GMCH-32 'ਚ ਸਿਹਤ ਪ੍ਰਬੰਧਾਂ ਦੀ ਪੋਲ ਖੁੱਲ੍ਹੀ, 99 'ਚੋਂ 64 ਵੈਂਟੀਲੇਟਰ ਠੱਪ, ਸੰਸਦ 'ਚ ਗੂੰਜਿਆ ਮੁੱਦਾ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਵੈਂਟੀਲੇਟਰਾਂ ਦੀ ਖਰਾਬ ਹਾਲਤ ਹੁਣ ਵੱਡਾ ਮੁੱਦਾ ਬਣ ਗਈ ਹੈ। ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਇਹ ਮਾਮਲਾ ਉਠਾਉਂਦਿਆਂ ਹਸਪਤਾਲ ਦੀਆਂ ਕ੍ਰਿਟੀਕਲ ਕੇਅਰ ਸਹੂਲਤਾਂ ’ਤੇ ਸਵਾਲ ਖੜ੍ਹੇ ਕੀਤੇ ਹਨ।
Publish Date: Sat, 25 Jul 2026 11:16 AM (IST)
Updated Date: Sat, 25 Jul 2026 11:17 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਵੈਂਟੀਲੇਟਰਾਂ ਦੀ ਖਰਾਬ ਹਾਲਤ ਹੁਣ ਵੱਡਾ ਮੁੱਦਾ ਬਣ ਗਈ ਹੈ। ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਇਹ ਮਾਮਲਾ ਉਠਾਉਂਦਿਆਂ ਹਸਪਤਾਲ ਦੀਆਂ ਕ੍ਰਿਟੀਕਲ ਕੇਅਰ ਸਹੂਲਤਾਂ ’ਤੇ ਸਵਾਲ ਖੜ੍ਹੇ ਕੀਤੇ ਹਨ।
ਸੰਸਦ ਮੈਂਬਰ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਪੁੱਛਿਆ ਕਿ ਕੋਵਿਡ-19 ਮਹਾਮਾਰੀ ਦੌਰਾਨ ਮੁਹੱਈਆ ਕਰਵਾਏ ਗਏ ਵੈਂਟੀਲੇਟਰਾਂ ਵਿੱਚੋਂ ਵੱਡੀ ਗਿਣਤੀ ਇਸ ਸਮੇਂ ਕੰਮ ਕਿਉਂ ਨਹੀਂ ਕਰ ਰਹੀ। ਇਸ ਦੇ ਜਵਾਬ ਵਿੱਚ ਕੇਂਦਰੀ ਸਿਹਤ ਰਾਜ ਮੰਤਰੀ ਪ੍ਰਤਾਪਰਾਓ ਗਣਪਤਰਾਓ ਜਾਧਵ ਨੇ ਦੱਸਿਆ ਕਿ ਜੀਐਮਸੀਐਚ-32 ਨੂੰ ਕੁੱਲ 99 ਵੈਂਟੀਲੇਟਰ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ ਇਸ ਵੇਲੇ ਸਿਰਫ਼ 35 ਹੀ ਚਾਲੂ ਹਨ, ਜਦਕਿ 64 ਵੈਂਟੀਲੇਟਰ ਬੰਦ ਪਏ ਹਨ।
ਮਨੀਸ਼ ਤਿਵਾੜੀ ਨੇ ਜੀਐਮਸੀਐਚ-32 ਵਿੱਚ ਖਰਾਬ ਪਏ ਵੈਂਟੀਲੇਟਰਾਂ ਦੇ ਨਾਲ-ਨਾਲ ਟਰਾਮਾ ਸੈਂਟਰ ਵਿੱਚ ਵੈਂਟੀਲੇਟਰ ਟੈਕਨੀਸ਼ੀਅਨ ਅਤੇ ਹੋਰ ਤਕਨੀਕੀ ਸਟਾਫ ਦੀ ਉਪਲਬਧਤਾ ਬਾਰੇ ਵੀ ਜਾਣਕਾਰੀ ਮੰਗੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੈਕਟਰ-16 ਸਥਿਤ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐਮਐਸਐਚ) ਵਿੱਚ ਵੈਂਟੀਲੇਟਰਾਂ ਅਤੇ ਪ੍ਰਸ਼ਿਕਸ਼ਿਤ ਸਟਾਫ ਦੀ ਸਥਿਤੀ ਅਤੇ ਦੋਵਾਂ ਹਸਪਤਾਲਾਂ ਵਿੱਚ ਨਰਸਿੰਗ ਅਤੇ ਪੈਰਾਮੈਡੀਕਲ ਸਟਾਫ ਦੀ ਘਾਟ ਸਬੰਧੀ ਵੀ ਸਵਾਲ ਪੁੱਛੇ। ਸਿਹਤ ਮੰਤਰਾਲੇ ਨੇ ਆਪਣੇ ਜਵਾਬ ਵਿੱਚ ਦੱਸਿਆ ਕਿ ਕੋਵਿਡ-19 ਦੌਰਾਨ ਕੇਂਦਰ ਸਰਕਾਰ ਵੱਲੋਂ ਜੀਐਮਸੀਐਚ-32 ਨੂੰ 99 ਵੈਂਟੀਲੇਟਰ ਮੁਫ਼ਤ ਮੁਹੱਈਆ ਕਰਵਾਏ ਗਏ ਸਨ। ਇਨ੍ਹਾਂ ਵਿੱਚੋਂ ਮੌਜੂਦਾ ਸਮੇਂ 35 ਵੈਂਟੀਲੇਟਰ ਹੀ ਕਾਰਗਰ ਹਨ, ਜਦਕਿ 64 ਖਰਾਬ ਹੋਣ ਕਾਰਨ ਵਰਤੋਂ ਵਿੱਚ ਨਹੀਂ ਹਨ।
ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਮੰਤਰਾਲੇ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਹੈ ਕਿ ਜੀਐਮਸੀਐਚ-32 ਅਤੇ ਜੀਐਮਐਸਐਚ-16 ਵਿੱਚ ਨਰਸਿੰਗ ਅਤੇ ਪੈਰਾਮੈਡੀਕਲ ਸਟਾਫ ਦੀ ਕੋਈ ਕਮੀ ਨਹੀਂ ਹੈ ਅਤੇ ਲੋੜ ਅਨੁਸਾਰ ਸਟਾਫ ਉਪਲਬਧ ਹੈ। ਵੱਡੀ ਗਿਣਤੀ ਵਿੱਚ ਵੈਂਟੀਲੇਟਰ ਬੰਦ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਦੀ ਕ੍ਰਿਟੀਕਲ ਕੇਅਰ ਪ੍ਰਣਾਲੀ, ਮੈਡੀਕਲ ਉਪਕਰਣਾਂ ਦੇ ਰੱਖ-ਰਖਾਅ ਅਤੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।