ਗੁਰਦਰਸ਼ਨ ਸੈਣੀ ਓਬੀਸੀ ਮੋਰਚੇ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ ਗੁਰਦਰਸ਼ਨ ਸੈਣੀ ਓਬੀਸੀ ਮੋਰਚੇ ਦੇ ਸੂਬਾ ਮੀਤ ਪ੍ਰਧਾਨ ਨਿਯੁਕਤ
Publish Date: Sun, 04 Oct 2026 06:39 PM (IST)
Updated Date: Sun, 04 Oct 2026 06:41 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪੰਜਾਬ ਵਿਚ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਓਬੀਸੀ ਮੋਰਚਾ ਪੰਜਾਬ ਦੇ ਨਵੇਂ ਅਹੁਦੇਦਾਰਾਂ ਦਾ ਵੱਡਾ ਐਲਾਨ ਕੀਤਾ ਗਿਆ ਹੈ। ਇਸ ਨਵੀਂ ਸੂਚੀ ਵਿਚ ਹਲਕਾ ਡੇਰਾਬੱਸੀ ਦੇ ਸੀਨੀਅਰ ਆਗੂ ਅਤੇ ਪ੍ਰਮੁੱਖ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੂੰ ਪੰਜਾਬ ਓਬੀਸੀ ਮੋਰਚੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਭਾਜਪਾ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਦੇ ਆਪਸੀ ਤਾਲਮੇਲ ਅਤੇ ਸਹਿਮਤੀ ਨਾਲ ਅੰਤਿਮ ਰੂਪ ਦਿੱਤਾ ਗਿਆ। ਓਬੀਸੀ ਮੋਰਚੇ ਦੇ ਅਹੁਦੇਦਾਰਾਂ ਦੀ ਇਸ ਚੋਣ ਅਤੇ ਸੰਗਠਨ ਦੇ ਵਿਸਥਾਰ ਵਿਚ ਪੰਜਾਬ ਭਾਜਪਾ ਦੀ ਕੋਰ ਟੀਮ ਨੇ ਅਹਿਮ ਭੂਮਿਕਾ ਨਿਭਾਈ। ਇਸ ਟੀਮ ’ਚ ਮੰਥਰੀ ਸ੍ਰੀਨਿਵਾਸੁਲੂ (ਸੂਬਾ ਜਨਰਲ ਸਕੱਤਰ ਸੰਗਠਨ), ਸਤੀਸ਼ ਪੂਨੀਆ (ਪ੍ਰਭਾਰੀ ਪੰਜਾਬ), ਕੇਵਲ ਸਿੰਘ ਢਿੱਲੋਂ (ਸੂਬਾ ਪ੍ਰਧਾਨ ਭਾਜਪਾ ਪੰਜਾਬ) ਅਤੇ ਸ਼ਿਵਰਾਜ ਚੌਧਰੀ ਸ਼ਾਮਲ ਹਨ। ਗੁਰਦਰਸ਼ਨ ਸਿੰਘ ਸੈਣੀ ਦੀ ਇਸ ਨਿਯੁਕਤੀ ਨਾਲ ਡੇਰਾਬੱਸੀ ਹਲਕੇ ਸਮੇਤ ਪੂਰੇ ਪੰਜਾਬ ਦੇ ਭਾਜਪਾ ਵਰਕਰਾਂ ਵਿਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਹੈ। ਸੈਣੀ ਪਿਛਲੇ ਲੰਮੇ ਸਮੇਂ ਤੋਂ ਇਲਾਕੇ ’ਚ ਲੋਕਾਂ ਦੀ ਸੇਵਾ ਅਤੇ ਸਮਾਜਿਕ ਕਾਰਜਾਂ ਵਿਚ ਨਿਰੰਤਰ ਸਰਗਰਮ ਰਹੇ ਹਨ। ਰਾਜਸੀ ਮਾਹਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪਣ ਨਾਲ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਨੂੰ ਪੰਜਾਬ ਅੰਦਰ ਪੱਛੜੀਆਂ ਸ਼੍ਰੇਣੀਆਂ ਦੇ ਵੋਟ ਬੈਂਕ ਨੂੰ ਲਾਮਬੰਦ ਕਰਨ ’ਚ ਵੱਡੀ ਸਫ਼ਲਤਾ ਮਿਲੇਗੀ। ਆਪਣੀ ਨਿਯੁਕਤੀ ਤੇ ਗੁਰਦਰਸ਼ਨ ਸਿੰਘ ਸੈਣੀ ਨੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਪਾਰਟੀ ਵੱਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਓਬੀਸੀ ਭਾਈਚਾਰੇ ਨੂੰ ਮਾਣ-ਸਤਿਕਾਰ ਬਖ਼ਸ਼ਣ ਲਈ ਸਮੇ-ਸਮੇ ਤੇ ਯਤਨ ਕੀਤੇ ਹਨ।