ਘੋਰ ਲਾਪਰਵਾਹੀ : ਮੁਹਾਲੀ ਦਾ ਪੋਸ਼ ਏਰੀਆ ਸੈਕਟਰ-70 ਬਣਿਆ ਨਰਕ ਘੋਰ ਲਾਪਰਵਾਹੀ : ਮੁਹਾਲੀ ਦਾ ਪੋਸ਼ ਏਰੀਆ ਸੈਕਟਰ-70 ਬਣਿਆ ਨਰਕ,
Publish Date: Sun, 19 Jul 2026 06:39 PM (IST)
Updated Date: Mon, 20 Jul 2026 04:07 AM (IST)
ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਹਫ਼ਤਾਵਾਰੀ ਸਬਜ਼ੀ ਮੰਡੀ ਵਾਲੀ ਜਗ੍ਹਾ ’ਤੇ ਗੰਦਗੀ ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ, ਪ੍ਰਸ਼ਾਸਨ ਬੇਖ਼ਬਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦਾ ਸਭ ਤੋਂ ਵੀਆਈਪੀ ਅਤੇ ਪੋਸ਼ ਇਲਾਕਾ ਮੰਨਿਆ ਜਾਣ ਵਾਲਾ ਸੈਕਟਰ-70 (ਨੇੜੇ ਮਟੌਰ) ਮੌਜੂਦਾ ਸਮੇਂ ਵਿਚ ਮੁਹਾਲੀ ਪ੍ਰਸ਼ਾਸਨ ਦੀ ਘੋਰ ਲਾਪਰਵਾਹੀ ਕਾਰਨ ਨਰਕ ਵਰਗੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਹਰ ਸੋਮਵਾਰ ਨੂੰ ਲੱਗਣ ਵਾਲੀ ਹਫ਼ਤਾਵਾਰੀ ਸਬਜ਼ੀ ਮੰਡੀ ਵਾਲੀ ਜਗ੍ਹਾ ਕੂੜੇ ਦੇ ਡੰਪ ਵਿਚ ਤਬਦੀਲ ਹੋ ਚੁੱਕੀ ਹੈ। ਲੋਕਾਂ ਮੁਤਾਬਕ ਇੱਥੇ ਚਾਰੋਂ ਤਰਫ਼ ਪਸ਼ੂਆਂ ਦਾ ਗੋਹਾ, ਗੰਦਗੀ ਦੇ ਢੇਰ ਅਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਇਸ ਦੇ ਨੇੜਿਓਂ ਲੰਘਣ ਵਾਲੇ ਰਾਹਗੀਰਾਂ ਅਤੇ ਵਸਨੀਕਾਂ ਨੂੰ ਬਦਬੂ ਕਾਰਨ ਮੂੰਹ ਲਪੇਟ ਕੇ ਲੰਘਣਾ ਪੈਂਦਾ ਹੈ। ਇੱਥੇ ਲੱਗਦੀ ਸਬਜ਼ੀ ਮੰਡੀ ’ਚੋਂ ਸ਼ਹਿਰ ਵਾਸੀ ਤਾਜ਼ੀ ਸਬਜ਼ੀਆਂ ਦੇ ਨਾਲ-ਨਾਲ ਬਿਮਾਰੀਆਂ ਵੀ ਘਰ ਲੈ ਕੇ ਜਾਂਦੇ ਹਨ। ਸਥਾਨਕ ਲੋਕਾਂ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਬਰਸਾਤ ਦਾ ਮੌਸਮ ਸਿਰ ਹੈ। ਜੇਕਰ ਸਮਾਂ ਰਹਿੰਦੇ ਇਸ ਜਗ੍ਹਾ ਦੀ ਸਫ਼ਾਈ ਨਾ ਕਰਵਾਈ ਗਈ ਤਾਂ ਮੀਂਹ ਦੇ ਪਾਣੀ ਨਾਲ ਇਹ ਗੰਦਗੀ ਹੋਰ ਸੜੇਗੀ, ਜਿਸ ਨਾਲ ਇੱਥੇ ਨਰਕ ਵਰਗੀ ਸਥਿਤੀ ਬਣ ਸਕਦੀ ਹੈ ਅਤੇ ਡੇਂਗੂ, ਮਲੇਰੀਆ ਜਾਂ ਕੋਈ ਹੋਰ ਭਿਆਨਕ ਮਹਾਂਮਾਰੀ ਫ਼ੈਲਣ ਦਾ ਖ਼ਤਰਾ ਕਈ ਗੁਣਾ ਵੱਧ ਜਾਵੇਗਾ। ਸੈਕਟਰ-70 ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇੱਥੇ ਮਟੌਰ ਪਿੰਡ ਦੇ ਲੋਕ ਗੋਹਾ, ਕੂੜਾ ਸੁੱਟਦੇ ਹਨ। ਕੋਟਸ=== ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਇਕ ਪਾਸੇ ਗੋਹੇ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਉੱਥੇ ਹੀ ਰੋਜ਼ਾਨਾ ਸ਼ਾਮ ਵੇਲੇ ਇਸੇ ਗੰਦਗੀ ਭਰੇ ਮਾਹੌਲ ਵਿਚ ਫਾਸਟ ਫੂਡ ਅਤੇ ਜੰਕ ਫੂਡ ਦੀਆਂ ਰੇਹੜੀਆਂ (ਸਟਾਲ) ਸੱਜਦੀਆਂ ਹਨ। ਲੋਕ ਬਿਨਾਂ ਕਿਸੇ ਪ੍ਰਹੇਜ਼ ਦੇ ਇਸ ਬਦਬੂਦਾਰ ਅਤੇ ਮੱਖੀਆਂ-ਮੱਛਰਾਂ ਨਾਲ ਭਰੇ ਮਾਹੌਲ ਵਿਚ ਬੜੇ ਚਾਅ ਨਾਲ ਜੰਕ ਫੂਡ ਖਾ ਰਹੇ ਹਨ, ਜੋ ਸਿੱਧੇ ਤੌਰ ਤੇ ਗੰਭੀਰ ਬਿਮਾਰੀਆਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਅਨੇਕਾਂ ਵਾਰ ਮੁਹਾਲੀ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਗੁਹਾਰ ਲਗਾਈ ਜਾ ਚੁੱਕੀ ਹੈ ਲੇਕਿਨ ਹੁਣ ਤੱਕ ਸਮੱਸਿਆ ਜਿਊਂ ਦੀ ਤਿਊਂ ਬਰਕਰਾਰ ਹੈ। ਹਰਵਿੰਦਰ ਪਾਲ ਸਿੰਘ, ਸ਼ਹਿਰ ਵਾਸੀ। ------ ਕੋਟਸ=== ਇਸ ਗੰਭੀਰ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਨਗਰ ਨਿਗਮ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਾਰ-ਵਾਰ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਇੱਥੇ ਨੇੜੇ ਹੀ ਨਾਮੀ ਪ੍ਰਾਈਵੇਟ ਸਕੂਲ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਬੱਚੇ ਪੜ੍ਹਨ ਆਉਂਦੇ ਹਨ। ਕਾਫ਼ੀ ਸਮੇਂ ਤੋਂ ਇਹ ਖੇਤਰ ਅਣਦੇਖੀ ਦਾ ਸ਼ਿਕਾਰ ਹੈ। ਜਿਸ ਦਾ ਖ਼ਮਿਆਜ਼ਾ ਲੋਕ ਭੁਗਤ ਰਹੇ ਹਨ, ਜੇਕਰ ਵੀਆਈਪੀ ਸ਼ਹਿਰ ਦਾ ਇਹ ਹਾਲ ਹੈ ਤਾਂ ਬਾਕੀ ਖੇਤਰਾਂ ਅਤੇ ਪਿੰਡਾਂ ਦੇ ਕੀ ਹਾਲਾਤ ਹੋਣਗੇ, ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਗੁਰਦੇਵ ਸਿੰਘ ਚੌਹਾਨ, ਕਾਂਗਰਸੀ ਆਗੂ। --- ਕੋਟਸ=== ਸ਼ਹਿਰ ਵਾਸੀ ਸ਼ੁਰੂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਸਬਜ਼ੀ ਮੰਡੀ ਦੀ ਰਹਿੰਦ-ਖੂੰਹਦ ਵੀ ਇੱਥੇ ਹੀ ਸੁੱਟੀ ਜਾ ਰਹੀ ਹੈ। ਅਸੀਂ ਨਗਰ ਨਿਗਮ ਅਤੇ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਇਸ ਪੂਰੇ ਖੇਤਰ ਸਫ਼ਾਈ ਕਰਵਾਈ ਜਾਵੇ, ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਇੱਥੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸੈਕਟਰ-70 (ਮਟੌਰ) ਦੇ ਵਸਨੀਕ ਅਤੇ ਦੁਕਾਨਦਾਰ ਇਕ ਸਾਫ਼-ਸੁਥਰਾ ਅਤੇ ਸਿਹਤਮੰਦ ਜੀਵਨ ਜੀ ਸਕਣ। ਜੇਕਰ ਪ੍ਰਸ਼ਾਸਨ ਨੇ ਇਸ ਵੱਲ ਫੌਰੀ ਧਿਆਨ ਨਹੀਂ ਦਿੱਤਾ ਤਾਂ ਇੱਥੇ ਮਹਾਂਮਾਰੀ ਫੈਲ ਸਕਦੀ ਹੈ। ਐਡਵੋਕੇਟ ਮਹਾਂਦੇਵ ਸਿੰਘ, ਮੁਹਾਲੀ। --- ਕੋਟਸ=== ਸੈਕਟਰ-70 ਅਤੇ ਮਟੌਰ ਦੇ ਵਿਚਕਾਰ ਇਹ ਜਗ੍ਹਾ ਡੰਪਿੰਗ ਗਰਾਊਂਡ ਵਿਚ ਤਬਦੀਲ ਹੋ ਗਈ ਹੈ ਅਤੇ ਆਸਪਾਸ ਦੇ ਘਰਾਂ ਵਿਚ ਰਹਿਣ ਵਾਲੇ ਲੋਕ ਅਤੇ ਦੁਕਾਨਦਾਰ ਅਤੇ ਖ਼ਰੀਦਦਾਰੀ ਕਰਨ ਆਉਂਦੇ ਵਿਅਕਤੀ ਕਾਫ਼ੀ ਔਖੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਸਫ਼ਾਈ ਦਾ ਬੁਰਾ ਹਾਲ ਹੈ। ਮੌਜੂਦਾ ਹਾਲਾਤਾਂ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ, ਜਿਵੇਂ ਉਹ ਪਛੜੇ ਹੋਏ ਇਲਾਕੇ ਵਿਚ ਰਹਿ ਰਹੇ ਹੋਣ। ਪ੍ਰਸ਼ਾਸਨ ਕਦੋਂ ਧਿਆਨ ਦੇਵੇਗਾ ਅਤੇ ਕਦੋਂ ਲੋਕਾਂ ਨੂੰ ਰਾਹਤ ਮਿਲੇਗੀ, ਕੁੱਝ ਕਿਹਾ ਨਹੀਂ ਜਾ ਸਕਦਾ। ਪ੍ਰਮੋਦ ਮਿੱਤਰਾ, ਸਾਬਕਾ ਕੌਂਸਲਰ।