'ਹਰ ਘਰ ਤਿਰੰਗਾ' ਮੁਹਿੰਮ: GGDSD ਕਾਲਜ 'ਚ ਦਿਵਿਆਂਗ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਬੰਨ੍ਹੇ ਰੰਗ, ਹਰ ਕੋਈ ਰਹਿ ਗਿਆ ਦੰਗ ਵ੍ਹੀਲਚੇਅਰ ’ਤੇ ਥਿਰਕਦੇ ਕਦਮ, ਹੱਥਾਂ ਵਿੱਚ ਤਿਰੰਗਾ ਅਤੇ ਦੇਸ਼ਭਗਤੀ ਦੇ ਗੀਤ। ਸੋਮਵਾਰ ਨੂੰ ਸੈਕਟਰ-32 ਸਥਿਤ ਗੋਸਵਾਮੀ ਗਣੇਸ਼ ਦੱਤ ਸਨਾਤਨ ਧਰਮ ਕਾਲਜ (ਜੀਜੀਡੀਐੱਸਡੀ) ਦਾ ਮਾਹੌਲ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ‘ਹਰ ਘਰ ਤਿਰੰਗਾ-150 ਈਅਰਜ਼ ਆਫ਼ ਵੰਦੇ ਮਾਤਰਮ’ ਮੁਹਿੰਮ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਦਿਵਿਆਂਗ ਕਲਾਕਾਰਾਂ ਨੇ ਅਜਿਹੀ ਪੇਸ਼ਕਾਰੀ ਦਿੱਤੀ ਕਿ ਪੂਰਾ ਮਾਹੌਲ ਤਾੜੀਆਂ ਨਾਲ ਗੂੰਜ ਉੱਠਿਆ। ਵ੍ਹੀਲਚੇਅਰ ’ਤੇ ਕਲਾਸੀਕਲ ਡਾਂਸ ਕਰਦੇ ਕਲਾਕਾਰਾਂ ਨੇ ਸਰੀਰਕ ਚੁਣੌਤੀਆਂ ਨੂੰ ਪਿੱਛੇ ਛੱਡਦੇ ਹੋਏ ਦੇਸ਼ ਪ੍ਰਤੀ ਜਜ਼ਬੇ ਅਤੇ ਸਮਰਪਣ ਦਾ ਸੰਦੇਸ਼ ਦਿੱਤਾ।
Publish Date: Tue, 11 Aug 2026 11:14 AM (IST)
Updated Date: Tue, 11 Aug 2026 11:15 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਵ੍ਹੀਲਚੇਅਰ ’ਤੇ ਥਿਰਕਦੇ ਕਦਮ, ਹੱਥਾਂ ਵਿੱਚ ਤਿਰੰਗਾ ਅਤੇ ਦੇਸ਼ਭਗਤੀ ਦੇ ਗੀਤ। ਸੋਮਵਾਰ ਨੂੰ ਸੈਕਟਰ-32 ਸਥਿਤ ਗੋਸਵਾਮੀ ਗਣੇਸ਼ ਦੱਤ ਸਨਾਤਨ ਧਰਮ ਕਾਲਜ (ਜੀਜੀਡੀਐੱਸਡੀ) ਦਾ ਮਾਹੌਲ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ‘ਹਰ ਘਰ ਤਿਰੰਗਾ-150 ਈਅਰਜ਼ ਆਫ਼ ਵੰਦੇ ਮਾਤਰਮ’ ਮੁਹਿੰਮ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਰਵਾਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਦਿਵਿਆਂਗ ਕਲਾਕਾਰਾਂ ਨੇ ਅਜਿਹੀ ਪੇਸ਼ਕਾਰੀ ਦਿੱਤੀ ਕਿ ਪੂਰਾ ਮਾਹੌਲ ਤਾੜੀਆਂ ਨਾਲ ਗੂੰਜ ਉੱਠਿਆ। ਵ੍ਹੀਲਚੇਅਰ ’ਤੇ ਕਲਾਸੀਕਲ ਡਾਂਸ ਕਰਦੇ ਕਲਾਕਾਰਾਂ ਨੇ ਸਰੀਰਕ ਚੁਣੌਤੀਆਂ ਨੂੰ ਪਿੱਛੇ ਛੱਡਦੇ ਹੋਏ ਦੇਸ਼ ਪ੍ਰਤੀ ਜਜ਼ਬੇ ਅਤੇ ਸਮਰਪਣ ਦਾ ਸੰਦੇਸ਼ ਦਿੱਤਾ।
ਪ੍ਰੋਗਰਾਮ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਰ-ਸਪਾਟਾ ਡਾਇਰੈਕਟਰ ਰਾਧਿਕਾ ਸਿੰਘ, ਸੱਭਿਆਚਾਰ ਨਿਰਦੇਸ਼ਕ ਨਵੀਨ ਰੱਤੂ, ਲੋਕ ਸੰਪਰਕ ਨਿਰਦੇਸ਼ਕ ਰਾਜੀਵ ਤਿਵਾੜੀ, ਜੀਜੀਡੀਐੱਸਡੀ ਕਾਲਜ ਦੇ ਪ੍ਰਿੰਸੀਪਲ ਡਾ. ਅਜੈ ਸ਼ਰਮਾ ਅਤੇ ਕਾਲਜ ਸੋਸਾਇਟੀ ਦੇ ਵਿੱਤ ਸਕੱਤਰ ਜਤਿੰਦਰ ਭਾਟੀਆ ਸਮੇਤ ਕਈ ਅਧਿਕਾਰੀ ਮੌਜੂਦ ਰਹੇ। ਸੈਰ-ਸਪਾਟਾ ਤੇ ਸੱਭਿਆਚਾਰ ਸਕੱਤਰ ਡਾ. ਸਈਅਦ ਆਬਿਦ ਰਸ਼ੀਦ ਸ਼ਾਹ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
15 ਤੋਂ ਵੱਧ ਦੇਸ਼ਾਂ ’ਚ ਦਿਖਾ ਚੁੱਕੇ ਹਨ ਹੁਨਰ ‘ਵੀ ਆਰ ਵਨ’ ਫਾਊਂਡੇਸ਼ਨ ਦੇ ਦਿਵਿਆਂਗ ਕਲਾਕਾਰਾਂ ਅਤੇ ਵ੍ਹੀਲਚੇਅਰ ’ਤੇ ਕਲਾਸੀਕਲ ਡਾਂਸ ਕਰਨ ਵਾਲੇ ਪੇਸ਼ੇਵਰ ਕਲਾਕਾਰਾਂ ਨੇ ਤਿਰੰਗੇ ਅਤੇ ਦੇਸ਼ਭਗਤੀ ਦੀ ਥੀਮ ’ਤੇ ਪੇਸ਼ਕਾਰੀਆਂ ਦਿੱਤੀਆਂ। ਟੀਮ 15 ਤੋਂ ਵੱਧ ਦੇਸ਼ਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਇਸ ਦੇ ਕਲਾਕਾਰ ‘ਡਾਂਸ ਇੰਡੀਆ ਡਾਂਸ’, ‘ਸਤਿਆਮੇਵ ਜਯਤੇ’ ਅਤੇ ‘ਇੰਡੀਆਜ਼ ਗੌਟ ਟੈਲੈਂਟ’ ਵਰਗੇ ਮੰਚਾਂ ’ਤੇ ਵੀ ਆਪਣੀ ਪ੍ਰਤਿਭਾ ਦਿਖਾ ਚੁੱਕੇ ਹਨ। ਸੰਸਥਾ ਨੂੰ ਗਿਨੀਜ਼ ਵਰਲਡ ਰਿਕਾਰਡ ਸਮੇਤ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ।
ਮੁੱਖ ਸਕੱਤਰ ਦੀ ਅਗਵਾਈ ’ਚ ਤਿਰੰਗਾ ਮਾਰਚ ਸੱਭਿਆਚਾਰਕ ਪ੍ਰੋਗਰਾਮ ਤੋਂ ਬਾਅਦ ਕਾਲਜ ਕੈਂਪਸ ਵਿੱਚ ਵਿਦਿਆਰਥੀਆਂ ਨੇ ਤਿਰੰਗਾ ਮਾਰਚ ਕੱਢਿਆ। ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਨੇ ਮਾਰਚ ਦੀ ਅਗਵਾਈ ਕੀਤੀ। ਹੱਥਾਂ ਵਿੱਚ ਤਿਰੰਗੇ ਲੈ ਕੇ ਵਿਦਿਆਰਥੀਆਂ ਨੇ ਦੇਸ਼ਭਗਤੀ ਦੇ ਨਾਅਰੇ ਲਗਾਏ ਅਤੇ ਰਾਸ਼ਟਰੀ ਏਕਤਾ ਤੇ ਗੌਰਵ ਦਾ ਸੰਦੇਸ਼ ਦਿੱਤਾ।
ਮੁੱਖ ਸਕੱਤਰ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕ ਹਰ ਖੇਤਰ ਵਿੱਚ ਅੱਗੇ ਰਹੇ ਹਨ ਅਤੇ ‘ਹਰ ਘਰ ਤਿਰੰਗਾ’ ਮੁਹਿੰਮ ਵਿੱਚ ਵੀ ਸ਼ਹਿਰ ਦੇਸ਼ ਲਈ ਮਿਸਾਲ ਬਣ ਸਕਦਾ ਹੈ। ਉਨ੍ਹਾਂ ਨਾਗਰਿਕਾਂ, ਸਰਕਾਰੀ ਵਿਭਾਗਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਮੁਹਿੰਮ ਨਾਲ ਵੱਧ ਤੋਂ ਵੱਧ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਕੁਝ ਦਿਨਾਂ ਦਾ ਸਰਕਾਰੀ ਪ੍ਰੋਗਰਾਮ ਨਾ ਰਹੇ, ਸਗੋਂ ਇਸ ਨੂੰ ਜਨਭਾਗੀਦਾਰੀ ਦਾ ਅੰਦੋਲਨ ਬਣਾਇਆ ਜਾਵੇ। ਤਿਰੰਗੇ ਪ੍ਰਤੀ ਸਨਮਾਨ ਅਤੇ ਦੇਸ਼ਭਗਤੀ ਦੀ ਭਾਵਨਾ ਪੂਰੇ ਸਾਲ ਕਾਇਮ ਰਹਿਣੀ ਚਾਹੀਦੀ ਹੈ।
ਤਿਰੰਗਾ ਰੈਲੀ ਤੋਂ ਲੈ ਕੇ ਵਾਕਾਥਨ ਤੱਕ ਹੋਣਗੇ ਪ੍ਰੋਗਰਾਮ ਮੁੱਖ ਸਕੱਤਰ ਨੇ ਦੱਸਿਆ ਕਿ 9 ਤੋਂ 17 ਅਗਸਤ ਤੱਕ ਸ਼ਹਿਰ ਵਿੱਚ ਤਿਰੰਗਾ ਰੈਲੀ, ਵਾਕਾਥਨ, ਬਾਈਕ ਤੇ ਕਾਰ ਰੈਲੀ, ਸੈਲਫੀ ਬੂਥ, ਰੰਗੋਲੀ ਤੇ ਰਾਖੀ ਬਣਾਉਣ ਦੀਆਂ ਵਰਕਸ਼ਾਪਾਂ, ਤਿਰੰਗਾ ਮੇਲਾ, ਕੁਇਜ਼, ਪੱਤਰ ਲੇਖਨ, ਨੁੱਕੜ ਨਾਟਕ, ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਦਰਸ਼ਨੀਆਂ ਕਰਵਾਈਆਂ ਜਾਣਗੀਆਂ। ਸਰਕਾਰੀ ਅਤੇ ਸੈਰ-ਸਪਾਟਾ ਸਥਾਨਾਂ ਨੂੰ ਤਿਰੰਗੇ ਦੀ ਥੀਮ ’ਤੇ ਰੌਸ਼ਨੀ ਅਤੇ ਸਜਾਵਟ ਨਾਲ ਸਜਾਇਆ ਜਾਵੇਗਾ। ਸਕੂਲਾਂ, ਕਾਲਜਾਂ ਅਤੇ ਨੌਜਵਾਨਾਂ ਲਈ ਵੀ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਜਾਣਗੀਆਂ। 14 ਅਗਸਤ ਨੂੰ ਵੰਡ ਦੀ ਯਾਦ ਵਿਚ ਵਿਸ਼ੇਸ਼ ਪ੍ਰੋਗਰਾਮ ਹੋਣਗੇ। ਵੰਡ ਦੀ ਤ੍ਰਾਸਦੀ ’ਤੇ ਪ੍ਰਦਰਸ਼ਨੀਆਂ, ਲਘੂ ਫ਼ਿਲਮਾਂ, ਨਾਟਕ, ਵੰਡ ਦਾ ਦਰਦ ਝੱਲ ਚੁੱਕੇ ਪਰਿਵਾਰਾਂ ਦੇ ਤਜਰਬੇ ਸਾਂਝੇ ਕਰਨ ਦੇ ਪ੍ਰੋਗਰਾਮ, ਸਾਈਲੈਂਟ ਮਾਰਚ ਅਤੇ ਪੁਰਾਣੀ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਸਕੂਲੀ ਬੱਚਿਆਂ ਨੂੰ ਇਨ੍ਹਾਂ ਪ੍ਰਦਰਸ਼ਨੀਆਂ ਰਾਹੀਂ ਵੰਡ ਦੇ ਦੌਰ ਦੀਆਂ ਘਟਨਾਵਾਂ ਅਤੇ ਇਸ ਦੀ ਮਾਨਵੀ ਤ੍ਰਾਸਦੀ ਤੋਂ ਜਾਣੂ ਕਰਵਾਇਆ ਜਾਵੇਗਾ।