ਕਿਸਾਨਾਂ ਦੀ ਖ਼ੁਸ਼ਹਾਲੀ ਲਈ ਵਿਗਿਆਨਕ ਢੰਗ ਨਾਲ ਪਸ਼ੂ ਪ੍ਰਬੰਧਨ ਜ਼ਰੂਰੀ : ਖੁੱਡੀਆਂ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਵਿਗਿਆਨਕ ਢੰਗ ਨਾਲ ਪਸ਼ੂ ਪ੍ਰਬੰਧਨ ਜ਼ਰੂਰੀ: ਖੁੱਡੀਆਂ
Publish Date: Fri, 13 Nov 2026 07:06 PM (IST)
Updated Date: Fri, 13 Nov 2026 07:09 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੀ ਡੇਅਰੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਪਸ਼ੂਆਂ ਦੇ ਵਿਗਿਆਨਕ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਪਸ਼ੂ ਪਾਲਣ ਵਿਭਾਗ ਨੇ ਕਿਸਾਨ ਭਵਨ ਵਿਖੇ ਵੈਟਰਨਰੀ ਅਫ਼ਸਰਾਂ ਦਾ ਸੂਬਾ ਪੱਧਰੀ ਤਕਨੀਕੀ ਸੈਮੀਨਾਰ ਕਰਵਾਇਆ। ‘ਆਧੁਨਿਕ ਪਸ਼ੂ ਪਾਲਣ ਪ੍ਰਬੰਧਨ : ਪੋਸ਼ਣ, ਬਿਮਾਰੀਆਂ ਦੀ ਰੋਕਥਾਮ, ਪ੍ਰਜਨਣ ਤੇ ਫਾਰਮਾਂ ਦੀ ਸਫਾਈ’ ਵਿਸ਼ੇ ’ਤੇ ਹੋਏ ਸੈਮੀਨਾਰ ਦੀ ਪ੍ਰਧਾਨਗੀ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਖੁੱਡੀਆਂ ਨੇ ਵੈਟਰਨਰੀ ਅਫ਼ਸਰਾਂ ਨੂੰ ਇਲਾਜ ਦੇ ਨਾਲ ਬਿਮਾਰੀਆਂ ਦੀ ਰੋਕਥਾਮ ’ਤੇ ਕੇਂਦਰਿਤ ਪਹੁੰਚ ਅਪਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਫ਼ਸਰ ਵਿਗਿਆਨਕ ਤਰੱਕੀ ਅਤੇ ਪੇਂਡੂ ਖੁਸ਼ਹਾਲੀ ਵਿਚਕਾਰ ਅਹਿਮ ਕੜੀ ਹਨ। ਕਿਸਾਨਾਂ ਨੂੰ ਸੰਤੁਲਿਤ ਖੁਰਾਕ, ਸੁਧਰੀ ਜੈਨੇਟਿਕ ਸਮਰੱਥਾ, ਕੁਸ਼ਲ ਪ੍ਰਜਨਣ ਪ੍ਰਬੰਧਨ, ਫਾਰਮ ਦੀ ਸਫਾਈ ਅਤੇ ਵਿਆਪਕ ਟੀਕਾਕਰਨ ਲਈ ਸੇਧ ਦੇਣੀ ਚਾਹੀਦੀ ਹੈ। ਸਮੇਂ ਸਿਰ ਰੋਕਥਾਮੀ ਸਿਹਤ ਸੰਭਾਲ ਪਸ਼ੂਆਂ ਦੀ ਸਿਹਤ, ਦੁੱਧ ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਸੁਧਾਰਨ ਲਈ ਜ਼ਰੂਰੀ ਹੈ। ਤਕਨੀਕੀ ਸੈਸ਼ਨਾਂ ਵਿੱਚ ਡਾ. ਜੀਵਨ ਗੁਪਤਾ ਨੇ ਲਾਗਤ ਪ੍ਰਬੰਧਨ, ਬਿਮਾਰੀਆਂ ਦੀ ਰੋਕਥਾਮ ਅਤੇ ਸਬ-ਕਲੀਨਿਕਲ ਅਨੀਮੀਆ, ਰੂਮਿਨਲ ਪੀਐਚ ਦੇ ਉਤਰਾਅ-ਚੜ੍ਹਾਅ ਤੇ ਫੀਡ-ਪਾਣੀ ਵਿੱਚ ਮਾਈਕੋਟੌਕਸਿਨ ਦੀ ਜਾਂਚ ਬਾਰੇ ਗੱਲ ਕੀਤੀ। ਉਨ੍ਹਾਂ ਸਮੇਂ-ਸਮੇਂ ’ਤੇ ਹੀਮੋਗਲੋਬਿਨ ਪ੍ਰੋਫਾਈਲਿੰਗ ਅਤੇ ਟਿੱਕ ਕੰਟਰੋਲ ਲਈ ਫਲੇਮ ਗਨ ਰਾਹੀਂ ਥਰਮਲ ਰੋਗਾਣੂ-ਮੁਕਤੀ ਦੀ ਸਿਫ਼ਾਰਸ਼ ਕੀਤੀ। ਡਾ. ਰਵਿੰਦਰ ਗਰੇਵਾਲ ਨੇ ਪੜਾਅ ਅਨੁਸਾਰ ਪੋਸ਼ਣ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਵੱਛਿਆਂ ਦੇ ਪਾਲਣ ਵਿੱਚ ਕਮੀਆਂ ਭਵਿੱਖ ਦੇ ਦੁੱਧ ਉਤਪਾਦਨ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਵੱਛੇ ਦੇ ਜਨਮ ਤੋਂ ਤਿੰਨ ਹਫ਼ਤੇ ਪਹਿਲਾਂ ਅਤੇ ਬਾਅਦ ਦੇ ਸਮੇਂ ਵਿੱਚ ਸਹੀ ਖੁਰਾਕ ਨਾਲ ਕੀਟੋਸਿਸ, ਫੈਟੀ ਲਿਵਰ ਸਿੰਡਰੋਮ ਅਤੇ ਹਾਈਪੋਕੈਲਸੀਮੀਆ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ। ਡਾ. ਕਰਨਬੀਰ ਸਿੰਘ ਭਿੰਡਰ ਨੇ ਸਮੇਂ ਸਿਰ ਜਣੇਪੇ ਤੋਂ ਬਾਅਦ ਜਾਂਚ ਅਤੇ ਪ੍ਰਜਨਣ ਸਬੰਧੀ ਸਮੱਸਿਆਵਾਂ ਦੀ ਸ਼ੁਰੂਆਤੀ ਪਛਾਣ ’ਤੇ ਜ਼ੋਰ ਦਿੱਤਾ। ਉਨ੍ਹਾਂ ਮੁਤਾਬਕ ਹਰ ਗਾਂ ਤੋਂ ਸਾਲ ਵਿੱਚ ਇੱਕ ਵੱਛਾ ਲੈਣ ਦੇ ਟੀਚੇ ਲਈ ਕੁਸ਼ਲ ਪ੍ਰਬੰਧਨ ਜ਼ਰੂਰੀ ਹੈ। ਡਾ. ਹਰਸ਼ਿਤ ਸੇਠੀ ਨੇ ਐੱਫਐੱਮਡੀ ਟੀਕਾਕਰਨ, ਸੇਰੋਮਾਨੀਟਰਿੰਗ, ਡੀਆਈਵੀਏ ਡਾਇਗਨੌਸਟਿਕਸ ਅਤੇ ਐੱਫਐੱਮਡੀ ਐੱਸਏਟੀ-1 ਸੇਰੋਟਾਈਪ ਬਾਰੇ ਚੌਕਸੀ ਦੀ ਲੋੜ ਦੱਸੀ। ਉਨ੍ਹਾਂ ਨੇ ਫਾਰਮਾਂ ’ਤੇ ਜੈਵਿਕ ਸੁਰੱਖਿਆ ਮਜ਼ਬੂਤ ਕਰਨ ਦੀ ਵੀ ਸਿਫ਼ਾਰਸ਼ ਕੀਤੀ।