ਅੰਤਰ-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 2026 ਦੀ ਸ਼ਾਨਦਾਰ ਸ਼ੁਰੂਆਤ ਅੰਤਰ-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 2026 ਦੀ ਸ਼ਾਨਦਾਰ ਸ਼ੁਰੂਆਤ
Publish Date: Wed, 11 Nov 2026 06:54 PM (IST)
Updated Date: Wed, 11 Nov 2026 06:57 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਅੰਤਰ-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 2026 ਤਹਿਤ ਹਾਕੀ 6-ਏ-ਸਾਈਡ (ਮੁੰਡੇ/ਕੁੜੀਆਂ) ਅਤੇ ਤੈਰਾਕੀ (ਮੁੰਡੇ/ਕੁੜੀਆਂ) ਦੇ ਮੁਕਾਬਲਿਆਂ ਦੀ ਸ਼ੁਰੂਆਤ ਬੁੱਧਵਾਰ ਨੂੰ ਹਾਕੀ ਸਟੇਡੀਅਮ, ਸੈਕਟਰ-63, ਮੁਹਾਲੀ ਵਿਖੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਹੋਈ। ਇਨ੍ਹਾਂ ਖੇਡਾਂ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੀਆਂ ਵੱਖ-ਵੱਖ ਟੀਮਾਂ ਹਿੱਸਾ ਲੈ ਰਹੀਆਂ ਹਨ। ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਨੰਨ੍ਹੇ ਖਿਡਾਰੀ ਹਾਕੀ ਅਤੇ ਤੈਰਾਕੀ ਦੇ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ, ਮਿਹਨਤ ਅਤੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ। ਖੇਡ ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਅਤੇ ਗੁਬਾਰੇ ਅਸਮਾਨ ਵਿੱਚ ਛੱਡਣ ਦੀ ਰਸਮ ਨਾਲ ਕੀਤੀ ਗਈ। ਇਸ ਉਪਰੰਤ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਖਿਡਾਰੀਆਂ ਨਾਲ ਜਾਣ-ਪਛਾਣ ਕਰਵਾਈ ਗਈ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਦੇ ਕਨਵੀਨਰ ਬਲਜੀਤ ਸਿੰਘ ਸਨੇਟਾ ਨੇ ਖੇਡਾਂ ਦੀ ਸ਼ੁਰੂਆਤ ਕਰਵਾਉਂਦਿਆਂ ਖਿਡਾਰੀਆਂ ਨੂੰ ਪੂਰੀ ਖੇਡ ਭਾਵਨਾ, ਅਨੁਸ਼ਾਸਨ ਅਤੇ ਮਿਹਨਤ ਨਾਲ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪਹਿਲੇ ਰਾਊਂਡ ਦੇ ਮੁਕਾਬਲੇ ਜਾਰੀ ਰਹੇ, ਜਦਕਿ ਭਲਕੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਖਿਡਾਰੀਆਂ ਦੀ ਰਿਹਾਇਸ਼ ਲਈ ਗੁਰਦੁਆਰਾ ਅੰਬ ਸਾਹਿਬ, ਫੇਜ਼-8, ਮੁਹਾਲੀ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਖਾਣੇ ਦਾ ਪ੍ਰਬੰਧ ਹਾਕੀ ਸਟੇਡੀਅਮ ਫੇਸ 9 ਸੈਕਟਰ 63, ਮੁਹਾਲੀ ਵਿਖੇ ਕੀਤਾ ਗਿਆ ਹੈ। ਜ਼ਿਲ੍ਹਾ ਖੇਡ ਕਮੇਟੀ ਦੀਆਂ ਵੱਖ-ਵੱਖ ਟੀਮਾਂ ਦੇ ਸਾਂਝੇ ਯਤਨਾਂ ਸਦਕਾ ਖਿਡਾਰੀਆਂ ਅਤੇ ਉਨ੍ਹਾਂ ਦੇ ਨਾਲ ਆਏ ਅਧਿਆਪਕਾਂ ਤੇ ਕੋਚਾਂ ਦੇ ਸਵਾਗਤ, ਰਿਹਾਇਸ਼, ਖਾਣ-ਪੀਣ ਅਤੇ ਖੇਡ ਮੈਦਾਨਾਂ ਦੇ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੇ ਗਏ ਹਨ। ਇਨ੍ਹਾਂ ਪ੍ਰਬੰਧਾਂ ਨੂੰ ਸਫ਼ਲ ਬਣਾਉਣ ’ਚ ਜਸਜੀਤ ਸਿੰਘ ਜਨਰਲ ਸਕੱਤਰ ਡਿਪਟੀ ਡਾਇਰੈਕਟਰ ਸਪੋਰਟਸ, ਡਾ. ਇੰਦੂ ਬਾਲਾ ਜ਼ਿਲ੍ਹਾ ਖੇਡ ਕੋਆਰਡੀਨੇਟਰ ਮੁਹਾਲੀ ਬੀਪੀਈਓ ਕਮਲਜੀਤ ਸਿੰਘ, ਜਸਵੀਰ ਕੌਰ, ਸਹਾਇਕ ਖੇਡ ਕਨਵੀਨਰ ਜਗਦੀਪ ਸਿੰਘ ਕਲੋਲੀ, ਖੇਡ ਡੀਲਿੰਗ ਅਸਿਸਟੈਂਟ ਮਿਸ ਪ੍ਰੀਤੀ ਤੋਂ ਇਲਾਵਾ ਅਵਰਿੰਦਰ ਸਿੰਘ ਪਿੰਕੀ, ਦਵਿੰਦਰ ਸਿੰਘ, ਲਖਵੀਰ ਸਿੰਘ ਲੱਕੀ, ਗੁਲਜੀਤ ਸਿੰਘ ਗੜਾਂਗਾ, ਬਲਬੀਰ ਸਿੰਘ ਝੰਜੇੜੀ, ਸੰਦੀਪ ਸਿੰਘ ਸਿੱਧੂ, ਜਗਦੇਵ ਸਿੰਘ ਰਡਿਆਲਾ, ਗੁਰਪ੍ਰੀਤ ਪਾਲ ਸਿੰਘ, ਰਾਜਿੰਦਰ ਸਿੰਘ ਦੇਸੂ ਮਾਜਰਾ, ਵਿਪਿਨ ਕੁਮਾਰ ਝਿੰਗਰਾਂ, ਵੇਦ ਪ੍ਰਕਾਸ਼ ਪਡਿਆਲਾ, ਰਵਿੰਦਰ ਸਿੰਘ ਪੱਪੀ ਸਿੱਧੂ, ਤਜਿੰਦਰ ਸਿੰਘ ਸਿਆਊ (ਦੋਵੇਂ ਸਟੇਜ ਸਕੱਤਰ), ਦੇਵ ਕਰਨ ਸਿੰਘ, ਰੇਖਾ ਖੰਨਾ, ਅਰਵਿੰਦਰ ਕੌਰ, ਆਸ਼ਿਮਾ ਅਤੇ ਮਨਜੋਤ ਸਿੰਘ ਕਲੇਰ ਸਮੇਤ ਡਿਊਟੀ ’ਤੇ ਤਾਇਨਾਤ ਹੋਰ ਅਧਿਆਪਕਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਖਿਡਾਰੀ, ਉਨ੍ਹਾਂ ਦੇ ਨਾਲ ਪਹੁੰਚੇ ਅਧਿਆਪਕ ਅਤੇ ਕੋਚ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।