ਨਸ਼ਾ ਕਾਰੋਬਾਰ ਰੋਕਣ ਲਈ ਮਾਵਾਂ-ਧੀਆਂ ਦੀ ਫ਼ੌਜ ਲਾਵੇ ‘ਠੀਕਰੀ ਪਹਿਰੇ’ : ਬੀਬੀ ਬਾਦਲ ਹਰਸਿਮਰਤ ਕੌਰ ਬਾਦਲ ਨੇ ਮਾਵਾਂ ਧੀਆਂ ਦੀ ਫ਼ੌਜ ਨੂੰ ਨਸ਼ੇ ਦਾ ਵਪਾਰ ਰੋਕਣ ਵਾਸਤੇ ’ਠੀਕਰੀ ਪਹਿਰੇ’ ਲਾਉਣ ਦੀ ਕੀਤੀ ਅਪੀਲ
Publish Date: Wed, 28 Oct 2026 08:15 PM (IST)
Updated Date: Thu, 29 Oct 2026 04:05 AM (IST)
* ਮਾਨਸਾ ਰੋਸ ਪ੍ਰਦਰਸ਼ਨ ਵਾਲੀ ਥਾਂ ਲਿਜਾਈ ਜਾ ਰਹੀ ਲਾਸ਼ ਨੂੰ ਪੁਲਿਸ ਵੱਲੋਂ ‘ਅਗਵਾ’ ਕਰਨ ਦੀ ਕੀਤੀ ਨਿਖੇਧੀ ਫੋਟੋ ਕੈਪਸ਼ਨ : ਖਰੜ ਵਿਖੇ ਹਰਸਿਮਰਤ ਕੌਰ ਬਾਦਲ ਇਕੱਠ ਨੂੰ ਸੰਬੋਧਨ ਕਰਦੇ ਹੋਏ। 22ਪੀ ਫੋਟੋ ਕੈਪਸ਼ਨ : ਖਰੜ ਵਿਚ ਮਾਵਾਂ-ਧੀਆਂ ਦੀ ਰੈਲੀ ਦੌਰਾਨ ਵੱਡਾ ਇਕੱਠ। 23ਪੀ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਪਾਰਟੀ ਵੱਲੋਂ ਬਣਾਈ ਮਾਵਾਂ-ਧੀਆਂ ਦੀ ਫ਼ੌਜ ਨੂੰ ਅਪੀਲ ਕੀਤੀ ਕਿ ਨਸ਼ੇ ਦਾ ਵਪਾਰ ਰੋਕਣ ਵਾਸਤੇ ਸਾਰੇ ਪਿੰਡਾਂ ਤੇ ਮੁਹੱਲਿਆਂ ’ਚ ‘ਠੀਕਰੀ ਪਹਿਰੇ’ ਲਗਾਏ ਜਾਣ। ਬਠਿੰਡਾ ਦੇ ਐੱਮਪੀ, ਜਿਨ੍ਹਾਂ ਇਥੇ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਵਾਸਤੇ ਨਸ਼ੇ ਦਾ ਵਪਾਰ ਰੋਕਣਾ ਨੰਬਰ ਇਕ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਕਾਲੀ ਦਲ ਨੇ ਨਸ਼ਿਆਂ ਖ਼ਿਲਾਫ਼ ਔਰਤਾਂ ਦੀ ਅਗਵਾਈ ਹੇਠ ਇਹ ਮੁਹਿੰਮ ਚਲਾਈ ਹੈ, ਜਿਨ੍ਹਾਂ ਸਭ ਤੋਂ ਵੱਧ ਸੰਤਾਪ ਹੰਢਾਇਆ ਹੈ। ਉਨ੍ਹਾਂ ਖਰੜ ਵਿਖੇ ਮਾਵਾਂ-ਧੀਆਂ ਦੀ ਰੈਲੀ ਦੌਰਾਨ ਵੱਡੀ ਗਿਣਤੀ ’ਚ ਪੁੱਜਣ ’ਤੇ ਔਰਤਾਂ ਦਾ ਧੰਨਵਾਦ ਕੀਤਾ ਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਪ੍ਰੋਗਰਾਮ ਦਾ ਆਯੋਜਨ ਕੀਤਾ। ਨਸ਼ਿਆਂ ਦੇ ਵਪਾਰ ਦਾ ਵਿਰੋਧ ਕਰਨ ਦੀ ਔਰਤਾਂ ਨੂੰ ਅਪੀਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ 2027 ’ਚ ਸੂਬੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਨਸ਼ੇ ਦੀ ਬੁਰਾਈ ਦਾ ਹਮੇਸ਼ਾ ਲਈ ਖ਼ਾਤਮਾ ਕਰਨ ਵਾਸਤੇ ਅਕਾਲੀ ਦਲ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨਸ਼ਿਆਂ ਦੇ ਵਪਾਰ ਖ਼ਿਲਾਫ਼ ਇਕ ਮਹਿਲਾ ਡੀਜੀਪੀ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰੇਗੀ। ਉਨ੍ਹਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਕਾਨੂੰਨ ’ਚ ਤਬਦੀਲੀ ਕਰ ਕੇ ਨਸ਼ਾ ਤਸਕਰਾਂ ਨੂੰ 10 ਸਾਲਾ ਤੱਕ ਜ਼ਮਾਨਤ ਨਾ ਮਿਲਣੀ ਤੇ ਉਨ੍ਹਾਂ ਦੀ ਸਾਰੀ ਜਾਇਦਾਦ ਜ਼ਬਤ ਕਰਨੀ ਵੀ ਯਕੀਨੀ ਬਣਾਈ ਜਾਵੇਗੀ। ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਮਾਨਸਾ ਰੋਸ ਪ੍ਰਦਰਸ਼ਨ ਵਾਲੀ ਥਾਂ ਜਿਥੇ ਪਰਵਿੰਦਰ ਝੋਟਾ ਦਾ ਪਰਿਵਾਰ ਇਨਸਾਫ਼ ਦੀ ਲੜਾਈ ਲੜ ਰਿਹਾ ਹੈ, ’ਤੇ ਲਿਜਾਈ ਜਾ ਰਹੀ ਦਲਜੀਤ ਸਿੰਘ ਦੀ ਲਾਸ਼ ਨੂੰ ਪੰਜਾਬ ਪੁਲਿਸ ਨੇ ’ਅਗਵਾ’ ਕਰ ਲਿਆ। ਉਨ੍ਹਾਂ ਕਿਹਾ ਕਿ ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਲਾਸ਼ ਲਿਜਾਣ ਤੋਂ ਰੋਕਿਆ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਨਸ਼ਾ ਕਾਰੋਬਾਰ ਨੂੰ ਰੋਕਣ ’ਚ ‘ਆਪ’ ਸਰਕਾਰ ਨਾਕਾਮ ਸਾਬਤ ਹੋਈ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨਾ ਸਿਰਫ਼ ਨਸ਼ਾ ਤਸਕਰਾਂ ਨੂੰ ਰੋਕਣ ’ਚ ਨਾਕਾਮ ਸਾਬਤ ਹੋਈ, ਬਲਕਿ ਉਸ ਨੇ ਇਨ੍ਹਾਂ ਦੀ ਪੁਸ਼ਤ ਪਨਾਹੀ ਵੀ ਕੀਤੀ। ਇਸ ਮੌਕੇ ਪਰਮਜੀਤ ਕੌਰ ਲਾਂਡਰਾਂ, ਸੁਖਵੀਰ ਕੌਰ ਖੇੜਾ ਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਐੱਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਵੱਲੋਂ ਨਿਭਾਈ ਗਈ। ਇਸ ਮੌਕੇ ਹਲਕਾ ਇੰਚਾਰਜ ਖਰੜ ਰਵਿੰਦਰ ਸਿੰਘ ਖੇੜਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਰੁਪਿੰਦਰ ਕੌਰ ਧੀਮਾਨ ਪ੍ਰਧਾਨ ਮਹਿਲਾ ਵਿੰਗ ਹਲਕਾ ਖਰੜ, ਪਟਵਾਰੀ ਬਲਵਿੰਦਰ ਸਿੰਘ, ਬਲਕਾਰ ਸਿੰਘ ਬੱਬੂ, ਜਰਨੈਲ ਸਿੰਘ ਦਰਪਨ ਸਿਟੀ, ਅਮਰਜੀਤ ਸਿੰਘ ਮਿੰਟਾ, ਡਾ. ਕਰਨੈਲ ਸਿੰਘ ਮਾਵੀ ਤੇ ਵੱਡੀ ਗਿਣਤੀ ਹਲਕੇ ਦੇ ਅਕਾਲੀ ਵਰਕਰ ਤੇ ਬੀਬੀਆਂ ਪਹੁੰਚੀਆਂ ਹੋਈਆਂ ਸਨ।