ਹੋਟਲ 'ਚ ਹਰਿਆਣਾ ਦੇ ਪਟਵਾਰੀ ਨੇ ਕੀਤੀ ਖ਼ੁਦਕੁਸ਼ੀ, ਦਿਮਾਗੀ ਤੌਰ ’ਤੇ ਸੀ ਪਰੇਸ਼ਾਨ ਹੋਟਲ 'ਚ ਹਰਿਆਣਾ ਦੇ ਪਟਵਾਰੀ ਨੇ ਕੀਤੀ ਖ਼ੁਦਕੁਸ਼ੀ, ਦਿਮਾਗੀ ਤੌਰ 'ਤੇ ਸੀ ਪਰੇਸ਼ਾਨ
Publish Date: Fri, 25 Sep 2026 06:40 PM (IST)
Updated Date: Fri, 25 Sep 2026 06:42 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਥਿਤ ਇਕ ਮਸ਼ਹੂਰ ਹੋਟਲ ਵਿਚੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਤੈਨਾਤ ਪਟਵਾਰੀ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ 57 ਸਾਲਾ ਅਸ਼ੋਕ ਕੁਮਾਰ ਪੁੱਤਰ ਚਰਨਦਾਸ ਵਜੋਂ ਹੋਈ ਹੈ, ਜੋ ਕਿ ਸੈਕਟਰ 10, ਅੰਬਾਲਾ ਸ਼ਹਿਰ ਦਾ ਰਹਿਣ ਵਾਲਾ ਸੀ। ਏਐੱਸਆਈ ਗੁਲਾਬ ਸਿੰਘ ਅਨੁਸਾਰ ਅਸ਼ੋਕ ਕੁਮਾਰ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਅਧੀਨ ਪੈਂਦੇ ਹਲਕਾ ਬਰਾੜਾ ਵਿਖੇ ਬਤੌਰ ਪਟਵਾਰੀ ਤੈਨਾਤ ਸੀ। ਉਸ ਨੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਸਥਿਤ ਮਸ਼ਹੂਰ ਹੋਟਲ ਵਿਚ ਕਿਰਾਏ ਤੇ ਕਮਰਾ ਲਿਆ ਹੋਇਆ ਸੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਹੋਟਲ ਸਟਾਫ਼ ਨੇ ਕਮਰੇ ਵਿਚੋਂ ਕੋਈ ਹਲਚਲ ਨਾ ਹੁੰਦੀ ਦੇਖ ਕੇ ਜਾਂਚ ਕੀਤੀ, ਤਾਂ ਅਸ਼ੋਕ ਕੁਮਾਰ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਹੋਟਲ ਪ੍ਰਬੰਧਕਾਂ ਨੇ ਤੁਰੰਤ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਲਾਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਹਸਪਤਾਲ ਭੇਜ ਦਿੱਤਾ ਸੀ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਅੰਤਿਮ ਸੰਸਕਾਰ ਲਈ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਏਐੱਸਆਈ ਗੁਲਾਬ ਸਿੰਘ ਨੇ ਸ਼ੁਰੂਆਤੀ ਜਾਂਚ ਦੇ ਆਧਾਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਅਸ਼ੋਕ ਕੁਮਾਰ ਪਿਛਲੇ ਕੁਝ ਸਮੇਂ ਤੋਂ ਦਿਮਾਗੀ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ।