ਮੁਲਾਜ਼ਮਾਂ ਦੀਆਂ ਮੰਗਾਂ ਨਿਰਪੱਖ ਤੇ ਢੁਕਵੇਂ ਢੰਗ ਨਾਲ ਹੱਲ ਹੋਣਗੀਆਂ : ਚੀਮਾ ਮੁਲਾਜ਼ਮਾਂ ਦੀਆਂ ਮੰਗਾਂ ਨਿਰਪੱਖ ਤੇ ਢੁਕਵੇਂ ਢੰਗ ਨਾਲ ਹੱਲ ਹੋਣਗੀਆਂ : ਚੀਮਾ
Publish Date: Tue, 14 Jul 2026 06:53 PM (IST)
Updated Date: Wed, 15 Jul 2026 04:07 AM (IST)
* ਵਿੱਤ ਮੰਤਰੀ ਨੇ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਕੀਤੀਆਂ ਮੀਟਿੰਗਾਂ * ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਨੇ ਪ੍ਰਬੰਧਕੀ ਮੰਗਾਂ ਉਠਾਈਆਂ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਬਣਾਈ ਗਈ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਇਜ਼ ਮੰਗਾਂ ਤੇ ਸ਼ਿਕਾਇਤਾਂ ਦਾ ਹੱਲ ਕੱਢਣ ਲਈ ਅੱਜ ਇੱਥੇ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ ਕੀਤੀਆਂ। ਮੀਟਿੰਗ ’ਚ ਸ਼ਾਮਲ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, ਯੂਨੀਅਨਾਂ ਵੱਲੋਂ ਸੌਂਪੇ ਗਏ ਸਾਰੇ ਮੰਗ ਪੱਤਰਾਂ ਤੇ ਮੰਗਾਂ ਤੇ ਕੈਬਨਿਟ ਸਬ-ਕਮੇਟੀ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਦਾ ਜਲਦ, ਨਿਰਪੱਖ ਤੇ ਢੁਕਵਾਂ ਹੱਲ ਕੱਢਿਆ ਜਾ ਸਕੇ। ਬੇਰੁਜ਼ਗਾਰ ਸਪੈਸ਼ਲ ਐਜੂਕੇਟਰ ਫਰੰਟ ਪੰਜਾਬ ਤੇ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ, ਪੰਜਾਬ ਦੇ ਨੁਮਾਇੰਦਿਆਂ ਨੇ ਆਪਣੇ ਮੰਗ ਪੱਤਰ ਪੇਸ਼ ਕੀਤੇ। ਬੇਰੁਜ਼ਗਾਰ ਸਪੈਸ਼ਲ ਐਜੂਕੇਟਰ ਫਰੰਟ ਨੇ ਸਰਕਾਰ ਨੂੰ 2026 ਲਈ 1200 ਸਪੈਸ਼ਲ ਐਜੂਕੇਸ਼ਨ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਨੇ ਪ੍ਰਬੰਧਕੀ ਮੰਗਾਂ ਉਠਾਈਆਂ। ਵਿੱਤ ਮੰਤਰੀ ਨੇ ਨੋਵਲ ਇੰਟੀਗ੍ਰੇਟਿਡ ਐਸੋਸੀਏਸ਼ਨ ਆਫ ਕਮਿਊਨਿਟੀ ਹੈਲਥ ਆਫੀਸਰਜ਼, ਪੰਜਾਬ ਅਤੇ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਨਾਲ ਉਸਾਰੂ ਗੱਲਬਾਤ ਕੀਤੀ। ਨੋਵਲ ਇੰਟੀਗ੍ਰੇਟਿਡ ਐਸੋਸੀਏਸ਼ਨ ਆਫ ਕਮਿਊਨਿਟੀ ਹੈਲਥ ਆਫੀਸਰਜ਼ ਨੇ ਤਨਖਾਹ, ਲਾਇਲਟੀ ਬੋਨਸ ਅਤੇ ਪੱਕੇ ਕਰਨ ਨਾਲ ਸਬੰਧਤ ਮੁੱਦਿਆਂ ਦੀ ਪੈਰਵੀ ਕੀਤੀ। ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਬਾਕੀ ਰਹਿੰਦੇ ਕੱਚੇ ਤੇ ਠੇਕਾ ਆਧਾਰਿਤ ਜੰਗਲਾਤ ਕਾਮਿਆਂ ਨੂੰ ਪੱਕਾ ਕਰਨ ਦੀ ਫੌਰੀ ਲੋੜ ਤੇ ਜ਼ੋਰ ਦਿੱਤਾ ਅਤੇ ਨਾਲ ਹੀ ਤਨਖਾਹ ਤੇ ਸੇਵਾਮੁਕਤੀ ਸਬੰਧੀ ਚਿੰਤਾਵਾਂ ਵੀ ਪ੍ਰਗਟਾਈਆਂ। ਜੁਆਇੰਟ ਐਸੋਸੀਏਸ਼ਨ ਆਫ ਇੰਡੀਪੈਂਡੈਂਟ ਮੈਡੀਕਲ ਲੈਬਾਰਟਰੀ ਐਂਡ ਅਲਾਈਡ ਪ੍ਰੋਫੈਸ਼ਨਲਜ਼ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਪ੍ਰਮੁੱਖ ਮੰਗਾਂ ਦਾ ਹੱਲ ਪਹਿਲਾਂ ਹੀ ਪ੍ਰਕਿਰਿਆ ਅਧੀਨ ਹੈ। ਇਨ੍ਹਾਂ ਮੀਟਿੰਗਾਂ ਦੌਰਾਨ ਬੇਰੁਜ਼ਗਾਰ ਸਪੈਸ਼ਲ ਐਜੂਕੇਟਰ ਫਰੰਟ ਪੰਜਾਬ ਤੋਂ ਲਖਵੀਰ ਸਿੰਘ, ਸਰਬਜੀਤ ਸਿੰਘ ਅਤੇ ਮਨਜੀਤ ਸਿੰਘ, ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਮਨਿਸਟੀਰੀਅਲ ਸਟਾਫ ਐਸੋਸੀਏਸ਼ਨ ਤੋਂ ਗੁਰਪ੍ਰੀਤ ਸਿੰਘ, ਪਰਮਪਾਲ ਸਿੰਘ, ਅਨੁਰਿਧ ਮੌਦਗਿੱਲ, ਨੋਵਲ ਇੰਟੀਗ੍ਰੇਟਿਡ ਐਸੋਸੀਏਸ਼ਨ ਆਫ ਕਮਿਊਨਿਟੀ ਹੈਲਥ ਆਫੀਸਰਜ਼ ਤੋਂ ਡਾ. ਜਤਿੰਦਰ ਸਿੰਘ, ਡਾ. ਵਿਪਨ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਤੋਂ ਰਸ਼ਪਾਲ ਸਿੰਘ ਤੇ ਬਲਬੀਰ ਸਿੰਘ ਅਤੇ ਜੁਆਇੰਟ ਐਸੋਸੀਏਸ਼ਨ ਆਫ ਇੰਡੀਪੈਂਡੈਂਟ ਮੈਡੀਕਲ ਲੈਬਾਰਟਰੀ ਐਂਡ ਅਲਾਈਡ ਪ੍ਰੋਫੈਸ਼ਨਲਜ਼ ਤੋਂ ਜਗਦੀਪ ਭਾਰਦਵਾਜ, ਰਾਜਨ ਬੈਕਟਰ ਅਤੇ ਅਸ਼ੋਕ ਗੋਇਲ ਨੇ ਆਪੋ-ਆਪਣੀਆਂ ਯੂਨੀਅਨਾਂ ਦੇ ਮੁੱਦੇ ਤੇ ਸਮੱਸਿਆਵਾਂ ਪੇਸ਼ ਕੀਤੀਆਂ।