- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਨ ਲਈ ਅਧਿਕਾਰੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ : ਚੀਮਾ

ਫੋਟੋ ਸਮਾਚਾਰ
* ਸਿੱਖਿਆ ਵਿਭਾਗ ਦੀਆਂ 7 ਤੇ ਬਿਜਲੀ ਵਿਭਾਗ ਦੀਆਂ 2 ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀਆਂ ਬੈਠਕਾਂ
* ਵਿੱਤ ਮੰਤਰੀ ਨੇ ਵਿਭਾਗਾਂ ਨੂੰ ਛੇਤੀ ਠੋਸ ਤੇ ਅਮਲਯੋਗ ਮਤੇ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿੱਤ ਮੰਤਰੀ ਤੇ ਮੁਲਾਜ਼ਮਾਂ ਦੇ ਮੁੱਦਿਆਂ ਦੇ ਹੱਲ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਸਿੱਖਿਆ ਵਿਭਾਗ ਦੀਆਂ 7 ਤੇ ਬਿਜਲੀ ਵਿਭਾਗ ਦੀਆਂ 2 ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀਆਂ ਵਿਸਥਾਰਤ ਬੈਠਕਾਂ ਦੌਰਾਨ ਸਿੱਖਿਆ ਤੇ ਬਿਜਲੀ ਵਿਭਾਗਾਂ ਨੂੰ ਵਿਆਪਕ ਨਿਰਦੇਸ਼ ਜਾਰੀ ਕਰਦਿਆਂ ਹਦਾਇਤ ਕੀਤੀ ਕਿ ਅਧਿਕਾਰੀਆਂ ਦੀ ਗਠਿਤ ਕਮੇਟੀ ਰਾਹੀਂ ਸੇਵਾਵਾਂ-ਸਬੰਧੀ ਮਾਮਲਿਆਂ ਤੇ ਵਿੱਤ ਕਮੇਟੀ ਰਾਹੀਂ ਵਿੱਤੀ ਮੁੱਦਿਆਂ ਦੀ ਸਮੀਖਿਆ ’ਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਜਲਦੀ ਠੋਸ ਤੇ ਅਮਲਯੋਗ ਪ੍ਰਸਤਾਵ ਪੇਸ਼ ਕੀਤੇ ਜਾਣ।
3704 ਅਧਿਆਪਕ ਯੂਨੀਅਨ ਦੀਆਂ ਮੰਗਾਂ ’ਤੇ ਕੀਚਾ ਵਿਚਾਰ-ਵਟਾਂਦਰਾ
ਸਿੱਖਿਆ ਖੇਤਰ ਦੀਆਂ ਯੂਨੀਅਨਾਂ ਨਾਲ ਹੋਈਆਂ ਬੈਠਕਾਂ, ਜਿਨ੍ਹਾਂ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਸ਼ਾਮਲ ਹੋਏ, ਦੌਰਾਨ 3704 ਅਧਿਆਪਕ ਯੂਨੀਅਨ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 9 ਜੁਲਾਈ ਨੂੰ ਗਠਿਤ ਕੀਤੀ ਉੱਚ ਪੱਧਰੀ ਕਮੇਟੀ, ਜਿਸ ’ਚ ਵਿੱਤ ਵਿਭਾਗ, ਪਰਸੋਨਲ ਵਿਭਾਗ, ਸਕੂਲ ਸਿੱਖਿਆ ਵਿਭਾਗ, ਐਡਵੋਕੇਟ ਜਨਰਲ ਦਫ਼ਤਰ ਦੇ ਅਧਿਕਾਰੀ ਤੇ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਹਨ, ਨੂੰ ਆਪਣੀ ਰਸਮੀ ਤਜਵੀਜ਼ ਜਲਦੀ ਸੌਂਪਣ ਦੇ ਨਿਰਦੇਸ਼ ਦਿੱਤੇ।
ਵਿੱਤ ਤੇ ਸਿੱਖਿਆ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ
ਈ.ਟੀ.ਟੀ. ਟੈੱਟ ਪਾਸ ਟੀਚਰਜ਼ ਐਸੋਸੀਏਸ਼ਨ ਵੱਲੋਂ ਚੁੱਕੀਆਂ ਗਈਆਂ ਵਿੱਤੀ ਚਿੰਤਾਵਾਂ ਨੂੰ ਮੁਖਾਤਬ ਹੁੰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤ ਤੇ ਸਿੱਖਿਆ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯੂਨੀਅਨ ਆਗੂਆਂ ਨਾਲ ਤੁਰੰਤ ਸਾਂਝੀ ਬੈਠਕ ਕਰਨ ਤਾਂ ਜੋ ਸਾਰੀਆਂ ਜਾਇਜ਼ ਸ਼ਿਕਾਇਤਾਂ ਦੇ ਹੱਲ ਲਈ ਢੁਕਵੀਆਂ ਤਜਵੀਜ਼ਾਂ ਤਿਆਰ ਕੀਤੀਆਂ ਜਾ ਸਕਣ। ਸਿੱਖਿਆ ਅਮਲੇ ਨਾਲ ਗੱਲਬਾਤ ਨੂੰ ਹੋਰ ਮਜ਼ਬੂਤ ਕਰਦਿਆਂ ਕੈਬਨਿਟ ਮੰਤਰੀ ਨੇ 'ਯੂਨਾਈਟਿਡ ਫਿਜ਼ੀਕਲ ਐਜੂਕੇਸ਼ਨ ਯੂਨੀਅਨ' ਤੇ 'ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ' ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਸਕੂਲ ਸਿੱਖਿਆ ਵਿਭਾਗ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕਰਨ ਲਈ ਪ੍ਰਸ਼ਾਸਕੀ ਕਾਰਵਾਈ ਤੇਜ਼ ਕਰਨ ਦੇ ਹੁਕਮ ਦਿੱਤੇ।
ਆਪਸੀ ਮਤਭੇਦ ਭੁਲਾ ਕੇ ਮੰਗ ਪੱਤਰ ਸੌਂਪਣ ਦੀ ਕੀਤੀ ਅਪੀਲ
ਆਰਟ ਤੇ ਕ੍ਰਾਫਟ ਅਧਿਆਪਕਾਂ ਦੀਆਂ 250 ਆਸਾਮੀਆਂ ਦੀ ਭਰਤੀ ਸਬੰਧੀ ਚਿੰਤਾਵਾਂ 'ਤੇ ਚੀਮਾ ਨੇ ਕਿਹਾ, "ਪੰਜਾਬ ਸਰਕਾਰ ਇਸ ਦਾ ਇੱਕ ਪ੍ਰਭਾਵਸ਼ਾਲੀ ਹੱਲ ਕੱਢਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ।" ਉਨ੍ਹਾਂ ਯੂਨੀਅਨ ਲੀਡਰਸ਼ਿਪ ਨੂੰ ਆਪਸੀ ਮਤਭੇਦ ਭੁਲਾ ਕੇ ਇੱਕਜੁੱਟ ਮੰਗ ਪੱਤਰ ਸੌਂਪਣ ਦੀ ਅਪੀਲ ਵੀ ਕੀਤੀ।
ਕੰਟਰੈਕਟ ਵਰਕਰਾਂ ਦੀ ਕੋ-ਆਰਡੀਨੇਸ਼ਨ ਕਮੇਟੀ ਨਾਲ ਹੋਈਆਂ ਵਿਚਾਰਾਂ
ਇਸ ਤੋਂ ਬਾਅਦ ਪਾਵਰਕਾਮ ਤੇ ਟ੍ਰਾਂਸਕੋ ਦੇ ਕੰਟਰੈਕਟ ਵਰਕਰਾਂ ਦੀ ਕੋ-ਆਰਡੀਨੇਸ਼ਨ ਕਮੇਟੀ ਨਾਲ ਹੋਈਆਂ ਵਿਚਾਰਾਂ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਆਊਟਸੋਰਸਡ ਮੁਲਾਜ਼ਮਾਂ ਨੂੰ ਸਿੱਧੇ ਵਿਭਾਗੀ ਠੇਕਿਆਂ ਅਧੀਨ ਲਿਆਉਣ ਦੀ ਸਰਕਾਰ ਦੀ ਚੱਲ ਰਹੀ ਪਹਿਲਕਦਮੀ ਨਾਲ ਤੁਹਾਡੀਆਂ ਜ਼ਿਆਦਾਤਰ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ। ਵਿੱਤ ਮੰਤਰੀ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਤੇ ਬਣਦੀ ਅਧਿਕਾਰਤ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।
ਬੈਠਕਾਂ ’ਚ ਵੱਖ-ਵੱਖ ਕੇਡਰਾਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ ਵਫ਼ਦਾਂ ਨੇ ਲਿਆ ਹਿੱਸਾ
ਇਨ੍ਹਾਂ ਵਿਆਪਕ ਬੈਠਕਾਂ ’ਚ ਵੱਖ-ਵੱਖ ਕੇਡਰਾਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨ ਵਫ਼ਦਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। 3704 ਅਧਿਆਪਕ ਯੂਨੀਅਨ ਵੱਲੋਂ ਹਰਜਿੰਦਰ ਸਿੰਘ, ਰਾਜੇਸ਼ਵਰ ਰਾਏ, ਜਗਜੀਵਨਜੋਤ ਸਿੰਘ ਤੇ ਰਾਜਨ ਸੈਣੀ ਨੇ ਸ਼ਿਰਕਤ ਕੀਤੀ। ਈ.ਟੀ.ਟੀ. ਟੈੱਟ ਪਾਸ ਟੀਚਰਜ਼ ਐਸੋਸੀਏਸ਼ਨ ਦੇ ਵਫ਼ਦ ’ਚ ਕਮਲ ਠਾਕੁਰ, ਸੋਹਣ ਸਿੰਘ, ਗੁਰਪ੍ਰੀਤ ਸਿੰਘ, ਗੌਰਵ ਕਾਂਤ ਅਤੇ ਗੁਰਮੁਖ ਸਿੰਘ ਸ਼ਾਮਲ ਸਨ। ਲਖਵੀਰ ਸਿੰਘ ਤੇ ਮਨਦੀਪ ਸਿੰਘ ਨੇ ਯੂਨਾਈਟਿਡ ਫਿਜ਼ੀਕਲ ਐਜੂਕੇਸ਼ਨ ਯੂਨੀਅਨ ਦੀ ਨੁਮਾਇੰਦਗੀ ਕੀਤੀ, ਜਦਕਿ ਵਿਕਾਸ ਸਾਹਨੀ, ਲਖਵਿੰਦਰ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਅਤੇ ਜਸਵਿੰਦਰ ਕੌਰ ਨੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਮੁੱਦੇ ਰੱਖੇ।
ਆਰਟ ਅਤੇ ਕ੍ਰਾਫਟ ਕੈਡਰਾਂ ਦੀ ਨੁਮਾਇੰਦਗੀ ’ਚ ਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਤੋਂ ਸੰਦੀਪ ਸਿੰਘ, ਬੀ.ਐੱਡ. ਪੀ.ਐੱਸ.ਟੈੱਟ-2 ਪਾਸ ਆਰਟ ਐਂਡ ਕ੍ਰਾਫਟ ਬੇਰੋਜ਼ਗਾਰ ਅਧਿਆਪਕ ਯੂਨੀਅਨ ਤੋਂ ਰਣਜੀਤ ਸਿੰਘ, ਆਰਟ ਐਂਡ ਕ੍ਰਾਫਟ ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਤੋਂ ਹਰਜਿੰਦਰ ਸਿੰਘ ਅਤੇ ਬੇਰੋਜ਼ਗਾਰ ਪੀ.ਐੱਸ.ਟੈੱਟ ਪਾਸ ਆਰਟ ਐਂਡ ਕ੍ਰਾਫਟ ਸੰਘਰਸ਼ ਯੂਨੀਅਨ ਤੋਂ ਰਾਕੇਸ਼ ਕੁਮਾਰ ਸ਼ਾਮਲ ਸਨ। ਬਿਜਲੀ ਖੇਤਰ ਦੇ ਵਫ਼ਦਾਂ ’ਚ ਪੀ.ਐੱਸ.ਪੀ.ਸੀ.ਐੱਲ. ਤੇ ਪੀ.ਐੱਸ.ਟੀ.ਸੀ.ਐੱਲ. ਕੰਟਰੈਕਟ ਵਰਕਰਾਂ ਦੀ ਕੋ-ਆਰਡੀਨੇਸ਼ਨ ਕਮੇਟੀ ਵੱਲੋਂ ਬਲਿਹਾਰ ਸਿੰਘ, ਗੁਰਵਿੰਦਰ ਸਿੰਘ, ਜਗਰੂਪ ਸਿੰਘ, ਹਰਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਸ਼ਾਮਲ ਸਨ, ਜਦਕਿ ਲਖਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਕਾਹਲੋਂ ਨੇ ਪਾਵਰਕਾਮ ਆਊਟਸੋਰਸ ਸਪਾਟ ਬਿਲਿੰਗ ਮੀਟਰ ਰੀਡਰ ਯੂਨੀਅਨ ਦੀ ਨੁਮਾਇੰਦਗੀ ਕੀਤੀ।