਹੋਰ ਕਰਮਚਾਰੀ ਵੀ ਮੌਜੂਦ ਰਹੇ। ਸਮਾਗਮ ਦੌਰਾਨ ਸਿਹਤ ਵਿਭਾਗ ਵੱਲੋਂ ਕਾਰਡ ਵੰਡਣ ਦੇ ਨਾਲ-ਨਾਲ ਲਾਭਪਾਤਰੀਆਂ ਨੂੰ ਲੋੜੀਂਦੀ ਸਹਾਇਤਾ ਅਤੇ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ।